ਅੰਮ੍ਰਿਤਸਰ, (ਵਡ਼ੈਚ)- ਸਰਕਾਰ ਵੱਲੋਂ ਸ੍ਰੀ ਦੁਰਗਿਆਣਾ ਮੰਦਰ ਨੂੰ ਜਾਂਦੇ ਰਸਤਿਅਾਂ, ਚੌਕਾਂ ਤੇ ਆਲੇ-ਦੁਆਲੇ ਨੂੰ ਹੈਰੀਟੇਜ ਸਟਰੀਟ ਵਾਕ ਦੀ ਯੋਜਨਾ ਤਹਿਤ ਛੇਤੀ ਕੰਮ ਸ਼ੁਰੂ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਿਸ ਲਈ ਬਲਿਊ ਪ੍ਰਿੰਟ ਵੀ ਤਿਆਰ ਕਰ ਕੇ ਨਿਗਮ ਹਾਊਸ ਵਿਚ ਦਿਖਾਇਆ ਗਿਆ ਪਰ ਪਹਿਲਾਂ ਤੋਂ ਹੀ ਦੁਰਗਿਆਣਾ ਮੰਦਰ ਦੇ ਆਲੇ-ਦੁਆਲੇ ਦੀ ਖੂਬਸੂਰਤੀ ਨੂੰ ਲੈ ਕੇ ਉਜਾਡ਼ੇ ਗਏ ਦੁਕਾਨਦਾਰ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ।
ਇੰਪਰੂਵਮੈਂਟ ਟਰੱਸਟ ਵੱਲੋਂ ਤਿਆਰ ਬਾਲਾ ਜੀ ਕੰਪਲੈਕਸ ’ਚ ਦੁਕਾਨਦਾਰ ਅਨੇਕਾਂ ਮੁਸ਼ਕਿਲਾਂ ਦਾ ਸ਼ਿਕਾਰ ਹੋ ਰਹੇ ਹਨ, ਜੋ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਸਮੇਤ ਉੱਚ ਅਧਿਕਾਰੀਆਂ ਨੂੰ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਮੁਤਾਬਕ ਫਿਲਹਾਲ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਨੂੰ ਲੈ ਕੇ ਸੋਸਾਇਟੀ ਮੈਂਬਰਾਂ ਨੇ ਸਰਕਾਰ ਤੇ ਟਰੱਸਟ ਖਿਲਾਫ ਰੋਸ ਜ਼ਾਹਿਰ ਵੀ ਕੀਤਾ।
ਮੁਸ਼ਕਿਲਾਂ ਦੀ ਭਰਮਾਰ ਅੱਗੇ ਬੇਵੱਸ ਲੋਕ : ਸ੍ਰੀ ਬਾਲਾ ਜੀ ਕੰਪਲੈਕਸ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੰਜੀਵ ਤ੍ਰਿਵੇਦੀ, ਜਨਰਲ ਸਕੱਤਰ ਕਮਲ ਕੁਮਾਰ ਬਬਲਾ, ਮਦਨ ਲਾਲ, ਸੁਨੀਲ ਕੁਮਾਰ, ਮੋਹਨ ਲਾਲ, ਬਾਊ ਦਿਆਲ ਸ਼ਰਮਾ, ਰਜੀਵ ਕੁਮਾਰ, ਸੰਦੀਪ ਭੰਡਾਰੀ, ਰਕੇਸ਼ ਕੁਮਾਰ, ਸਲਿਲ ਬਿੱਲਾ, ਸੰਜੇ ਬਾਵਾ, ਵਿਸ਼ਾਲ ਤੇ ਨਰਿੰਦਰ ਸ਼ਰਮਾ ਨੇ ਮੁਸ਼ਕਿਲਾਂ ਦੀ ਸੁਣਵਾਈ ਨਾ ਹੋਣ ਖਿਲਾਫ ਰੋਸ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀਆਂ ਦੁਕਾਨਾਂ ’ਚੋਂ ਉਜਾਡ਼ਨ ਦੇ ਕਰੀਬ 18 ਮਹੀਨਿਆਂ ਬਾਅਦ ਫਰਵਰੀ 2014 ਨੂੰ ਡਰਾਅ ’ਤੇ ਦੁਕਾਨਾਂ ਦਿੱਤੀਅਾਂ ਗਈਅਾਂ ਪਰ ਬਾਇਲਾਜ ਤਿਆਰ ਕੰਪਲੈਕਸ ਵਿਚ ਅਨੇਕਾਂ ਕਮੀਅਾਂ ਦੀ ਭਰਮਾਰ ਕਾਰਨ ਦੁਕਾਨਦਾਰ ਤੇ ਪਰਿਵਾਰਕ ਮੈਂਬਰ ਭੁੱਖੇ ਰਹਿਣ ਲਈ ਮਜਬੂਰ ਹਨ। ਕੁਲ 59 ਦੁਕਾਨਾਂ ’ਚੋਂ ਸਿਰਫ 20 ਤੋਂ 22 ਦੁਕਾਨਦਾਰ ਦੁਕਾਨਾਂ ਖੋਲ੍ਹ ਰਹੇ ਹਨ।
ਹਨੇਰੇ ’ਚ ਡੁੱਬ ਜਾਂਦਾ ਹੈ ਕੰਪਲੈਕਸ : ਕੰਪਲੈਕਸ ਦੀ ਬੇਸਮੈਂਟ ਦੀਆਂ 29 ਦੁਕਾਨਾਂ, ਪਹਿਲੀ ਮੰਜ਼ਿਲ ’ਤੇ 26, ਤੀਸਰੀ ਅਤੇ ਚੌਥੀ ਮੰਜ਼ਿਲ ’ਤੇ 2-2 ਦੁਕਾਨਾਂ ਹਨ। ਲਾਈਟ ਦਾ ਕੱਟ ਲੱਗਣ ਨਾਲ ਬੇਸਮੈਂਟ ਦੀਆਂ ਦੁਕਾਨਾਂ ਹਨੇਰੇ ’ਚ ਡੁੱਬ ਜਾਂਦੀਅਾਂ ਹਨ। ਇਥੇ ਰੌਸ਼ਨੀ ਤੇ ਹਵਾ ਦਾ ਖਾਸ ਪ੍ਰਬੰਧ ਨਹੀਂ ਹੈ। ਮੋਬਾਇਲ ਦੀਆਂ ਲਾਈਟਾਂ ਦੇ ਸਹਾਰੇ ਦੁਕਾਨਦਾਰ ਗਰਮੀ ਵਿਚ ਦੁਕਾਨਾਂ ’ਚ ਬੈਠਣ ਲਈ ਮਜਬੂਰ ਹਨ। 20 ਤੋਂ 40 ਸਾਲ ਪੁਰਾਣੇ ਬੈਠੇ ਦੁਕਾਨਦਾਰਾਂ ਨੂੰ ਉਜਾਡ਼ ਕੇ 60 ਹਜ਼ਾਰ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਦੁਕਾਨਾਂ ਦਿੱਤੀਅਾਂ ਗਈਅਾਂ, ਜਿਸ ਦਾ 30 ਫੀਸਦੀ ਅੈਡਵਾਂਸ ਲਿਆ ਗਿਆ ਹੈ।
ਹਫਤਾ-ਹਫਤਾ ਨਹੀਂ ਹੁੰਦੀ ਬੋਹਣੀ : ਮੇਨ ਦੀਆਂ ਕੁਝ ਦੁਕਾਨਾਂ ਛੱਡ ਕੇ ਅੰਦਰ ਦੀਅਾਂ ਦੁਕਾਨਾਂ ਵਿਚ ਗਾਹਕ ਜਾਣ ਤੋਂ ਕਤਰਾਉਂਦੇ ਹਨ, ਜਿਸ ਕਰ ਕੇ ਹਫਤਾ-ਹਫਤਾ ਬੋਹਣੀ ਵੀ ਨਹੀਂ ਹੁੰਦੀ। ਦੁਕਾਨਦਾਰਾਂ ਸਾਰਾ-ਸਾਰਾ ਦਿਨ ਵਿਹਲੇ ਬੈਠ ਕੇ ਘਰਾਂ ਨੂੰ ਚਲੇ ਜਾਂਦੇ ਹਨ। ਬਰਸਾਤ ਦੌਰਾਨ ਬੇਸਮੈਂਟ ਪਾਣੀ ਨਾਲ ਭਰ ਜਾਂਦੀ ਹੈ ਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਦੁਕਾਨਦਾਰ ਸਫਾਈ ਲਈ ਆਪਣੀਆਂ ਦੁਕਾਨਾਂ ਦੀ ਧੁਆਈ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਦੁਕਾਨਾਂ ਅੱਗੋਂ ਦੋਪਹੀਆ ਵਾਹਨਾਂ ਦਾ ਬੰਦ ਦਾਖਲਾ ਸ਼ੁਰੂ ਕਰਵਾਇਆ ਜਾਵੇ।
ਬਦਬੂ ਨਾਲ ਭਰੇ ਟਾਇਲਟ : ਕੰਪਲੈਕਸ ਵਿਚ ਬਣੇ ਟਾਇਲਟ ’ਚ ਇੰਨੀ ਬਦਬੂ ਹੈ ਕਿ ਉਥੇ ਜਾਣਾ ਤਾਂ ਦੂਰ ਦੀ ਗੱਲ, ਆਸ-ਪਾਸ ਦੇ ਦੁਕਾਨਦਾਰਾਂ ਦਾ ਪਲ-ਪਲ ਬਤੀਤ ਕਰਨਾ ਵੀ ਮੁਸ਼ਕਿਲ ਹੈ। ਗੰਦਗੀ ਦੀ ਭਰਮਾਰ ਹੈ। ਕੰਪਲੈਕਸ ਵਿਚ ਬਣੇ ਹਾਲ ’ਚ ਕੁੱਤੇ, ਬਿੱਲੀਆਂ ਦੇ ਮਲ-ਮੂਤਰ ਕਾਰਨ ਚਾਰੇ ਪਾਸੇ ਗੰਦ ਹੀ ਗੰਦ ਨਜ਼ਰ ਆ ਰਿਹਾ ਹੈ। ਵਰਾਡਿਆਂ ਵਿਚ ਲਾਈਟਾਂ ਦਾ ਪ੍ਰਬੰਧ ਨਹੀਂ ਹੈ। ਦੁਕਾਨਦਾਰ ਬਾਹਰ ਟਾਇਲਟ ਜਾਣ ਲਈ ਮਜਬੂਰ ਹਨ, ਜਿਸ ਲਈ ਉਨ੍ਹਾਂ ਨੂੰ ਇਕ-ਦੂਸਰੇ ਦੇ ਆਸਰੇ ਦੁਕਾਨਾਂ ਛੱਡ ਕੇ ਜਾਣਾ ਪੈਂਦਾ ਹੈ।
ਪੀਣ ਲਈ ਪਾਣੀ ਨਹੀਂ ਨਸੀਬ : ਕੰਪਲੈਕਸ ਵਿਚ ਪੀਣ ਵਾਲੇ ਪਾਣੀ ਦੀ ਕੋਈ ਵਿਵਸਥਾ ਨਹੀਂ ਹੈ। ਦੁਕਾਨਦਾਰ ਸ਼ਿਵ ਮੰਦਰ ਦੀ ਟੂਟੀ ’ਚੋਂ ਪਾਣੀ ਲਿਆ ਕੇ ਸਮਾਂ ਪਾਸ ਕਰ ਰਹੇ ਹਨ, ਜਦਕਿ ਕੰਪਲੈਕਸ ਦੀ ਛੱਤ ’ਤੇ ਰਖਵਾਈਆਂ ਹਜ਼ਾਰਾਂ ਲਿਟਰ ਦੀਆਂ 3 ਪਾਣੀ ਦੀਆਂ ਟੈਂਕੀਆਂ ਟੁੱਟ ਚੁੱਕੀਅਾਂ ਹਨ ਤੇ ਪਾਈਪਾਂ ਨੂੰ ਜੰਗਾਲ ਲੱਗ ਰਿਹਾ ਹੈ। ਕੰਪਲੈਕਸ ਵਿਚ ਲਿਫਟ ਲਾਈ ਗਈ ਪਰ ਚਾਲੂ ਨਹੀਂ ਹੈ।
ਰਜਿਸਟਰੀ ਦੀ ਕੀਤੀ ਮੰਗ ਤਾਂ ਮਿਲਿਆ ਜਵਾਬ : ਦੁਕਾਨਦਾਰ ਗੌਰਵ ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਦੁਕਾਨਾਂ ਦੀ ਰਜਿਸਟਰੀ ਕਰਵਾਉਣ ਦੀ ਮੰਗ ਕੀਤੀ ਸੀ ਪਰ ਲਿਖਤੀ ਜਵਾਬ ਮਿਲਿਆ ਕਿ ਕੰਪਲੈਕਸ ਦੀਆਂ ਦੁਕਾਨਾਂ 18 ਫਰਵਰੀ 2014 ਨੂੰ ਅਲਾਟ ਕੀਤੀਅਾਂ ਗਈਅਾਂ। ਡਰਾਅ ਦੀ ਪੁਸ਼ਟੀ ਕਰਨ ’ਤੇ ਮਤਾ ਨੰਬਰ 199 ਮਿਤੀ 4 ਜੁਲਾਈ 2014 ਨੂੰ ਟਰੱਸਟ ਦਫਤਰ ਵੱਲੋਂ ਸਰਕਾਰ ਦੀ ਪ੍ਰਵਾਨਗੀ ਲਈ ਪੱਤਰ ਭੇਜਿਆ ਗਿਆ। ਪ੍ਰਵਾਨਗੀ ਸਰਕਾਰ ਪਾਸੋਂ ਆਉਣ ਉਪਰੰਤ ਸਫਲ ਬਿਨੇਕਾਰਾਂ ਨੂੰ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ।
50 ਫੁੱਟ ਦੀ ਜਗ੍ਹਾ ਬਣਾ ਦਿੱਤਾ 20 ਫੁੱਟ ਦਾ ਰਸਤਾ : ਸੋਸਾਇਟੀ ਦੇ ਜਨਰਲ ਸਕੱਤਰ ਕਮਲ ਕੁਮਾਰ ਨੇ ਕਿਹਾ ਕਿ ਨਿਗਮ ਦੇ ਐੱਮ. ਟੀ. ਪੀ. ਵਿਭਾਗ ਵੱਲੋਂ ਬਾਇਲਾਜ ਬਣੀਅਾਂ ਸਰਕਾਰੀ ਇਮਾਰਤਾਂ ’ਤੇ ਕਾਰਵਾਈਆਂ ਕੀਤੀਅਾਂ ਜਾ ਰਹੀਅਾਂ ਹਨ ਪਰ ਸਰਕਾਰੀ ਵਿਭਾਗ ਵਾਲੇ ਬਾਇਲਾਜ ਕੰਪਲੈਕਸ ਤਿਆਰ ਕਰਨ ਵਾਲਿਅਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਦੁਰਗਿਆਣਾ ਮੰਦਰ ਵਿਚ ਨਰਾਤਿਆਂ, ਦੁਸਹਿਰੇ, ਛੱਠ ਪੂਜਾ ਸਮੇਤ ਧਾਰਮਿਕ ਪ੍ਰੋਗਰਾਮਾਂ ਦੌਰਾਨ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ ਪਰ ਕੰਪਲੈਕਸ ਅੱਗੇ 50 ਫੁੱਟ ਦੀ ਸਡ਼ਕ ਬਣਾਉਣ ਦੀ ਜਗ੍ਹਾ ਸਿਰਫ 20 ਫੁੱਟ ਰਸਤਾ ਬਣਾਇਆ ਗਿਆ ਹੈ। ਉਸ ਨੂੰ ਵੀ ਹੋਰ ਛੋਟਾ ਕੀਤਾ ਜਾ ਰਿਹਾ ਹੈ।
ਸਾਰੇ ਡਿਫਾਲਟਰ ਬੈਠੇ ਹਨ : ਸੇਖਡ਼ੀ
ਟਰੱਸਟ ਦੇ ਉੱਚ ਅਧਿਕਾਰੀ ਰਜੀਵ ਸੇਖਡ਼ੀ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਪੁੱਛਿਆ ਜਾਵੇ ਕਿ ਨਿਗਮ ਕੋਲ ਅਲਾਟਮੈਂਟ ਪੱਤਰ ਹਨ ਤੇ ਕਿਸ ਨੇ ਪੂਰੇ ਪੈਸੇ ਦੇ ਦਿੱਤੇ ਹਨ। ਇਥੇ ਸਾਰੇ ਡਿਫਾਲਟਰ ਹੀ ਬੈਠੇ ਹਨ। ਕੰਪਲੈਕਸ ਦੀਅਾਂ ਮੁਸ਼ਕਿਲਾਂ ਦੇ ਹੱਲ ਲਈ ਐਸੋਸੀਏਸ਼ਨ ਬਣਾਉਣ ਲਈ ਕਿਹਾ ਗਿਆ ਪਰ ਸਾਡੇ ਤੱਕ ਕੋਈ ਨਹੀਂ ਪਹੁੰਚਿਆ।
ਐਸੋਸੀਏਸ਼ਨ ਬਣਾਉਣ, ਟਰੱਸਟ ਪੈਸੇ ਦੇਣ ਨੂੰ ਤਿਆਰ : ਐਕਸੀਅਨ
ਟਰੱਸਟ ਦੇ ਐਕਸੀਅਨ ਬਰਜਿੰਦਰ ਮੋਹਨ ਨੇ ਕਿਹਾ ਕਿ ਕੰਪਲੈਕਸ ’ਚ ਕੋਈ ਮੁਸ਼ਕਿਲ ਨਹੀਂ ਹੈ। ਦੁਕਾਨਦਾਰਾਂ ਨੂੰ ਐਸੋਸੀਏਸ਼ਨ ਤਿਆਰ ਕਰਨ ਲਈ ਕਿਹਾ ਗਿਆ ਹੈ, ਟਰੱਸਟ ਪੈਸੇ ਦੇਣ ਨੂੰ ਤਿਆਰ ਹੈ, ਜੇਕਰ ਮੁਸ਼ਕਿਲਾਂ ਆਉਂਦੀਅਾਂ ਹਨ ਤਾਂ ਉਨ੍ਹਾਂ ਦੇ ਹੱਲ ਲਈ ਐਸੋਸੀਏਸ਼ਨ ਨੂੰ ਅੱਧੇ ਪੈਸੇ ਟਰੱਸਟ ਦੇਵੇਗਾ, ਜੇਕਰ ਫਿਰ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਦੁਕਾਨਦਾਰਾਂ ਨੂੰ ਮਿਲਿਆ ਜਾਵੇਗਾ।
ਹਨੀਮੂਨ ’ਤੇ ਪਤਨੀ ਦੀਆਂ ਖਿੱਚੀਆਂ ਅਸ਼ਲੀਲ ਤਸਵੀਰਾਂ, ਇਕ ਸਾਲ ਬਾਅਦ ਕੀਤੀਆਂ ਵਾਇਰਲ
NEXT STORY