ਚੰਡੀਗੜ੍ਹ (ਸਾਜਨ) : ਚੋਣ ਕਮਿਸ਼ਨ ਨੇ ਚੰਡੀਗੜ੍ਹ ਸੀਟ ਤੋਂ ਲੋਕ ਸਭਾ ਚੋਣਾਂ 'ਚ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਰਾਹੀਂ ਪਤਾ ਲਾਇਆ ਜਾ ਰਿਹਾ ਹੈ ਕਿ ਉਮੀਦਵਾਰ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਕਿਵੇਂ ਲੋਕਾਂ ਤਕ ਪਹੁੰਚ ਰਹੇ ਹਨ ਅਤੇ ਆਪਣੇ ਇਸ ਪ੍ਰਚਾਰ 'ਤੇ ਕਿੰਨਾ ਪੈਸਾ ਖਰਚ ਕਰ ਰਹੇ ਹਨ। ਚੋਣ ਕਮਿਸ਼ਨ ਦੀ ਮੀਡੀਆ ਮਾਨੀਟਰਿੰਗ ਕਮੇਟੀ ਸਾਰਾ ਦਿਨ ਇਸ ਕੰਮ 'ਚ ਰੁੱਝੀ ਰਹਿੰਦੀ ਹੈ। ਸੋਸ਼ਲ ਮੀਡੀਆ ਦਾ ਲੋਕਸਭਾ ਚੋਣਾਂ 'ਚ ਜ਼ਬਰਦਸਤ ਸਹਾਰਾ ਲਿਆ ਜਾ ਰਿਹਾ ਹੈ। ਇਸ ਨੂੰ ਲੋਕਾਂ ਤਕ ਪੁੱਜਣ ਦਾ ਨਾ ਸਿਰਫ਼ ਜ਼ਰੀਆ ਬਣਾਇਆ ਜਾ ਰਿਹਾ ਹੈ, ਸਗੋਂ ਵੱਖਰੇ ਪਲੇਟਫਾਰਮ ਰਾਹੀਂ ਆਪਣੀ ਪ੍ਰੋਜੈਕਸ਼ਨ ਕੀਤੀ ਜਾ ਰਹੀ ਹੈ ਅਤੇ ਆਪਣੀਆਂ ਨੀਤੀਆਂ ਨੂੰ ਦੱਸਿਆ ਜਾ ਰਿਹਾ ਹੈ। ਦੂਜੇ ਉਮੀਦਵਾਰਾਂ ਦੇ ਦਾਅਵਿਆਂ 'ਤੇ ਪਲਟਵਾਰ ਕੀਤਾ ਜਾ ਰਿਹਾ ਹੈ। ਕਈ ਅਜਿਹੇ ਵੀਡੀਓ ਵੀ ਵਾਇਰਲ ਕੀਤੇ ਜਾ ਰਹੇ ਹਨ, ਜੋ ਦੂਜੀ ਪਾਰਟੀ ਦੇ ਉਮੀਦਵਾਰਾਂ ਦਾ ਮਜ਼ਾਕ ਉਡਾ ਰਹੇ ਹਨ, ਹਾਲਾਂਕਿ ਇਨ੍ਹਾਂ ਨੂੰ ਆਪਣੇ ਅਕਾਊਂਟ ਤੋਂ ਉਮੀਦਵਾਰ ਜਾਰੀ ਨਹੀਂ ਕਰ ਰਿਹਾ ਸਗੋਂ ਸਿਆਸੀ ਪਾਰਟੀ ਦੀ ਮੀਡੀਆ ਟੀਮ ਜਾਂ ਪ੍ਰਚਾਰ ਰੂਮ ਇਸ ਤਰ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕਰ ਰਿਹਾ ਹੈ।
ਭੇਜਿਆ ਜਾ ਰਿਹੈ ਨੋਟਿਸ
ਚੋਣ ਕਮਿਸ਼ਨ ਵਲੋਂ ਬਣੀ ਮੀਡੀਆ ਮਾਨੀਟਰਿੰਗ ਕਮੇਟੀ ਇਨ੍ਹਾਂ ਸਾਰੇ ਅਕਾਊਂਟਸ ਨੂੰ ਖੰਗਾਲ ਰਹੀ ਹੈ। ਜਿਹੜੇ ਵੀ ਉਮੀਦਵਾਰ ਦੇ ਚੋਣ ਕਮਿਸ਼ਨ ਕੋਲ ਰਜਿਸਟਰਡ ਅਕਾਊਂਟ 'ਤੇ ਇਸ਼ਤਿਹਾਰ ਜਾਂ ਸਪਾਂਸਰਡ ਸਮੱਗਰੀ ਦਿਖਾਈ ਦਿੰਦੀ ਹੈ, ਉਸ ਨੂੰ ਨੋਟ ਕਰ ਕੇ ਉਮੀਦਵਾਰ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ। ਇਸ ਨੋਟਿਸ ਰਾਹੀਂ ਪੁੱਛਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ 'ਤੇ ਤੁਹਾਡੀ ਸਪਾਂਸਰਡ ਐਡ ਚੱਲ ਰਹੀ ਹੈ, ਉਸ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਜਾਵੇ ਕਿ ਇਸਦਾ ਕਿੰਨੇ ਸਮੇਂ ਦਾ ਪੈਕੇਜ ਲਿਆ ਗਿਆ ਹੈ। ਇਸ ਪੈਕੇਜ ਜਾਂ ਸਿੰਗਲ ਐਡ 'ਤੇ ਕਿੰਨੇ ਪੈਸੇ ਖਰਚ ਕੀਤੇ ਗਏ ਹਨ? ਅਸਲ 'ਚ ਮੀਡੀਆ ਮਾਨੀਟਰਿੰਗ ਕਮੇਟੀ ਕੋਲ ਅਜਿਹਾ ਕੋਈ ਜ਼ਰੀਆ ਨਹੀਂ, ਜਿਸ ਨਾਲ ਇਹ ਪਤਾ ਲਾਇਆ ਜਾ ਸਕੇ ਕਿ ਫੇਸਬੁੱਕ ਜਾਂ ਟਵਿਟਰ 'ਤੇ ਜੋ ਐਡ ਚੱਲ ਰਹੀ ਹੈ ਉਸ 'ਤੇ ਉਮੀਦਵਾਰ ਨੇ ਕਿੰਨਾ ਪੈਸਾ ਖਰਚ ਕੀਤਾ ਹੈ? ਉਮੀਦਵਾਰ ਨੂੰ ਨੋਟਿਸ ਭੇਜ ਕੇ ਹੀ ਇਸ ਸਬੰਧੀ ਪਤਾ ਲਾਇਆ ਜਾ ਰਿਹਾ ਹੈ।
ਰੋਜ਼ਾਨਾ ਬਣਾਈ ਜਾਂਦੀ ਹੈ ਰਿਪੋਰਟ
ਹਾਲਾਂਕਿ ਇਹ ਖਰਚ ਉਮੀਦਵਾਰ ਦੇ ਪੂਰੇ ਖਰਚੇ 'ਚ ਜੁੜੇਗਾ, ਲਿਹਾਜ਼ਾ ਰੋਜ਼ਾਨਾ ਦਾ ਹਿਸਾਬ-ਕਿਤਾਬ ਬਣਾਉਣਾ ਜ਼ਰੂਰੀ ਹੈ, ਜਿਸ ਨੂੰ ਰੋਜ਼ ਹੀ ਮੁੱਖ ਚੋਣ ਕਮਿਸ਼ਨ ਕੋਲ ਭੇਜਣਾ ਹੁੰਦਾ ਹੈ। ਮੀਡੀਆ ਮਾਨੀਟਰਿੰਗ ਕਮੇਟੀ ਦੇ ਇੰਚਾਰਜ ਤੇ ਬੀ. ਐੱਲ. ਓ. ਸੁਧਾਂਸ਼ੂ ਗੌਤਮ ਅਨੁਸਾਰ ਇਹ ਕੰਮ ਕਾਫ਼ੀ ਮੁਸ਼ਕਲ ਹੈ। ਸਾਰਾ ਦਿਨ ਟੀਮ ਦੇ ਮੈਂਬਰ ਚੈੱਕ ਕਰਦੇ ਰਹਿੰਦੇ ਹਨ ਤੇ ਰਿਪੋਰਟ ਕਰਦੇ ਹਨ। ਕਈ ਉਮੀਦਵਾਰਾ ਦੇ ਵੀਡੀਓ, ਜਿਨ੍ਹਾਂ 'ਚ ਉਨ੍ਹਾਂ ਦੇ ਪ੍ਰਚਾਰ-ਪ੍ਰਸਾਰ ਦੀ ਸਮੱਗਰੀ ਜਾਂ ਵੀਡੀਓ ਹੈ, ਚੈੱਕ ਕਰਵਾਉਣ ਵੀ ਟੀਮ ਕੋਲ ਭੇਜਦੇ ਹਨ। ਇਨ੍ਹਾਂ ਨੂੰ ਵੀ ਦੇਖਣਾ ਪੈਂਦਾ ਹੈ ਕਿ ਕਿਤੇ ਕੋਈ ਅਜਿਹਾ ਮਟੀਰੀਅਲ ਤਾਂ ਨਹੀਂ, ਜਿਸ 'ਤੇ ਦੂਜੇ ਉਮੀਦਵਾਰ ਨੂੰ ਇਤਰਾਜ਼ ਹੋਵੇ ਜੇਕਰ ਇਤਰਾਜ਼ ਹੁੰਦਾ ਹੈ ਤਾਂ ਉਸ ਨੂੰ ਰੋਕ ਦਿੱਤਾ ਜਾਂਦਾ ਹੈ ਤੇ ਉਮੀਦਵਾਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਮਾਡਲ ਕੋਡ ਆਫ ਕੰਡਕਟ ਸਬੰਧੀ ਜੋ ਵੀ ਗਾਈਡਲਾਈਨਜ਼ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਫਾਲੋ ਕੀਤਾ ਜਾ ਰਿਹਾ ਹੈ।
ਚਾਰ ਦਰਜਨ ਉਮੀਦਵਾਰ ਹਨ ਅਜੇ ਮੈਦਾਨ 'ਚ
ਫਿਲਹਾਲ ਪਹਿਲੇ ਪੜਾਅ ਦੀ ਰਿਪੋਰਟ ਅਨੁਸਾਰ ਮੈਦਾਨ 'ਚ 49 ਉਮੀਦਵਾਰ ਹਨ। ਇਨ੍ਹਾਂ 'ਚ ੋਂ 5 ਦੀ ਨਾਮਜ਼ਦਗੀ ਰੱਦ ਹੋ ਚੁੱਕੀ ਹੈ। ਭਾਵ ਫਿਲਹਾਲ 44 ਦੇ ਨਾਂ ਹਨ। ਸਕਰੂਟਨਿੰਗ 'ਚ ਅਜੇ ਕੁਝ ਹੋਰ ਨਾਂ ਕੱਟੇ ਜਾਣ ਦੀ ਸੰਭਾਵਨਾ ਹੈ।
ਦੁਬਈ ਤੋਂ ਲਿਆਏ ਇੰਪੋਰਟਡ ਸਿਗਰਟਾਂ, ਮੋਹਾਲੀ ਪੁਲਸ ਨੇ ਦਬੋਚਿਆ
NEXT STORY