ਕਾਦੀਆਂ, (ਨਈਅਰ)- ਸਥਾਨਕ ਬਿਜਲੀ ਦਫਤਰ ਵਿਖੇ ਤਾਇਨਾਤ ਸੁਪਰਡੈਂਟ ਨੂੰ ਕੋਰਟ ਦੇ ਨਿਰਦੇਸ਼ਾਂ 'ਤੇ ਗ੍ਰਿਫਤਾਰ ਕਰਨ ਆਈ ਪੁਲਸ ਨੂੰ ਉਸ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੰਪਲਾਈਜ਼ ਫੈੱਡਰੇਸ਼ਨ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਉਕਤ ਸੁਪਰਡੈਂਟ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਜਬਰਨ ਛੁਡਵਾ ਲਿਆ ਗਿਆ। ਵੇਰਕਾ ਪੁਲਸ ਥਾਣੇ ਦੇ ਐੱਸ. ਐੱਚ. ਓ. ਰਵਿੰਦਰਪਾਲ ਸਿੰਘ ਨੇ ਦੱਸਿਆ ਕਿ 12 ਫਰਵਰੀ 2017 ਨੂੰ ਬੱਚਨ ਸਿੰਘ ਵਾਸੀ ਚੀਮਾ ਅਤੇ ਸਤਿੰਦਰ ਸਿੰਘ ਦਾ ਪੁਰਾਣੀ ਰਾਜਨੀਤਿਕ ਰੰਜਿਸ਼ ਕਾਰਨ ਵੇਰਕਾ ਵਿਖੇ ਝਗੜਾ ਹੋ ਗਿਆ ਸੀ, ਜਿਸ 'ਤੇ ਬੱਚਨ ਸਿੰਘ ਵੱਲੋਂ ਝਗੜੇ ਦੌਰਾਨ ਸਤਿੰਦਰ ਸਿੰਘ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਡਾਕਟਰਾਂ ਦੀ ਰਿਪੋਰਟ ਤੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ 24 ਫਰਵਰੀ 2017 ਨੂੰ ਬੱਚਨ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਦਿੱਤਾ ਗਿਆ ਸੀ।
ਐੱਸ. ਐੱਚ. ਓ. ਨੇ ਦੱਸਿਆ ਕਿ ਦੋਸ਼ੀ ਦੀ ਗ੍ਰਿਫਤਾਰੀ ਨਾ ਹੋਣ 'ਤੇ ਅਦਾਲਤ ਵੱਲੋਂ ਉਸ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ ਤੇ ਵਾਰੰਟ ਲੈ ਕੇ ਉਹ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਸਬ-ਡਵੀਜ਼ਨ ਕਾਦੀਆਂ ਪਹੁੰਚੇ ਸਨ ਤੇ ਬੱਚਨ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਸ ਨੂੰ ਛੁਡਵਾ ਲਿਆ ਗਿਆ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਸੁਪਰਡੈਂਟ ਬੱਚਨ ਸਿੰਘ ਨੂੰ ਗ੍ਰਿਫਤਾਰ ਕੀਤੇ ਬਿਨਾਂ ਵਾਪਸ ਨਹੀਂ ਜਾਣਗੇ, ਜਿਸ ਕਾਰਨ ਪੁਲਸ ਕਰਮਚਾਰੀ ਦਫਤਰ ਦੇ ਵੱਖ-ਵੱਖ ਕਮਰਿਆਂ 'ਚ ਦੇਰ ਸ਼ਾਮ ਤੱਕ ਬੈਠੇ ਰਹੇ।
ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਹੋ ਰਹੀ ਮਿਲਾਵਟ ਚਿੰਤਾ ਦਾ ਵਿਸ਼ਾ
NEXT STORY