ਸੁਲਤਾਨਪੁਰ ਲੋਧੀ, (ਧੀਰ)- ਇਕ ਪਾਸੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਵਾਤਾਵਰਣ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਾਉਣ ਦੇ ਦਿੱਤੇ ਹੁਕਮਾਂ ਨੂੰ ਦਰ-ਕਿਨਾਰ ਕਰਦੇ ਹੋਏ ਕਿਸਾਨ ਪਰਾਲੀ ਨੂੰ ਅੱਗ ਲਗਾਉਣਾ ਆਪਣੀ ਮਜਬੂਰੀ ਦੱਸ ਰਹੇ ਹਨ, ਉਥੇ ਇਲਾਕੇ ਦੇ ਹੀ ਕਈ ਕਿਸਾਨ ਪਰਾਲੀ ਨੂੰ ਖੇਤਾਂ 'ਚ ਅੱਗ ਨਾ ਲਾਉਣ ਲਈ ਹੋਰਾਂ ਕਿਸਾਨਾਂ ਲਈ ਰਾਹ ਦਸੇਰਾ ਬਣੇ ਹਨ।
ਖੇਤੀਬਾੜੀ ਵਿਭਾਗ ਪਿੰਡ ਪੱਧਰ 'ਤੇ ਲੱਗਾ ਰਿਹਾ ਹੈ ਕੈਂਪ
ਸਰਕਾਰ ਵਲੋਂ ਖੇਤੀਬਾੜੀ ਵਿਭਾਗ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪਿੰਡ ਪੱਧਰ 'ਤੇ ਕੈਂਪਾਂ ਦੇ ਆਯੋਜਨਾਂ ਰਾਹੀਂ ਦਿੱਤੇ ਨਿਰਦੇਸ਼ਾਂ ਮੁਤਾਬਕ ਖੇਤੀਬਾੜੀ ਵਿਭਾਗ ਨੇ ਵੀ ਪਿੰਡਾਂ 'ਚ ਅਜਿਹੇ ਕੈਂਪਾਂ ਦਾ ਆਯੋਜਨ ਕਰਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਫਾਇਦੇ ਦੱਸਣ ਲਈ ਕੋਈ ਕਸਰ ਨਹੀਂ ਛੱਡੀ ਹੋਈ ਹੈ।
ਬਲਾਕ ਖੇਤੀਬਾੜੀ ਮੁੱਖ ਅਧਿਕਾਰੀ ਡਾ. ਸੁੱਚਾ ਸਿੰਘ ਖਿੰਡਾ ਤੇ ਖੇਤੀਬਾੜੀ ਵਿਸਥਾਰ ਅਧਿਕਾਰੀ ਡਾ. ਪਰਮਿੰਦਰ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਸਾੜਨ ਨਾਲ ਬਹੁਤ ਭੈੜੇ ਪ੍ਰਭਾਵ ਸਾਹਮਣੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਕ ਟਨ ਪਰਾਲੀ 'ਚ 5-5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 2.5 ਕਿਲੋ ਪੋਟਾਸ਼, 1.2 ਕਿਲੋ ਸਲਫਰ ਤੇ 50 ਤੋਂ 70 ਫੀਸਦੀ ਮਾਈਕ੍ਰੋਨਿਊਟਰੀਸ਼ੀਅਨ ਪਾਏ ਜਾਂਦੇ ਹਨ, ਜੋ ਸਾੜਨ ਤੋਂ ਬਾਅਦ ਖਤਮ ਹੋ ਜਾਂਦੇ ਹਨ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਉਨ੍ਹਾਂ ਦੱਸਿਆ ਕਿ ਇਕ ਟਨ ਪਰਾਲੀ ਸਾੜਨ ਨਾਲ 70 ਫੀਸਦੀ ਕਾਰਬਨ ਡਾਈਆਕਸਾਈਡ, 7 ਫੀਸਦੀ ਕਾਰਬਨ ਮੋਨੋਆਕਸਾਈਡ, 2.09 ਫੀਸਦੀ ਨਾਈਟ੍ਰੋਜਨ ਆਕਸਾਈਡ ਤੇ 0.55 ਫੀਸਦੀ ਮਿਥੋਨ ਗੈਸ ਪੈਦਾ ਹੁੰਦੀ ਹੈ ਤੇ ਹੋਰ ਮਿੱਤਰ ਕੀੜੇ ਖਤਮ ਹੋ ਜਾਂਦੇ ਹਨ।
ਕੀ ਕਹਿੰਦੇ ਹਨ ਕਿਸਾਨ
ਪਿੰਡ ਫੱਤੂਵਾਲ ਦੇ ਕਿਸਾਨ ਜਸਪਾਲ ਸਿੰਘ ਠੇਕੇਦਾਰ ਨੇ ਦੱਸਿਆ ਕਿ ਉਹ ਬੀਤੇ 7 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾ ਰਿਹਾ ਤੇ 25 ਏਕੜ ਤੋਂ ਵੀ ਜ਼ਿਆਦਾ ਜ਼ਮੀਨ 'ਤੇ ਕਣਕ ਦੀ ਬਿਜਾਈ ਕਰ ਰਿਹਾ ਹੈ, ਜਿਸ ਨਾਲ ਜਿਥੇ ਖਾਦ ਤੇ ਕੀਟਨਾਸ਼ਕ ਦਵਾਈਆਂ ਦੀ ਘੱਟ ਵਰਤੋਂ ਹੁੰਦੀ ਹੈ, ਉਥੇ ਹਰ ਸਾਲ ਹਮੇਸ਼ਾ ਕਣਕ ਦਾ ਝਾੜ ਵੀ ਵੱਧ ਨਿਕਲਦਾ ਹੈ। ਪਿੰਡ ਨਸੀਰਪੁਰ ਦੇ ਕਿਸਾਨ ਪੁਸ਼ਪਿੰਦਰ ਸਿੰਘ, ਕੰਵਰਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਹੀ ਖੇਤੀ ਕਰਦੇ ਆ ਰਹੇ ਹਨ, ਜਿਸ ਦੇ ਕਾਫੀ ਵਧੀਆ ਨਤੀਜੇ ਉਨ੍ਹਾਂ ਦੀ ਫਸਲ 'ਚ ਵੇਖਣ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਇਸ ਸੀਜ਼ਨ ਦੌਰਾਨ ਉਨ੍ਹਾਂ ਦੇ ਪਿੰਡ ਦੇ ਕਰੀਬ 50 ਫੀਸਦੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਤੇ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਰੋਟਾਵੇਟਰ, ਹੈਪੀਸੀਡਰ ਤੇ ਡਿਸਕ ਹੋਰੋ ਦੀ ਵਰਤੋਂ ਕਰ ਰਹੇ ਹਨ। ਡਾ. ਪਰਮਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਧਿਕਾਰੀ ਨੇ ਦੱਸਿਆ ਕਿ ਕੁਝ ਅਗਾਂਹਵਧੂ ਕਿਸਾਨ ਵੀ ਹਨ, ਜਿਨ੍ਹਾਂ ਨੇ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸਦੀ ਜ਼ਮੀਨ 'ਚ ਹੀ ਵਰਤਂੋ ਕੀਤੀ, ਸਗੋਂ ਉਹ ਹੋਰ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪ੍ਰੇਰਿਤ ਕਰ ਰਹੇ ਹਨ, ਜਿਨ੍ਹਾਂ 'ਚ ਮਲਕੀਤ ਸਿੰਘ ਨਸੀਰੇਵਾਲ, ਸੁਖਵਿੰਦਰ ਸਿੰਘ ਸਰਾਏ ਜੱਟਾਂ, ਮੁਖਤਿਆਰ ਸਿੰਘ ਭਗਤਪੁਰ, ਸਵਰਨ ਸਿੰਘ ਮੇਵਾ ਸਿੰਘ ਵਾਲਾ, ਪ੍ਰੀਤਮ ਸਿੰਘ ਮੰਗੂਪੁਰ, ਹਰਬੰਸ ਸਿੰਘ ਚੰਨਣਵਿੰਡੀ, ਨੰਬਰਦਾਰ ਮਹਿੰਦਰ ਸਿੰਘ ਮੋਖੇ, ਕੁਲਵਿੰਦਰ ਸਿੰਘ ਅਮਰਕੋਟ, ਸੂਰਤ ਸਿੰਘ ਅਮਰਕੋਟ, ਜਰਨੈਲ ਸਿੰਘ ਲੋਧੀਵਾਲ ਤੇ ਕੰਵਲਜੀਤ ਸਿੰਘ ਨਸੀਰਪੁਰ ਆਦਿ ਸ਼ਾਮਲ ਸਨ।
ਨੋਟਬੰਦੀ ਦੇਸ਼ ਦੇ ਹਿੱਤ 'ਚ ਲਿਆ ਗਿਆ ਸਹੀ ਫੈਸਲਾ : ਸੋਮ ਪ੍ਰਕਾਸ਼ ਕੈਂਥ
NEXT STORY