ਗੜ੍ਹਦੀਵਾਲਾ, (ਜਤਿੰਦਰ)- ਬੀਤੀ 6 ਦਸੰਬਰ ਨੂੰ ਗੜ੍ਹਦੀਵਾਲਾ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਅਮਰੀਕ ਸਿੰਘ ਮੀਕਾ ਦਾ ਉਸ ਦੇ ਪਰਿਵਾਰ ਵੱਲੋਂ 3 ਦਿਨ ਬੀਤ ਜਾਣ ਦੇ ਬਾਅਦ ਵੀ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਪਰਿਵਾਰ ਵੱਲੋਂ ਬੀਤੇ ਕੱਲ ਹੀ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਗਈ ਸੀ ਪਰ ਅੱਜ ਪਰਿਵਾਰਕ ਮੈਂਬਰਾਂ ਦਾ ਗੁੱਸਾ ਹੋਰ ਵੀ ਜ਼ਿਆਦਾ ਵਧ ਗਿਆ। ਮ੍ਰਿਤਕ ਅਮਰੀਕ ਸਿੰਘ ਦੇ ਵੱਡੇ ਭਰਾ ਤਰਲੋਕ ਸਿੰਘ ਨੇ ਕਿਹਾ ਕਿ 20 ਅਗਸਤ 2017 ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੜ੍ਹਦੀਵਾਲਾ ਦੇ ਪ੍ਰਧਾਨ ਕੈਪਟਨ ਅਵਤਾਰ ਸਿੰਘ ਅਤੇ ਮੀਕਾ 'ਤੇ ਹਮਲਾ ਕਰਨ ਤੋਂ ਬਾਅਦ ਵੀ ਹਮਲਾਵਰ ਖੁੱਲ੍ਹੇਆਮ ਘੁੰਮਦੇ ਰਹੇ। ਜੇਕਰ ਪੁਲਸ ਨੇ ਉਸ ਸਮੇਂ ਇਨ੍ਹਾਂ ਹਮਲਾਵਰਾਂ ਨੂੰ ਕਾਬੂ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਉਸ ਦਾ ਭਰਾ ਜ਼ਿੰਦਾ ਹੁੰਦਾ। ਪਹਿਲੇ ਹਮਲੇ ਤੋਂ ਬਾਅਦ ਕਈ ਵਾਰ ਪੁਲਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਫੜਨ ਲਈ ਕਿਹਾ ਗਿਆ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਦੋਸ਼ੀ ਖੁੱਲ੍ਹੇਆਮ ਘੁੰਮਦੇ ਰਹੇ ਅਤੇ ਦੂਜੀ ਵਾਰ ਉਹ ਆਪਣੇ ਮਿਸ਼ਨ 'ਚ ਕਾਮਯਾਬ ਹੋ ਗਏ। ਉਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਇਹ ਸਮਝ ਰਿਹਾ ਹੈ ਕਿ ਅਮਰੀਕ ਸਿੰਘ ਮੀਕਾ ਦਾ ਅੰਤਿਮ ਸੰਸਕਾਰ ਪਰਿਵਾਰ ਵੱਲੋਂ ਵਿਦੇਸ਼ ਰਹਿੰਦੇ ਰਿਸ਼ਤੇਦਾਰਾਂ ਅਤੇ ਸਕੇ-ਸੰਬੰਧੀਆਂ ਦੀ ਉਡੀਕ ਕਰਨ ਕਰ ਕੇ ਨਹੀਂ ਕੀਤਾ ਜਾ ਰਿਹਾ।
ਤਰਲੋਕ ਸਿੰਘ ਨੇ ਕਿਹਾ ਕਿ ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ 9 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਕਿ ਉਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ, ਨਹੀਂ ਤਾਂ ਪਰਿਵਾਰ ਸੰਘਰਸ਼ ਕਰਨ ਨੂੰ ਮਜਬੂਰ ਹੋਵੇਗਾ। ਉਨ੍ਹਾਂ ਕਿਹਾ ਕਿ ਮੀਕਾ ਦਾ ਅੰਤਿਮ ਸੰਸਕਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਨਹੀਂ ਕੀਤਾ ਜਾਵੇਗਾ, ਭਾਵੇਂ ਮ੍ਰਿਤਕ ਦੇਹ ਕਿੰਨੇ ਵੀ ਦਿਨ ਕਿਉਂ ਨਾ ਰੱਖਣੀ ਪਵੇ। ਦੂਜੇ ਪਾਸੇ ਪੁਲਸ ਪ੍ਰਸ਼ਾਸਨ ਇਹ ਸਮਝ ਰਿਹਾ ਹੈ ਕਿ ਰਿਸ਼ਤੇਦਾਰਾਂ ਦੀ ਉਡੀਕ ਕਾਰਨ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਰਿਹਾ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਪ੍ਰਸ਼ਾਸਨ ਵੱਲੋਂ ਗੜ੍ਹਦੀਵਾਲਾ ਸ਼ਹਿਰ ਅੰਦਰ ਵੱਡੇ ਪੱਧਰ 'ਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਅਦਾਲਤ ਨੇ ਪਤਨੀ, ਸੱਸ, ਦੋ ਸਾਲੇ ਤੇ ਪ੍ਰੇਮੀ ਦੀ ਜ਼ਮਾਨਤ ਪਟੀਸ਼ਨ ਖਾਰਜ
NEXT STORY