ਫਰੀਦਕੋਟ (ਨਰਿੰਦਰ)-ਖਸਤਾਹਾਲ ਸਡ਼ਕਾਂ ਅਤੇ ਗਲੀਆਂ ਦਾ ਕੰਮ ਸ਼ੁਰੂ ਕਰਵਾਉਣ ਲਈ ਮੁਹੱਲਾ ਨਿਵਾਸੀ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਰਹੇ ਹਨ। ਇਸ ਸਬੰਧੀ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਕਲੱਬ ਅਤੇ ਮੁਹੱਲਾ ਨਿਵਾਸੀਆਂ ਦਾ ਇਕ ਵਫਦ ਨਾਇਬ ਤਹਿਸੀਲਦਾਰ ਅਨਿਲ ਸ਼ਰਮਾ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਐੱਸ. ਡੀ. ਐੱਮ. ਕੋਟਕਪੂਰਾ ਲਈ ਇਕ ਮੰਗ-ਪੱਤਰ ਦਿੱਤਾ। ਪ੍ਰਧਾਨ ਗੁਰਦੀਪ ਸਿੰਘ, ਮੀਤ ਪ੍ਰਧਾਨ ਬਸੰਤ ਸਿੰਘ ਫੌਜੀ, ਸਹਾਇਕ ਖਜ਼ਾਨਚੀ ਹਰਿੰਦਰ ਸਿੰਘ ਅਤੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਬੀਤੇ ਕਰੀਬ 17-18 ਸਾਲਾਂ ਤੋਂ ਡੇਰਾ ਫਰਮਾਹ ਵਾਲਾ ਤੋਂ ਗੁਰੂ ਤੇਗ ਬਹਾਦਰ ਨਗਰ (ਵਾਰਡ ਨੰਬਰ 9 ਤੇ 17) ਦੀਆਂ ਸਡ਼ਕਾਂ ਤੇ ਗਲੀਆਂ ਨਹੀਂ ਬਣੀਆਂ। ਮੁਹੱਲੇ ਦੀਆਂ ਗਲੀਆਂ ਤੇ ਸਡ਼ਕਾਂ ’ਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ, ਜਿਸ ਕਾਰਨ ਇੱਥੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ ਅਤੇ ਮੀਂਹ ਦੇ ਦਿਨਾਂ ਵਿਚ ਤਾਂ ਹੋਰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਆਪਣੀ ਮੰਗ ਸਬੰਧੀ ਉਹ ਬੀਤੇ ਲੰਮੇ ਸਮੇਂ ਤੋਂ ਵੱਖ-ਵੱਖ ਆਗੂਆਂ ਨੂੰ ਮਿਲ ਚੁੱਕੇ ਹਨ ਪਰ ਹੁਣ ਤੱਕ ਸਿਵਾਏ ਲਾਰਿਆਂ ਤੇ ਝੂਠੇ ਭਰੋਸਿਆਂ ਦੇ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ, ਜਿਸ ਕਾਰਨ ਉਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਚੁੱਕੇ ਹਨ। ਉਨ੍ਹਾਂ ਨੇ ਮੰਗ-ਪੱਤਰ ਰਾਹੀਂ ਚਿਤਾਵਨੀ ਦਿੱਤੀ ਕਿ ਜੇਕਰ 1 ਹਫਤੇ ਵਿਚ ਮੁਹੱਲੇ ਦੀਆਂ ਸਡ਼ਕਾਂ ਤੇ ਗਲੀਆਂ ਦੀ ਮੁਰੰਮਤ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਤਰਸੇਮ ਸਿੰਘ, ਵੀਰਇੰਦਰਜੀਤ ਸਿੰਘ ਪੁਰੀ, ਸੁਖਮੰਦਰ ਸਿੰਘ, ਜਜਬੀਰ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ ਮਿੰਟੂ, ਜਸਪਾਲ ਸਿੰਘ, ਗੁਰਲਾਲ ਸਿੰਘ, ਸਿਦਕਪਾਲ ਸਿੰਘ ਆਦਿ ਮੌਜੂਦ ਸਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋਡ਼ਵੰਦਾਂ ਨੂੰ ਵੰਡੇ ਕੱਪਡ਼ੇ
NEXT STORY