ਫਰੀਦਕੋਟ (ਨਰਿੰਦਰ)-ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਸੰਤ ਸਮਾਜ ਸਮੇਤ ਸਮੂਹ ਧਰਮਾਂ ਦੇ ਧਾਰਮਕ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਪਵਨ ਗੁਰੂ ਪਾਣੀ ਪਿਤਾ ਦੇ ਸਿਧਾਂਤ ਨੂੰ ਪੜ੍ਹਨ ਦੇ ਨਾਲ-ਨਾਲ ਹਕੀਕਤ ’ਚ ਵੀ ਅਮਲ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਇਸ ਗੰਭੀਰ ਹੋ ਰਹੀ ਸਮੱਸਿਆ ਨਾਲ ਸਮੁੱਚੀ ਮਾਨਵਤਾ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਉਹ ਵੱਖ-ਵੱਖ ਧਾਰਮਕ ਅਤੇ ਸਮਾਜਕ ਸ਼ਖਸੀਅਤਾਂ ਨੂੰ ਮਿਲ ਕੇ ਲੋਕ ਲਹਿਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਤਹਿਤ ਪਿਛਲੇ ਦਿਨੀਂ ਸੰਤ ਸਮਾਜ ਦੇ ਉੱਘੇ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਾਬਾ ਬੇਦੀ ਵੱਲੋਂ ਪੰਜਾਬ ਦੇ ਜ਼ਹਿਰੀਲੇ ਹੋ ਰਹੇ ਵਾਤਾਵਰਣ, ਪਾਣੀਆਂ ਅਤੇ ਨੌਜਵਾਨੀ ’ਤੇ ਪੈ ਰਹੀ ਨਸ਼ਿਆਂ ਦੀ ਮਾਰ ’ਤੇ ਦੁੱਖ ਪ੍ਰਗਟ ਕਰਦਿਆਂ ਮਾਨਵਤਾ ਪੱਖੀ ਸਮੁੱਚੀਆਂ ਧਿਰਾਂ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਇਨ੍ਹਾਂ ਮੁੱਦਿਆਂ ’ਤੇ ਕੰਮ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਤੇ ਆਪਣੇ ਵੱਲੋਂ ਪੂਰਨ ਸਹਿਯੋਗ ਦੇਣ ਦਾ ਵਚਨ ਦਿੱਤਾ। ਇਸ ਮੌਕੇ ਹਰਵਿੰਦਰ ਸਿੰਘ ਨਿਸ਼ਕਾਮ, ਗੁਰਮੀਤ ਸਿੰਘ ਸੰਧੂ ਅਤੇ ਬਾਬਾ ਬਲਜੀਤ ਸਿੰਘ ਗਿੱਲਪੱਤੀ ਹਾਜ਼ਰ ਸਨ।
ਅਧਿਆਪਕਾ ਨੇ ਬੇਟੀ ਦਾ ਜਨਮ ਸਟੇਸ਼ਨਰੀ ਵੰਡ ਕੇ ਮਨਾਇਆ
NEXT STORY