ਫਰੀਦਕੋਟ (ਦੀਪਕ)- ਦਸਤਾਰ-ਏ-ਬਖ਼ਸ਼ਿਸ਼ ਵੈੱਲਫ਼ੇਅਰ ਸੋਸਾਇਟੀ, ਪੰਜਾਬ ਵੱਲੋਂ ਸਿੱਖ ਇਤਿਹਾਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਸਦਕਾ ਸਾਦਿਕ ਦੇ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਮੰਤਵ ਸੋਸਾਇਟੀ ਦੇ ਸਮੂਹ ਮੈਂਬਰਾਂ ਨੂੰ ਪ੍ਰਮਾਣ-ਪੱਤਰ ਵੰਡਣਾ ਸੀ। ਇਸ ਸਮਾਗਮ ’ਚ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ਐੱਸ. ਜੀ. ਪੀ. ਸੀ., ਦਲੇਰ ਸਿੰਘ ਡੋਡ ਕੌਮੀ ਪ੍ਰਧਾਨ ਸਿੱਖ ਫੈੱਡਰੇਸ਼ਨ, ਬੀਬੀ ਜਗਬੀਰ ਕੌਰ ਔਲਖ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸ਼ੁੱਧ ਸੰਥਿਆ ਬਾਰੇ ਸਿੱਖਿਆ ਲੈ ਰਹੇ 36 ਛੋਟੇ ਬੱਚਿਆਂ ਨੇ ਸਮਾਗਮ ’ਚ ਵਧ-ਚਡ਼੍ਹ ਕੇ ਹਿੱਸਾ ਲਿਆ। ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੇ ਕਿਹਾ ਕਿ ਸਾਨੂੰ ਛੋਟੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਖ਼ਾਸ ਤੌਰ ’ਤੇ ਸਾਡੀਆਂ ਧੀਆਂ ਨੂੰ ਸਿੱਖੀ ਵਾਲੇ ਪਾਸੇ ਪ੍ਰੇਰਿਤ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਧੀ ਸਿੱਖਿਅਤ ਹੋਵੇਗੀ ਤਾਂ ਇਕ ਮਾਂ ਸਿੱਖਿਅਤ ਹੋਵੇਗੀ, ਜਿਸ ਨਾਲ ਪੂਰਾ ਸਮਾਜ ਹੀ ਸਿੱਖਿਅਤ ਹੋ ਸਕਦਾ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਦਲੇਰ ਸਿੰਘ ਡੋਡ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਪਿੰਡਾਂ-ਸ਼ਹਿਰਾਂ ’ਚ ਵੱਖ-ਵੱਖ ਗੁਰਦੁਆਰਾ ਸਾਹਿਬ ਦੀ ਕੀਤੀ ਜਾ ਰਹੀ ਸਥਾਪਨਾ ਨੂੰ ਵੀ ਘਟਾਉਣਾ ਚਾਹੀਦਾ ਹੈ ਤਾਂ ਕਿ ਛੋਟੇ ਮੁਹੱਲਿਆਂ ਤੇ ਕਸਬਿਆਂ ਵਿਚ ਗੁਰਦੁਆਰਾ ਸਾਹਿਬ ’ਚ ਹੁੰਦੀਆਂ ਬੇਅਦਬੀਆਂ ਨੂੰ ਰੋਕਿਆ ਜਾ ਸਕੇ ਅਤੇ ਭਾਈਚਾਰਕ ਸਾਂਝ ਵਧਾਈ ਜਾ ਸਕੇ। ਪ੍ਰਬੰਧਕਾਂ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਧਾਰਮਕ ਸਮੱਗਰੀ ਵੀ ਵੰਡੀ। ਇਸ ਸਮੇਂ ਐੱਸ. ਐੱਮ. ਐੱਸ. ਸਕੂਲ ਝੋਟੀਵਾਲਾ ਦੇ ਚੇਅਰਮੈਨ ਪ੍ਰਗਟ ਸਿੰਘ ਬੁੱਟਰ ਨੇ ਵੀ ਦਸਤਾਰ ਦੀ ਅਹਿਮੀਅਤ ਬਾਰੇ ਅਹਿਮ ਵਿਚਾਰ ਪੇਸ਼ ਕੀਤੇ। ਬੱਚਿਆਂ ਨੂੰ ਸੰਥਿਆ ਦੀ ਸਿੱਖਿਆ ਦੇ ਰਹੇ ਗੁਰਸੇਵਕ ਸਿੰਘ ਖਾਲਸਾ ਨੇ ਗੁਰੂ ਸਾਹਿਬ ਵੱਲੋਂ ਬਾਣੀ ਵਿਚ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਆ। ਸਿੱਖ ਆਗੂ ਦਲੇਰ ਸਿੰਘ ਡੋਡ ਅਤੇ ਥਾਣਾ ਮੁਖੀ ਅਮਨਦੀਪ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਮੰਚ ਸੰਚਾਲਨ ਜਸਪਾਲ ਸਿੰਘ ਖਾਲਸਾ ਨੇ ਕੀਤਾ। ਇਸ ਦੌਰਾਨ ਮੀਤ ਪ੍ਰਧਾਨ ਜਸਪ੍ਰੀਤ ਸਿੰਘ, ਤੇਜਿੰਦਰ ਸਿੰਘ, ਅਰਸ਼ਪ੍ਰੀਤ ਸਿੰਘ, ਰਾਜਿੰਦਰ ਸਿੰਘ ਢਿੱਲਵਾਂ, ਜਸਵਿੰਦਰ ਸਿੰਘ ਆਦਿ ਮੌਜੂਦ ਸਨ।
ਲਾਇਸੈਂਸੀ ਅਸਲਾਧਾਰਕਾਂ ਨੂੰ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ
NEXT STORY