ਜਲੰਧਰ(ਬੁਲੰਦ)—ਪੰਜਾਬ ਵਿਚ ਹੀ ਨਹੀਂ, ਸਗੋਂ ਪੂਰੇ ਉੱਤਰੀ ਭਾਰਤ ਵਿਚ ਕਿਸਾਨਾਂ ਵਲੋਂ ਪਰਾਲੀ ਨੂੰ ਸਾੜਨ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਲੈ ਕੇ ਭਾਰੀ ਹੰਗਾਮਾ ਮਚਿਆ ਹੋਇਆ ਹੈ। ਦਿੱਲੀ ਵਿਚ ਸਭ ਤੋਂ ਵੱਧ ਪ੍ਰਦੂਸ਼ਣ ਹੈ। ਉਸਤੋਂ ਬਾਅਦ ਪੰਜਾਬ ਦਾ ਨੰਬਰ ਆਉਂਦਾ ਹੈ। ਪੰਜਾਬ ਸਮੇਤ ਕਈ ਸੂਬੇ ਇਸ ਪ੍ਰਦੂਸ਼ਣ ਕਾਰਨ ਪੈਦਾ ਹੋ ਰਹੇ ਸਮੋਗ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ ਪਰ ਕੀ ਅਸਲ ਵਿਚ ਸਾਰਾ ਦੋਸ਼ ਕਿਸਾਨਾਂ ਦਾ ਹੀ ਹੈ ਅਤੇ ਕੀ ਸਾਰੀ ਸਖ਼ਤੀ ਕਿਸਾਨਾਂ 'ਤੇ ਹੀ ਹੋਣੀ ਚਾਹੀਦੀ ਹੈ? ਇਸ ਗੱਲ ਦੀ ਤਹਿ ਤੱਕ ਜਾਣ ਲਈ ਅਸੀਂ ਸਿੱਧੀ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੀਆਂ ਮਜਬੂਰੀਆਂ ਸਾਹਮਣੇ ਆਈਆਂ।
ਪਰਾਲੀ ਸਾੜਨੀ ਹੈ ਮਜਬੂਰੀ : ਗੁਰਪ੍ਰੀਤ ਸਿੰਘ
ਕਰਤਾਰਪੁਰ ਦੇ ਇਕ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਰਾਲੀ ਸਾੜਨੀ ਕਿਸਾਨ ਦਾ ਸ਼ੌਕ ਨਹੀਂ, ਮਜਬੂਰੀ ਹੈ। ਕਿਸਾਨ ਵੀ ਜਾਣਦਾ ਹੈ ਕਿ ਜੇ ਪਰਾਲੀ ਸੜਦੀ ਹੈ ਤਾਂ ਉਸ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਹੈ ਪਰ ਕਿਸਾਨ ਕਰੇ ਵੀ ਤਾਂ ਕੀ ਕਰੇ? ਅਗਲੀ ਫਸਲ ਬੀਜਣ ਤੋਂ ਪਹਿਲਾਂ ਜ਼ਮੀਨ ਪੂਰੀ ਤਰ੍ਹਾਂ ਸਾਫ ਕਰਨੀ ਜ਼ਰੂਰੀ ਹੈ। ਇਸ ਲਈ ਪਰਾਲੀ ਨੂੰ ਸਾੜਨਾ ਪੈਂਦਾ ਹੈ। ਜੇ ਸਰਕਾਰ ਜ਼ਮੀਨ ਦੀ ਸਫਾਈ ਦਾ ਖਰਚਾ ਉਠਾਏ ਤਾਂ ਕਿਸਾਨ ਪਰਾਲੀ ਸਾੜਨੀ ਬੰਦ ਕਰ ਦੇਣਗੇ।
ਵਧੇਰੇ ਲਾਗਤ ਅਗਲੀ ਫਸਲ 'ਚ ਰੁਕਾਵਟ : ਮਨਜੀਤ ਸਿੰਘ
ਨੌਜਵਾਨ ਕਿਸਾਨ ਮਨਜੀਤ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਜੇ ਜ਼ਮੀਨ ਤੋਂ ਬਿਨਾਂ ਸਾੜੇ ਹਟਾਉਣਾ ਹੋਵੇ ਤਾਂ ਇਸ ਵਿਚ ਕਾਫੀ ਪੈਸਾ ਲੱਗਦਾ ਹੈ। ਲਾਗਤ ਇੰਨੀ ਵਧ ਜਾਂਦੀ ਹੈ ਕਿ ਕਿਸਾਨ ਅਗਲੀ ਫਸਲ ਨਹੀਂ ਬੀਜ ਸਕਦਾ। ਜੇ ਸਰਕਾਰ ਝੋਨੇ ਦਾ ਵਸੂਲੀ ਮੁੱਲ ਵਧਾ ਦੇਵੇ ਅਤੇ ਇਸ ਵਿਚ ਪਰਾਲੀ ਨੂੰ ਹਟਾਉਣ ਦਾ ਖਰਚਾ ਸ਼ਾਮਲ ਕਰ ਦੇਵੇ ਤਾਂ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਕੀ ਲੋੜ ਹੈ? ਪਰਾਲੀ ਕਾਰਨ ਆਲੂ, ਮਟਰ ਅਤੇ ਹੋਰ ਸਬਜ਼ੀਆਂ ਦੀ ਬਿਜਾਈ ਵਿਚ ਮੁਸ਼ਕਲ ਪੇਸ਼ ਆਉਂਦੀ ਹੈ।
ਇਕੱਲੀ ਪਰਾਲੀ ਹੀ ਪ੍ਰਦੂਸ਼ਣ ਦਾ ਕਾਰਨ ਨਹੀਂ ਹੈ : ਰਣਵੀਰ ਸਿੰਘ
ਕਿਸਾਨ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਕੀ ਸਿਰਫ ਪਰਾਲੀ ਦੇ ਸਾੜਨ ਕਾਰਨ ਹੀ ਹੁੰਦਾ ਪ੍ਰਦੂਸ਼ਣ ਸਰਕਾਰ ਨੂੰ ਨਜ਼ਰ ਆਉਂਦਾ ਹੈ? ਕੁਝ ਸਮਾਂ ਪਹਿਲਾਂ ਦੇਸ਼ ਭਰ ਵਿਚ ਲੱਖਾਂ ਰਾਵਣ ਦੇ ਪੁਤਲੇ ਸਾੜੇ ਗਏ। ਦੀਵਾਲੀ 'ਤੇ ਕਈ ਕਰੋੜ ਰੁਪਏ ਦੇ ਪਟਾਕੇ ਚਲਾਏ ਗਏ। ਕੀ ਉਨ੍ਹਾਂ ਦਾ ਕਾਰਨ ਪ੍ਰਦੂਸ਼ਣ ਨਹੀਂ ਹੋਇਆ। ਜੇ ਪਰਾਲੀ ਸਾੜਨ ਨੂੰ ਲੈ ਕੇ ਸਰਕਾਰ ਇੰਨੀ ਗੰਭੀਰ ਹੈ ਤਾਂ ਕਿਸਾਨਾਂ ਨੂੰ ਝੋਨੇ ਦਾ ਬੋਨਸ ਵਧਾ ਕੇ ਦੇਵੇ ਅਤੇ ਸਹਿਕਾਰੀ ਸੁਸਾਇਟੀਆਂ ਵਿਚ ਢੁਕਵੇਂ ਔਜ਼ਾਰ ਮੁਹੱਈਆ ਕਰਵਾਏ ਤਾਂ ਜੋ ਕਿਸਾਨ ਪਰਾਲੀ ਨੂੰ ਹਟਾ ਸਕਣ।
ਰਾਜੂ ਬਾਬਾ ਦੀ ਹੱਤਿਆ ਦਾ ਮਾਮਲਾ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਕਾਤਲਾਂ ਖਿਲਾਫ ਕੇਸ ਦਰਜ
NEXT STORY