ਜੋਧਾਂ(ਡਾ. ਪ੍ਰਦੀਪ)-ਪੱਗੜੀ ਜਿਹੜੀ ਕਿ ਸਿਆਣਪ, ਅਣਖ, ਇੱਜ਼ਤ ਤੇ ਸਰਦਾਰੀ ਦਾ ਪ੍ਰਤੀਕ ਹੈ। ਜੇਕਰ ਕੋਈ ਇਸ ਨੂੰ ਹੱਥ ਪਾਉਂਦਾ ਹੈ ਤਾਂ ਸਮਝੋ, ਉਸ ਨੇ ਕਿਸੇ ਲਿਆਕਤ ਨੂੰ ਹੱਥ ਪਾ ਲਿਆ ਹੈ। ਜਿੰਦ ਜਾਨ ਬਣੀ ਪੱਗੜੀ ਲਈ ਜਾਨ ਦੀ ਬਾਜ਼ੀ ਵੀ ਲੱਗ ਜਾਂਦੀ ਹੈ। ਦੁਨੀਆ 'ਚ ਮੁੱਖ ਤੌਰ 'ਤੇ 127 ਧਰਮਾਂ ਦੇ ਲੋਕ ਪੱਗੜੀ ਬੰਨ੍ਹਦੇ ਹਨ ਤੇ ਹਰ ਖਿੱਤੇ 'ਚ ਪੱਗੜੀ ਦਾ ਆਪੋ ਆਪਣਾ ਮਹੱਤਵ ਹੈ। ਭਾਵੇਂ ਇਹ ਲੋਕ ਕਿਸੇ ਵੀ ਧਰਮ ਮਜ਼੍ਹਬ ਜਾਂ ਕੌਮ ਨਾਲ ਸਬੰਧ ਰੱਖਦੇ ਹੋਣ। ਪੰਜਾਬ 'ਚ ਵੀ ਪੰਜਾਬੀ ਪੱਗੜੀ ਨੂੰ ਸ਼ੌਕ ਤੇ ਮਾਣ ਸਤਿਕਾਰ ਨਾਲ ਬੰਨ੍ਹਦੇ ਹਨ ਪਰ ਸਿੱਖ ਧਰਮ ਨੇ ਪੱਗੜੀ ਨੂੰ ਪੂਰੀ ਤਰ੍ਹਾਂ ਆਪਣਾ ਲਿਆ ਹੈ। ਪੰਜ ਕਕਰਾਰਾਂ ਦੇ ਨਾਲ-ਨਾਲ ਸਿੱਖ ਅੰਮ੍ਰਿਤਧਾਰੀ ਲਈ ਪੱਗੜੀ ਬੰਨ੍ਹਣਾ ਸਿੱਖ ਧਰਮ ਦੇ ਅਸੂਲਾਂ ਮੁਤਾਬਕ ਜ਼ਰੂਰੀ ਹੈ।
ਪੱਗ ਦਾ ਸ਼ਾਨਾਮੱਤੀ ਇਤਿਹਾਸ ਆਜ਼ਾਦੀ ਦੇ ਸੰਗ੍ਰਾਮ ਨਾਲ ਵੀ ਜੁੜਿਆ ਹੋਇਆ ਹੈ। ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ 'ਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਓਏ, ਵਿਦੇਸ਼ੀਆਂ ਨੇ ਲੁੱਟ ਲਿਆ ਅੱਜ ਤੇਰਾ ਮਾਲ ਓਏ..!! ਨਾਅਰਾ ਲਾ ਕੇ ਜਿੱਥੇ ਉਸ ਸਮੇਂ ਕਿਸਾਨਾਂ ਨੂੰ ਇਸ ਨਾਅਰੇ ਨਾਲ ਹਲੂਣਾ ਦਿੱਤਾ, ਉਥੇ ਬੜੇ ਹੀ ਮਕਬੂਲ ਹੋਏ ਇਸ ਪੱਗੜੀ ਵਾਲੇ ਨਾਅਰੇ ਨੇ ਅੰਗ੍ਰੇਜ਼ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ।
'ਆ ਗਏ ਪੱਗਾਂ ਪੋਚਵੀਆਂ ਵਾਲੇ, ਪਾਸੇ ਹੱਟ ਜਾ ਰੰਗਲੇ ਦੁਪੱਟੇ ਵਾਲੀਏ..!! ਦੀਆਂ ਸਤਰਾਂ ਨੇ ਔਰਤਾਂ ਲਈ ਸੁਰੱਖਿਅਤ ਦੀ ਗੱਲ ਕੀਤੀ ਪਰ ਅਫਸੋਸ ਜਿੱਥੇ ਪੱਗੜੀ ਦਾ ਐਨਾ ਮਾਣ ਸਤਿਕਾਰ ਰਿਹਾ ਪਰ ਉਥੇ ਪੱਗੜੀ ਲਈ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ 'ਚ ਖਤਰੇ ਬਣੇ ਰਹੇ। ਮੌਜੂਦਾ ਦੌਰ 'ਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ 'ਤੇ ਮਿਹਨਤ ਦਾ ਪੂਰਾ ਮੁੱਲ ਨਾ ਮਿਲਣ ਕਾਰਨ, ਸਮੇਂ ਦੀਆਂ ਸਰਕਾਰਾਂ ਦੀ ਖੇਤੀਬਾੜੀ ਲਈ ਕੋਈ ਠੋਸ ਢੁੱਕਵੀਂ ਨੀਤੀ ਨਾ ਹੋਣ ਕਾਰਨ, ਵਿਦੇਸ਼ੀ ਸਾਮਰਾਜ ਦੀ ਖੇਤੀਬਾੜੀ ਸੈਕਟਰ 'ਚ ਦਖਲਅੰਦਾਜ਼ੀ ਨਾਲ ਸਤਾਇਆ ਹੋਇਆ ਕਿਸਾਨ ਆਪਣੀ ਪੱਗ ਨੂੰ ਗਲ 'ਚ ਪਾ ਕੇ ਫਾਹਾ ਲੈ ਰਿਹਾ ਹੈ। ਜਿਹੜਾ ਕਿ ਪੱਗ ਲਈ ਗੰਭੀਰ ਖਤਰਾ ਹੈ। ਪੱਗ ਦੀ ਇੱਜ਼ਤ ਨੂੰ ਉਸ ਵੇਲੇ ਵੀ ਦਾਗ ਲੱਗਦਾ ਹੈ, ਜਦੋਂ ਕੋਈ ਵਿਅਕਤੀ ਆਗੂ ਆਪਣੇ ਨਿੱਜੀ ਹਿੱਤਾਂ ਲਈ ਦਲ ਬਦਲੀ ਕਰਦਾ ਹੈ ਤਾਂ ਪੱਗ ਦਾ ਰੰਗ ਬਦਲਦਾ ਹੈ, ਤਾਂ ਲੋਕ ਪੱਖੀ ਗਾਇਕ ਜਗਸੀਰ ਜੀਦਾਂ ਦੀਆਂ ਸਤਰਾਂ 'ਪੱਗ ਰੰਗ ਦੇ ਲਲਾਰੀਆ ਮੇਰੀ ਹੁਣ ਰਾਜਨੀਤੀ ਬਦਲ ਗਈ..!! ਇਨ੍ਹਾਂ 'ਤੇ ਉਸ ਸਮੇਂ ਸਹੀ ਢੁਕ ਜਾਂਦੀਆਂ ਹਨ। ਇਸੇ ਤਰ੍ਹਾਂ ਜਦੋਂ ਵਿਧਾਨ ਸਭਾ ਜਾਂ ਲੋਕ ਸਭਾ 'ਚ ਚੁਣੇ ਹੋਏ ਵਿਧਾਇਕਾਂ ਤੇ ਪਾਰਲੀਮੈਂਟ ਮੈਂਬਰਾਂ ਵਲੋਂ ਅਤੇ ਕਈ ਧਾਰਮਕ ਅਸਥਾਨਾਂ 'ਚ ਇਕ ਦੂਜੇ ਦੀਆਂ ਪੱਗਾਂ ਉਤਾਰੀਆਂ ਜਾਂਦੀਆਂ ਹਨ ਜਾਂ ਫਿਰ ਪੁਲਸ ਵਲੋਂ ਹੱਕ ਮੰਗਦੇ ਲੋਕਾਂ ਦੀਆਂ ਪੱਗਾਂ ਉਤਾਰ ਕੇ ਉਨ੍ਹਾਂ ਨੂੰ ਪੈਰਾਂ 'ਚ ਰੋਲ ਕੇ ਜ਼ਲੀਲ ਕੀਤਾ ਜਾਂਦਾ ਹੈ, ਤਾਂ ਅਜਿਹੇ ਹਾਲਾਤ 'ਤੇ ਇਕ ਗਾਇਕ ਦੀਆਂ ਸਤਰਾਂ 'ਸਾਡੀ ਪੱਗ ਨੂੰ ਫਰਾਂਸ 'ਚ ਖਤਰਾ, ਇਥੇ ਪੱਗੋ ਪੱਗੀ ਹੋ ਗਏ ਖਾਲਸੇ..!! ਸਹੀ ਢੁੱਕਦੀਆਂ ਹਨ। ਪੱਗ ਦੀ ਲਾਜ ਰੱਖਣ ਲਈ ਆਪਣੇ ਅਸੂਲਾਂ ਦੀ ਪਾਲਣਾ ਕਰਨੀ ਪਵੇਗੀ। ਜੇਕਰ ਅਜਿਹਾ ਹੋ ਗਿਆ ਤਾਂ ਹੀ ਪੱਗੜੀ ਬੇਦਾਗ ਰਹਿ ਸਕਦੀ ਹੈ। ਪੰਜਾਬ 'ਚ ਦਿਨੋ-ਦਿਨ ਵਧ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਾਲ ਜਿਹੜਾ ਵੱਡਾ ਦੁਖਾਂਤ ਵਾਪਰ ਰਿਹਾ ਹੈ, ਉਸ ਦਾ ਕਾਰਨ ਵਿਦੇਸ਼ੀਆਂ ਲਈ ਮੰਡੀਆਂ ਦੇ ਰਸਤੇ ਖੋਲ੍ਹਣਾ ਹੈ। ਇਸੇ ਕਰ ਕੇ ਤਾਂ ਕਿਹਾ ਜਾ ਰਿਹਾ ਹੈ 'ਜੱਟਾ ਤੇਰੀ ਪੱਗੜੀ ਤਾਂ ਕਰਜ਼ੇ ਨੇ ਰੋਲਤੀ, ਤੇਰੇ ਵਤਨ ਦੀ ਮੰਡੀ ਤਾਂ ਵਿਦੇਸ਼ੀਆਂ ਲਈ ਖੋਲ੍ਹਤੀ..!!
ਆੜ੍ਹਤੀਆ ਐਸੋਸੀਏਸ਼ਨ ਵਲੋਂ ਮੰਡੀਆਂ ਦਾ ਕੰਮ ਬੰਦ ਕਰਨ ਦੀ ਚਿਤਾਵਨੀ
NEXT STORY