ਚੰਡੀਗੜ੍ਹ (ਬਿਊਰੋ) - ਫਤਿਆਬਾਦ (ਤਰਨਤਾਰਨ) ਵਿਖੇ ਇਕ ਕਿਸਾਨ ਵਲੋਂ ਖੁਦਕੁਸ਼ੀ ਕਰਨ 'ਤੇ ਪਰਚਾ ਆੜ੍ਹਤੀ ਖਿਲਾਫ ਦਰਜ ਹੋਣ ਵਿਰੁੱਧ ਪੰਜਾਬ ਦੇ ਆੜ੍ਹਤੀਆਂ ਦੀ ਇਕ ਮੀਟਿੰਗ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਆੜ੍ਹਤੀ ਵਿਰੁੱਧ ਦਰਜ ਹੋਏ ਝੂਠੇ ਕੇਸ 'ਤੇ ਰੋਸ ਪ੍ਰਗਟ ਕਰਦਿਆਂ ਚੀਮਾ ਨੇ ਕਿਹਾ ਕਿ ਆੜ੍ਹਤੀਆਂ ਦੀ ਅਮਨ-ਪਸੰਦ ਜਮਾਤ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਿਛਲੀ ਉਗਰਾਹੀ ਵਾਪਸ ਨਹੀਂ ਮੁੜ ਰਹੀ ਤਾਂ ਆੜ੍ਹਤੀਆਂ ਨੂੰ ਹੋਰ ਅਡਵਾਂਸ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਆੜ੍ਹਤੀਆਂ ਵਿਰੁੱਧ ਨਿੱਤ-ਨਵੇਂ ਕਾਨੂੰਨ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜੋ ਬਰਦਾਸ਼ਤ ਨਹੀਂ ਕੀਤੇ ਜਾਣਗੇ। ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਮੁੱਖ ਮੰਤਰੀ ਦਫਤਰ ਵਲੋਂ ਕਿਸਾਨ ਖੁਦਕੁਸ਼ੀਆਂ ਬਾਰੇ ਆੜ੍ਹਤੀਆਂ ਵਿਰੁੱਧ ਝੂਠੇ ਕੇਸ ਦਰਜ ਕਰਨ ਤੋਂ ਪਹਿਲਾਂ ਸਬੰਧਤ ਇਲਾਕੇ ਦੇ ਐੱਸ. ਡੀ. ਐੱਮ. ਅਤੇ ਡੀ. ਐੱਸ. ਪੀ. ਤੋਂ ਜਾਂਚ ਕਰਵਾਈ ਜਾਵੇ ਅਤੇ ਸ਼ਿਕਾਇਤ ਝੂਠੀ ਪਾਏ ਜਾਣ 'ਤੇ ਜ਼ਿੰਮੇਵਾਰ ਲੋਕਾਂ 'ਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੂਬਾਈ ਜਨਰਲ ਸਕੱਤਰ ਅਤੇ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਸਾਰੇ ਜ਼ਿਲਾ ਪ੍ਰਧਾਨਾਂ ਵਲੋਂ ਐਲਾਨ ਕੀਤਾ ਕਿ ਜੇ ਫਤਿਆਬਾਦ ਪੁਲਸ ਵਲੋਂ ਕੇਸ ਵਾਪਸ ਨਾ ਲਿਆ ਗਿਆ ਤਾਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਬੰਦ ਕੀਤੀਆਂ ਜਾਣਗੀਆਂ।
ਪਾਕਿਸਤਾਨੀ ਰੇਂਜਰਜ਼ ਨੇ ਨਹੀਂ ਲਈ ਪਾਕਿ ਸਮੱਗਲਰ ਦੀ ਲਾਸ਼
NEXT STORY