ਦਿੜ੍ਹਬਾ ਮੰਡੀ (ਅਜੈ, ਬਾਂਸਲ, ਸਰਾਓ) - ਸੂਬੇ ਦੇ ਕਿਸਾਨਾਂ ਵੱਲੋਂ ਕਰਜ਼ੇ ਦੇ ਬੋਝ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਪਿੰਡ ਕੜਿਆਲ ਦੇ ਕਿਸਾਨ ਜਗਤਾਰ ਸਿੰਘ (40) ਪੁੱਤਰ ਮਹਿੰਦਰ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਤਨੀ ਸ਼ਰਨਜੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦਾ ਪਤੀ ਕਰਜ਼ੇ ਨੂੰ ਲੈ ਕੇ ਪਿਛਲੇ ਸਮੇਂ ਤੋਂ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਉਸ ਦੇ ਪਤੀ ਦੇ ਹਿੱਸੇ ਦੀ ਜ਼ਮੀਨ ਬਹੁਤ ਘੱਟ ਸੀ ਪਰ ਸਿਰ 'ਤੇ ਕਈ ਲੱਖ ਦਾ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ਾ ਸੀ। ਅੱਜ ਸਵੇਰੇ ਉਸ ਦੀ ਲਾਸ਼ ਖੇਤ 'ਚੋਂ ਮਿਲੀ। ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ 15 ਸਾਲ ਪਹਿਲਾਂ ਉਸ ਦੇ ਪਿਤਾ ਦੀ ਖੇਤ 'ਚ ਕੰਮ ਕਰਨ ਸਮੇਂ ਮੋਟਰ ਦੀ ਖੂਹੀ ਵਿਚ ਡਿੱਗਣ ਕਾਰਨ ਮੌਤ ਹੋ ਗਈ ਸੀ ਅਤੇ ਤਕਰੀਬਨ ਇਕ ਸਾਲ ਪਹਿਲਾਂ ਉਸ ਦੇ ਛੋਟੇ ਭਰਾ ਬਲਕਾਰ ਸਿੰਘ ਨੂੰ ਸੜਕ ਹਾਦਸੇ ਨੇ ਸਦਾ ਲਈ ਖੋਹ ਲਿਆ। ਉਸ ਦੀ ਵਿਧਵਾ ਪਤਨੀ ਅਤੇ ਇਕ ਬੱਚੇ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਵੀ ਜਗਤਾਰ ਸਿੰਘ ਦੇ ਸਿਰ 'ਤੇ ਸੀ।
ਇਸ ਤੋਂ ਇਲਾਵਾ ਜਗਤਾਰ ਸਿੰਘ ਆਪਣੀ ਇਕ ਲੜਕੀ ਅਤੇ 2 ਲੜਕਿਆਂ ਸਣੇ ਪਤਨੀ ਤੇ ਮਾਂ ਦਾ ਵੀ ਇਕਲੌਤਾ ਹੀ ਸਹਾਰਾ ਸੀ, ਜੋ ਕਿ ਜ਼ਮੀਨ ਠੇਕੇ 'ਤੇ ਲੈ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਥਾਣਾ ਦਿੜ੍ਹਬਾ ਦੇ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਪੋਸਟਮਾਰਟਮ ਕਰਵਾਉਣ ਉਪਰੰਤ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਢਾਈ ਸਾਲ ਦੇ ਬੱਚੇ ਦੀ ਕਰੰਟ ਲੱਗਣ ਨਾਲ ਮੌਤ
NEXT STORY