ਮਜੀਠਾ (ਪ੍ਰਿਥੀਪਾਲ ਹਰੀਆਂ) : ਪੁਲਸ ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਜਿਜੇਆਣੀ ਵਿਖੇ ਪਿਓ, ਮਤਰਏ ਭਰਾਵਾਂ ਅਤੇ ਮਤਰੇਈ ਮਾਂ ਵੱਲੋ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਮਜੀਠਾ ਦੇ ਪਿੰਡ ਜਿਜੇਆਣੀ ਵਿਖੇ ਘਰੇਲੂ ਕਲੇਸ਼ ਦੇ ਚੱਲਦਿਆਂ ਮਲਕੀਤ ਸਿੰਘ, ਉਸ ਦੀ ਦੂਸਰੀ ਪਤਨੀ ਅਤੇ ਪਤਨੀ ਦੇ ਦੋ ਮੁੰਡਿਆਂ ਵੱਲੋ ਆਪਣੇ ਮਤਰਏ ਭਰਾ ਆਕਾਸ਼ਦੀਪ ਸਿੰਘ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਕਾਸ਼ਦੀਪ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਆਕਾਸ਼ਦੀਪ ਸਿੰਘ ਦਾ ਆਪਣੇ ਪਿਤਾ ਅਤੇ ਭਰਾਵਾਂ ਨਾਲ ਰਿਹਾਇਸ਼ੀ ਜਗ੍ਹਾ ਕਰਕੇ ਅਕਸਰ ਲੜਾਈ ਝਗੜਾ ਰਹਿੰਦਾ ਸੀ। ਆਕਾਸ਼ਦੀਪ ਸਿੰਘ ਦੇ ਪਿਤਾ ਮਲਕੀਤ ਸਿੰਘ ਦੇ ਦੋ ਵਿਆਹ ਹੋਏ ਸਨ ਉਸ ਦਾ ਪਤੀ ਆਕਾਸ਼ਦੀਪ ਸਿੰਘ ਉਸ ਦੀ ਪਹਿਲੀ ਪਤਨੀ ਵਿਚੋਂ ਸੀ ਅਤੇ ਦੂਸਰੀ ਪਤਨੀ ਦੇ ਦੋ ਬੇਟੇ ਗੁਰਪ੍ਰੀਤ ਸਿੰਘ ਅਤੇ ਜਸ਼ਨਦੀਪ ਸਿੰਘ ਹਨ। ਜਿਹੜੇ ਕਿ ਉਸ ਦੇ ਪਤੀ ਨੂੰ ਚੰਗਾ ਨਹੀਂ ਸਮਝਦੇ ਸਨ।
ਉਸ ਨੇ ਦੱਸਿਆ ਕਿ ਪਿੰਡ ਵਿਚ ਰਿਹਾਇਸ਼ ਵਾਲਾ ਸਾਰਾ ਘਰ ਉਸ ਦੇ ਪਤੀ ਆਕਾਸ਼ਦੀਪ ਸਿੰਘ ਨੇ ਬਣਾਇਆ ਹੈ ਪਰ ਉਸ ਦੇ ਮਤਰਏ ਭਰਾ ਉਸ ਨੂੰ ਇਸ ਘਰ ਵਿਚ ਨਹੀਂ ਰਹਿਣ ਦਿੰਦੇ ਸਨ। ਇਸ ਕਰਕੇ ਇਨ੍ਹਾਂ ਦਾ ਆਪਸ ਵਿਚ ਲੜਾਈ ਝਗੜਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਕਤਲ ਵਾਲੇ ਦਿਨ ਵੀ ਜਦ ਉਸ ਦਾ ਪਤੀ ਆਕਾਸ਼ਦੀਪ ਸਿੰਘ ਸ਼ਾਮ ਵਕਤ ਘਰ ਆਇਆ ਤਾਂ ਉਸ ਦੇ ਪਿਤਾ ਮਲਕੀਤ ਸਿੰਘ, ਮਤਰਏ ਭਰਾ ਗੁਰਪ੍ਰੀਤ ਸਿੰਘ, ਜ਼ਸਨਦੀਪ ਸਿੰਘ, ਮਤਰੇਈ ਮਾਂ ਕੁਲਦੀਪ ਕੌਰ ਨੇ ਰਲ ਕੇ ਉਸਦੇ ਪਤੀ ਤੇ ਬੇਸ ਬਾਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਇਕ ਕਮਰੇ ਵਿਚ ਅੰਦਰ ਬੰਦ ਕਰ ਦਿੱਤਾ। ਇਨ੍ਹਾਂ ਸਾਰਿਆਂ ਨੇ ਉਸ ਦੇ ਪਤੀ ਆਕਾਸ਼ਦੀਪ ਸਿੰਘ ਨੂੰ ਮਾਰ ਕੇ ਉਸਦੀ ਲਾਸ਼ ਨੂੰ ਰਾਤ ਸਮੇਂ ਨਹਿਰ ਵਿਚ ਸੁੱਟ ਦਿੱਤਾ।
ਇਸ ਦੌਰਾਨ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਕਮਲਮੀਤ ਸਿੰਘ ਨੇ ਦੱਸਿਆ ਕਿ ਪਿੰਡ ਜਿਜੇਆਣੀ ਵਿਖੇ ਨੌਜਵਾਨ ਅਕਾਸ਼ਦੀਪ ਸਿੰਘ ਦਾ ਉਸ ਦੇ ਪਿਓ, ਮਤਰੇਈ ਮਾਂ ਅਤੇ ਮਤਰਏ ਭਰਾਵਾਂ ਵੱਲੋ ਘਰੇਲੂ ਕਲੇਸ਼ ਦੇ ਚਲਦਿਆਂ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਕਾਸ਼ਦੀਪ ਸਿੰਘ ਵੱਖ ਵੱਖ ਮੁਕੱਦਮਿਆਂ ਵਿਚ ਜੇਲ ਵਿਚ ਬੰਦ ਸੀ ਅਤੇ ਦੋ ਦਿਨ ਪਹਿਲਾਂ ਹੀ ਜ਼ਮਾਨਤ ਤੇ ਬਾਹਰ ਆਇਆ ਸੀ। ਉਨ੍ਹਾਂ ਦੱਸਿਆ ਕਿ ਆਕਾਸ਼ਦੀਪ ਸਿੰਘ ਦੀ ਪਤਨੀ ਕਿਰਨਦੀਪ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਪਿਓ ਮਲਕੀਤ ਸਿੰਘ ਅਤੇ ਮਾਂ ਕੁਲਦੀਪ ਕੌਰ ਮਤਰਏ ਭਰਾ ਗੁਰਪ੍ਰੀਤ ਸਿੰਘ, ਜਸ਼ਨਦੀਪ ਸਿੰਘ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ ਮਲਕੀਤ ਸਿੰਘ ਅਤੇ ਕੁਲਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਸਰੇ ਦੋ ਮੁਲਜ਼ਮਾ ਗੁਰਪ੍ਰੀਤ ਸਿੰਘ ਅਤੇ ਜ਼ਸ਼ਨਦੀਪ ਸਿੰਘ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਸੀ ਜਿਸ ਦੀ ਇਲਾਕੇ ਵਿਚ ਮੁਸ਼ਤੈਦੀ ਨਾਲ ਭਾਲ ਕੀਤੀ ਜਾ ਰਹੀ ਹੈ। ਜਲਦੀ ਲਾਸ਼ ਮਿਲ ਜਾਵੇਗੀ ਅਤੇ ਰਹਿੰਦੇ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਜਲੰਧਰ 'ਚ ਚਲਦੀ ਰੋਡਵੇਜ਼ ਦਾ ਨਿਕਲਿਆ ਟਾਇਰ, 20 ਫੁੱਟ ਤੱਕ ਘੜੀਸਦੀ ਰਹੀ ਬੱਸ
NEXT STORY