ਮਾਛੀਵਾੜਾ ਸਾਹਿਬ (ਟੱਕਰ)- ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਦੇ ਫੰਡਾਂ ਵਿਚ ਪ੍ਰਬੰਧਕ ਕਮੇਟੀ ਦੇ 2 ਅਹੁਦੇਦਾਰਾਂ ਵਲੋਂ ਵੱਡੀ ਘਪਲੇਬਾਜ਼ੀ ਕਰਨ ਦੇ ਦੋਸ਼ਾਂ ਦਾ ਮਾਮਲਾ ਪਿਛਲੇ ਕਾਫ਼ੀ ਦਿਨਾਂ ਤੋਂ ਸੁਰਖ਼ੀਆਂ ਵਿਚ ਛਾਇਆ ਹੋਇਆ ਹੈ ਅਤੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਮੁਕੰਮਲ ਕਰ 2 ਵਿਅਕਤੀ ਦਲਜੀਤ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਰਾਠੌਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਾ ਵਧਾਵਾ ਸਿੰਘ ਨੇ ਪੁਲਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਥੇ ਪਹਿਲਾਂ ਸੇਵਾ ਕਰਦੇ ਰਹੇ ਬਾਬਾ ਜਰਨੈਲ ਸਿੰਘ ਦੇ ਅਕਾਲ ਚਲਾਣਾ ਉਪਰੰਤ ਇਸ ਗੁਰੂ ਘਰ ਦੀ ਸੇਵਾ ਉਨ੍ਹਾਂ ਨੂੰ ਸੰਭਾਲੀ ਗਈ ਸੀ। ਉਨ੍ਹਾਂ ਦੱਸਿਆ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਜਿਸਦੇ ਖਾਤੇ ਵਿਚ 2.94 ਕਰੋਡ਼ ਰੁਪਏ ਮੌਜੂਦ ਸਨ। ਸ਼ਿਕਾਇਤਕਰਤਾ ਅਨੁਸਾਰ ਇਸ ਕਮੇਟੀ ਵਿਚ ਦਲਜੀਤ ਸਿੰਘ ਗਿੱਲ ਤੇ ਜਗਦੀਸ਼ ਸਿੰਘ ਰਾਠੌਰ ਨੇ ਇਹ 2.94 ਕਰੋਡ਼ ਰੁਪਏ ਦੀ ਰਾਸ਼ੀ ਇੱਕ ਨਵੇਂ ਬੈਂਕ ਖਾਤੇ ਵਿਚ ਖੁੱਲ੍ਹਵਾ ਕੇ ਸਾਰੇ ਪੈਸੇ ਉਸ ਵਿਚ ਟਰਾਂਸਫਰ ਕਰ ਲਏ ਅਤੇ ਮੇਰੇ ਤੋਂ ਕੁਝ ਖਾਲੀ ਚੈੱਕਾਂ ’ਤੇ ਦਸਤਖ਼ਤ ਵੀ ਕਰਵਾ ਲਏ। ਪ੍ਰਬੰਧਕ ਕਮੇਟੀ ਦੇ ਉਕਤ ਆਗੂਆਂ ਨੇ ਮੈਨੂੰ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਨਵੀ ਇਮਾਰਤ ਬਣ ਰਹੀ ਹੈ ਅਤੇ ਤੁਸੀਂ ਵਾਰ-ਵਾਰ ਦਿੱਲੀ ਜਾਂਦੇ ਰਹਿੰਦੇ ਹੋ ਅਤੇ ਪਿੱਛੋਂ ਪੈਸੇ ਦੀ ਲੋੜ ਪੈਂਦੀ ਹੈ ਜਿਸ ’ਤੇ ਮੈਂ ਖਾਲੀ ਚੈੱਕਾਂ ’ਤੇ ਦਸਤਖ਼ਤ ਕਰਕੇ ਇਨ੍ਹਾਂ ਨੂੰ ਸੌਂਪ ਦਿੱਤੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਬੰਬ ਦੀ ਧਮਕੀ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ
ਬਾਬਾ ਵਧਾਵਾ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਕਿ ਕੁਝ ਸਮੇਂ ਬਾਅਦ ਇਨ੍ਹਾਂ ਨੇ ਮੇਰੇ ਬੈਂਕ ਵਿਚ ਦਸਤਖ਼ਤ ਕਰਨ ਦਾ ਅਧਿਕਾਰ ਵੀ ਖਤਮ ਕਰਵਾ ਮੈਨੂੰ ਹਿਸਾਬ ਦੇਣਾ ਵੀ ਬੰਦ ਕਰ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸ ਨੂੰ ਸ਼ੱਕ ਹੋਇਆ ਕਿ ਬੈਂਕ ਖਾਤੇ ਦੇ ਪੈਸੇ ਵਿਚ ਘਪਲੇਬਾਜ਼ੀ ਹੋ ਰਹੀ ਹੈ ਤਾਂ ਉਸ ਨੇ ਖਾਤੇ ਦੀ ਸਟੇਟਮੈਂਟ ਕਢਵਾਈ ਜਿਸ ਤੋਂ ਪਤਾ ਲੱਗਾ ਕਿ ਇਸ ਵਿਚ ਕੇਵਲ 26 ਹਜ਼ਾਰ ਰੁਪਏ ਬਕਾਇਆ ਰਹਿ ਗਏ ਹਨ। ਕਾਰ ਸੇਵਾ ਵਾਲੇ ਬਾਬਾ ਵਧਾਵਾ ਸਿੰਘ ਅਨੁਸਾਰ ਬੈਂਕ ਸਟੇਟਮੈਂਟ ਦੀ ਪਡ਼ਤਾਲ ਤੋਂ ਪਤਾ ਲੱਗਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਂਕ ਖਾਤੇ ’ਚੋਂ 50 ਲੱਖ ਰੁਪਏ ਦੇ ਕਰੀਬ ਵੱਖ-ਵੱਖ ਐਂਟਰੀਆਂ ਰਾਹੀਂ ਜਗਦੀਸ਼ ਸਿੰਘ ਰਾਠੌਰ ਦੇ ਖਾਤੇ ਵਿਚ ਗਏ ਅਤੇ 35 ਲੱਖ ਰੁਪਏ ਦਲਜੀਤ ਸਿੰਘ ਗਿੱਲ ਦੇ ਖਾਤੇ ਤੇ ਇੱਕ ਨਿੱਜੀ ਰਿਸ਼ਤੇਦਾਰ ਦੇ ਖਾਤੇ ਵਿਚ ਪਾਈ ਗਈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਬੈਂਕ ਖਾਤੇ ਵਿਚੋਂ ਨਕਦ ਰੂਪ ਵਿਚ ਇਨ੍ਹਾਂ ਵਿਅਕਤੀਆਂ ਨੇ ਵੱਡੇ ਪੈਸੇ ਕਢਵਾ ਕੇ ਵੱਡਾ ਘਪਲਾ ਕੀਤਾ ਹੋਇਆ ਹੈ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਇਹ ਧਮਕਾਉਣ ਲੱਗੇ ਅਤੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਲੱਗੇ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਘਰ ਦਾ ਪ੍ਰਬੰਧ ਇਸ ਪ੍ਰਬੰਧਕ ਕਮੇਟੀ ਕੋਲ ਸੀ ਤਾਂ ਇਹ ਗੁਰੂ ਕੀ ਗੋਲਕ ਵੀ ਆਪ ਖੋਲ੍ਹਦੇ ਸਨ ਅਤੇ ਪਿਛਲੇ ਸਮੇਂ ਦੌਰਾਨ ਜੋ ਗੋਲਕਾਂ ਖੋਲ੍ਹੀਆਂ ਗਈਆਂ ਉਹ ਕੈਮਰਾ ਬੰਦ ਕਰਕੇ ਖੋਲ੍ਹੀਆਂ ਗਈਆਂ ਅਤੇ ਸੰਗਤ ਦਾ ਸਾਰਾ ਪੈਸਾ ਬੋਰੀਆਂ ਵਿਚ ਪਾ ਕੇ ਕਿਤੇ ਲੈ ਕੇ ਜਾਂਦੇ ਸਨ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ। ਕਾਰ ਸੇਵਾ ਵਾਲੇ ਬਾਬਾ ਵਧਾਵਾ ਸਿੰਘ ਅਨੁਸਾਰ ਇਹ ਸਾਰਾ ਪੈਸਾ ਸੰਗਤ ਦਾ ਹੈ ਅਤੇ ਇਸ ਦਾ ਪੂਰਾ ਹਿਸਾਬ ਹੋਣਾ ਚਾਹੀਦਾ ਹੈ। ਉਨ੍ਹਾਂ ਸ਼ਿਕਾਇਤ ਵਿਚ ਦੱਸਿਆ ਕਿ ਸੰਗਤ ਵਿਚ ਇਸ ਵੱਡੇ ਘਪਲੇਬਾਜ਼ੀ ਕਾਰਨ ਕਾਫ਼ੀ ਰੋਹ ਪਾਇਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਵਲੋਂ ਸ਼ਿਕਾਇਤ ਦੇ ਅਧਾਰ ’ਤੇ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਦਲਜੀਤ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਰਾਠੌਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾ ਭਰੀ ਖ਼ਬਰ
ਕੀ ਹੈ ਪੁਲਸ ਦੀ ਸਿੱਟਾ ਰਿਪੋਰਟ
ਪੁਲਸ ਉੱਚ ਅਧਿਕਾਰੀਆਂ ਵਲੋਂ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਪਾਇਆ ਕਿ ਦਲਜੀਤ ਸਿੰਘ ਗਿੱਲ ਤੇ ਜਗਦੀਸ਼ ਸਿੰਘ ਰਾਠੌਰ ਨੇ ਵੱਖ-ਵੱਖ ਮਿਤੀਆਂ ਨੂੰ ਆਪਣੇ ਨਿੱਜੀ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿਚ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਮਾਛੀਵਾਡ਼ਾ ਦੇ ਖਾਤੇ ’ਚੋਂ ਗਲਤ ਢੰਗ ਨਾਲ ਬੇਈਮਾਨੀ ਨਾਲ ਪੈਸੇ ਭੇਜ ਕੇ ਹਡ਼ੱਪਣ ਦੀ ਨੀਅਤ ਨਾਲ ਧੋਖਾਧਡ਼ੀ ਕੀਤੀ ਹੈ। ਪੁਲਸ ਅਨੁਸਾਰ ਜੇਕਰ ਇਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਚਲਾਇਆ ਸੀ ਤਾਂ ਪੈਸਿਆਂ ਦੀ ਅਦਾਇਗੀ ਸਿੱਧੇ ਤੌਰ ’ਤੇ ਸਬੰਧਿਤ ਠੇਕੇਦਾਰ ਦੇ ਖਾਤੇ, ਦੁਕਾਨਦਾਰਾਂ ਦੇ ਖਾਤੇ ਵਿਚ ਭੇਜਣੀ ਬਣਦੀ ਸੀ ਜੋ ਇਨ੍ਹਾਂ ਨੇ ਨਹੀਂ ਕੀਤੀ। ਜਗਦੀਸ਼ ਸਿੰਘ ਰਾਠੌਰ ਤੇ ਦਲਜੀਤ ਸਿੰਘ ਗਿੱਲ ਨੇ ਆਪਣੇ ਨਿੱਜੀ ਖਾਤਿਆਂ ਵਿਚ ਪੈਸੇ ਭੇਜ ਕੇ ਨਿੱਜੀ ਲਾਭ ਲਿਆ ਹੈ ਅਤੇ ਨਜ਼ਦੀਕੀ ਵਿਅਕਤੀਆਂ ਨੂੰ ਲਾਭ ਪਹੁੰਚਾਇਆ ਹੈ। ਫਿਲਹਾਲ ਮੁੱਢਲੀ ਪਡ਼ਤਾਲ ਦੌਰਾਨ ਉਕਤ ਦੋਵਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।
ਗੁਰਦੁਆਰਾ ਸਾਹਿਬ ਦੇ ਖਾਤੇ ’ਚੋਂ ਕਿੱਥੇ-ਕਿੱਥੇ ਪੈਸੇ ਟਰਾਂਸਫਰ ਹੋਏ
ਪੁਲਸ ਵਲੋਂ ਮਾਮਲੇ ਦੀ ਜਾਂਚ ਦੌਰਾਨ ਦੇਖਿਆ ਗਿਆ ਕਿ ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੇ ਖਾਤੇ ’ਚੋਂ ਕਾਫ਼ੀ ਵੱਡੀ ਰਕਮ ਪ੍ਰਬੰਧਕ ਕਮੇਟੀ ਦੇ 2 ਆਗੂਆਂ ਦੇ ਖਾਤਿਆਂ ਵਿਚ ਗਈ ਹੈ ਜਿਸ ਦਾ ਐੱਫਆਈਆਰ ਵਿਚ ਵੇਰਵਾ ਵੀ ਦਰਜ ਹੈ।
ਜਗਦੀਸ਼ ਸਿੰਘ ਰਾਠੌਰ ਨੇ ਗੁਰਦੁਆਰਾ ਸਾਹਿਬ ਦੇ ਖਾਤੇ ’ਚੋਂ ਆਪਣੇ ਨਿੱਜੀ ਖਾਤੇ ਵਿਚ ਟਰਾਂਸਫਰ ਕੀਤੀਆਂ ਰਾਸ਼ੀਆਂ ਦਾ ਵੇਰਵਾ
1. 18 ਨਵੰਬਰ 2023 ਨੂੰ 5 ਲੱਖ ਰੁਪਏ
2. 29 ਨਵੰਬਰ 2023 ਨੂੰ 30 ਹਜ਼ਾਰ ਰੁਪਏ
3. 1 ਦਸੰਬਰ 2023 ਨੂੰ 7 ਲੱਖ ਰੁਪਏ
4. 19 ਮਾਰਚ 2024 ਨੂੰ 37 ਹਜ਼ਾਰ ਰੁਪਏ
5. 10 ਮਾਰਚ 2024 ਨੂੰ 79,200 ਰੁਪਏ
6. 20 ਜੁਲਾਈ 2024 ਨੂੰ 7 ਲੱਖ ਰੁਪਏ
7. 29 ਜੁਲਾਈ 2024 ਨੂੰ 18 ਲੱਖ ਰੁਪਏ
ਇਸੇ ਤਰ੍ਹਾਂ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਦਲਜੀਤ ਸਿੰਘ ਗਿੱਲ ਨੇ ਆਪਣੇ ਨਿੱਜੀ ਖਾਤਾ ਨੰਬਰ ਵਿਚ ਟਰਾਂਸਫਰ ਕੀਤੀਆਂ ਰਾਸ਼ੀਆਂ ਦਾ ਵੇਰਵਾ
1. 27 ਸਤੰਬਰ 2023 ਨੂੰ 10 ਲੱਖ ਰੁਪਏ
2. 26 ਫਰਵਰੀ 2024 ਨੂੰ 7 ਲੱਖ ਰੁਪਏ
ਇਸ ਤੋਂ ਇਲਾਵਾ ਰਿਸ਼ਤੇਦਾਰਾਂ ਦੇ ਖਾਤਿਆਂ ਅਤੇ ਜੋ ਨਕਦੀ ਕਢਾਈ ਗਈ ਹੈ ਉਹ ਅਲੱਗ ਹੈ।
ਇਹ ਖ਼ਬਰ ਵੀ ਪੜ੍ਹੋ - ਵਿਆਹ ਤੋਂ ਕੁਝ ਚਿਰ ਮਗਰੋਂ ਵੱਡਾ ਕਾਂਡ ਕਰ ਗਈ ਲਾੜੀ! ਹੋਸ਼ਾ ਉਡਾ ਦੇਵੇਗਾ ਪੂਰਾ ਮਾਮਲਾ (ਵੀਡੀਓ)
ਗੁਰੂ ਘਰ ਦੇ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੇ ਕੀ ਦਿੱਤਾ ਆਪਣਾ ਪੱਖ
ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਦੇ ਫੰਡਾਂ ਵਿਚ ਘਪਲੇਬਾਜ਼ੀ ਦਾ ਸਾਹਮਣਾ ਕਰ ਰਹੇ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਜਗਦੀਸ਼ ਸਿੰਘ ਰਾਠੌਰ ਤੇ ਦਲਜੀਤ ਸਿੰਘ ਗਿੱਲ ਨੇ ਪੱਤਰਕਾਰਾਂ ਅੱਗੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਗੁਰੂ ਘਰ ਦੇ ਖਾਤੇ ’ਚੋਂ ਜੋ ਵੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤੇ ਵਿਚ ਆਈ ਜਾਂ ਉਨ੍ਹਾਂ ਨੇ ਨਕਦ ਕਢਵਾਈ ਹੈ ਉਸਦੀ ਗੁਰਦੁਆਰਾ ਸਾਹਿਬ ਦੇ ਬਾਹਰ ਬਣਦੀ ਨਵੀਂ ਇਮਾਰਤ ’ਤੇ ਪੈਸਾ ਖਰਚਿਆ ਹੈ ਜਿਸਦਾ ਉਨ੍ਹਾਂ ਕੋਲ ਹਿਸਾਬ ਹੈ। ਉਨ੍ਹਾਂ ਕਿਹਾ ਕਿ ਇਮਾਰਤ ਲਈ ਮਜ਼ਦੂਰਾਂ ਤੇ ਮਿਸਤਰੀਆਂ ਨੂੰ ਲੇਬਰ ਨਕਦ ਦਿੱਤੀ ਜਾਂਦੀ ਰਹੀ ਹੈ। ਇਸ ਤੋਂ ਇਲਾਵਾ ਇਮਾਰਤ ਲਈ ਲੱਖਾਂ ਰੁਪਏ ਦਾ ਸਰੀਆ ਤੇ ਸੀਮਿੰਟ ਦਾ ਉਨ੍ਹਾਂ ਨਕਦ ਅਦਾਇਗੀ ਕਰ ਕੇ ਖਰੀਦਿਆ ਤਾਂ ਜੋ ਲੱਖਾਂ ਰੁਪਏ ਜੀਐੱਸਟੀ ਟੈਕਸ ਬਚਾਇਆ ਜਾ ਸਕੇ ਅਤੇ ਇਹ ਕਰਕੇ ਵੀ ਉਨ੍ਹਾਂ ਗੁਰਦੁਆਰਾ ਸਾਹਿਬ ਦੇ ਪੈਸੇ ਦੀ ਬੱਚਤ ਕੀਤੀ ਹੈ। ਪਰਚਾ ਦਰਜ ਹੋਣ ਤੋਂ ਬਾਅਦ ਫਿਲਹਾਲ ਦੋਵੇਂ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਪੁਲਸ ਗ੍ਰਿਫ਼ਤ ਤੋਂ ਬਾਹਰ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦੇ ਉਪਰਾਲੇ ਸਦਕਾ 1076 Call ਨਾਲ ਮਿਲ ਰਹੀਆਂ ਘਰ ਬੈਠੇ ਸਹੂਲਤਾਂ
NEXT STORY