ਰਾਮਾਂ ਮੰਡੀ(ਪਰਮਜੀਤ)-ਪਿੰਡ ਰਾਮਾਂ ਤੋਂ ਐੱਚ. ਪੀ. ਸੀ. ਐੱਲ. ਰੋਡ 'ਤੇ ਸਥਿਤ ਇਕ ਸਕਰੈਪ ਗੋਦਾਮ ਵਿਚ ਬਾਅਦ ਦੁਪਹਿਰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਰਾਮਾਂ ਥਾਣਾ ਵਿਖੇ ਨਿਯੁਕਤ ਐੱਸ. ਐੱਚ. ਓ. ਹਰਬੰਸ ਸਿੰਘ, ਪੁਲਸ ਅਧਿਕਾਰੀ ਏ. ਐੱਸ. ਆਈ. ਸਾਧੂ ਸਿੰਘ ਅਤੇ ਏ. ਐੱਸ. ਆਈ. ਸਾਹਿਬ ਸਿੰਘ ਸਮੇਤ ਪੁਲਸ ਪਾਰਟੀ ਉਕਤ ਸਥਾਨ 'ਤੇ ਪੁੱਜੇ ਤੇ ਤੁਰੰਤ ਬਠਿੰਡਾ ਤੋਂ ਫਾਇਰ ਬ੍ਰਿਗੇਡ ਗੱਡੀਆਂ ਮੰਗਵਾ ਕੇ ਅੱਗ 'ਤੇ ਕਾਬੂ ਪਾਇਆ ਗਿਆ। ਗੋਦਾਮ ਮਾਲਕ ਬਲਵੀਰ ਚੰਦ ਵਾਸੀ ਰਾਮਾਂ ਮੰਡੀ ਨੇ ਦੱਸਿਆ ਕਿ ਉਸਦੇ ਸਕਰੈਪ ਗੋਦਾਮ ਵਿਚ 4 ਲੱਖ ਰੁਪਏ ਦਾ ਸਾਮਾਨ ਪਿਆ ਸੀ। ਐੱਸ. ਐੱਚ. ਓ. ਹਰਬੰਸ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਫਾਇਰ ਬ੍ਰਿਗੇਡ ਦੀ ਹੋਵੇ ਸੁਵਿਧਾ : ਸਥਾਨਕ ਸ਼ਹਿਰ ਦੇ ਵਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਕੁਮਾਰ ਗੋਇਲ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਦੋਂ ਵੀ ਕਿਸੇ ਫੈਕਟਰੀ ਜਾਂ ਗੋਦਾਮ 'ਚ ਅੱਗ ਲੱਗ ਜਾਂਦੀ ਹੈ ਤਾਂ ਰਾਮਾਂ ਮੰਡੀ 'ਚ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਕਾਫੀ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਰਾਮਾਂ ਮੰਡੀ ਵਿਖੇ ਇਕ ਫਾਇਰ ਬ੍ਰਿਗੇਡ ਦੀ ਸੁਵਿਧਾ ਦਿੱਤੀ ਜਾਵੇ। ਇਸੇ ਤਰ੍ਹਾਂ ਭਾਕਿਯੂ ਲੱਖੋਵਾਲ ਦੇ ਜ਼ਿਲਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਕਣਕ ਦੀਆਂ ਫਸਲਾਂ ਪੱਕ ਚੁੱਕੀਆਂ ਹਨ ਅਤੇ ਕਈ ਵਾਰ ਕਣਕ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ, ਜਿਸ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦਾ ਹੋਣਾ ਬਹੁਤ ਜ਼ਰੂਰੀ ਹੈ।
ਸੜਕ ਹਾਦਸੇ 'ਚ 1 ਪ੍ਰਵਾਸੀ ਮਜ਼ਦੂਰ ਦੀ ਮੌਤ; 2 ਗੰਭੀਰ ਜ਼ਖਮੀ
NEXT STORY