ਲੁਧਿਆਣਾ(ਮਹੇਸ਼)-ਬਸਤੀ ਜੋਧੇਵਾਲ ਦੇ ਕੈਲਾਸ਼ ਨਗਰ ਇਲਾਕੇ ’ਚ ਵੀਰਵਾਰ ਦੀ ਅੱਧੀ ਰਾਤ ਨੂੰ ਬਿਜਲੀ ਦੇ ਟਰਾਂਸਫਾਰਮਰ ’ਚ ਸਪਾਰਕਿੰਗ ਦੀ ਵਜ੍ਹਾ ਨਾਲ ਹੋਏ ਸ਼ਾਰਟ-ਸਕਰਟ ਨਾਲ ਇਕ 3 ਮੰਜ਼ਿਲਾ ਹੌਜ਼ਰੀ ਸਡ਼ ਕੇ ਸੁਆਹ ਹੋ ਗਈ। ਅੱਗ ਦੇ ਕਾਰਨ ਜਿੱਥੇ ਕਰੋਡ਼ਾਂ ਰੁਪਏ ਕੀਮਤ ਦੀ ਮਸ਼ੀਨਰੀ ਅਤੇ ਕੱਚਾ-ਤਿਆਰ ਮਾਲ ਸਡ਼ ਕੇ ਸੁਆਹ ਹੋ ਗਿਆ, ਉਥੇ ਇਮਾਰਤ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਉਧਰ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੂੰ ਕੰਮ ’ਤੇ ਲਾਇਆ ਗਿਆ, ਜਿਨ੍ਹਾਂ ਨੇ ਲਗਭਗ 5 ਘੰਟਿਆਂ ਦੇ ਅਣਥੱਕ ਯਤਨਾਂ ਨਾਲ ਸਵੇਰੇ 5.30 ਵਜੇ ਅੱਗ ’ਤੇ ਕਾਬੂ ਪਾਇਆ ਪਰ ਇਸ ਦੌਰਾਨ ਸਭ ਕੁੱਝ ਸਡ਼ ਕੇ ਸੁਆਹ ਹੋ ਗਿਆ। ਇਸ ਹਾਦਸੇ ’ਚ ਕਿਸੇ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਨਹੀਂ ਹੈ। ਘਟਨਾ ਸਮੇਂ ਹੌਜ਼ਰੀ ਬੰਦ ਸੀ। ਕੇ. ਕੇ. ਆਰ. ਇੰਟਰਨੈਸ਼ਨਲ ਨਾਮਕ ਹੌਜ਼ਰੀ ਦੇ ਸੰਚਾਲਕ ਲੱਕੀ ਇਨਕਲੇਵ ਨਿਵਾਸੀ ਅਮਿਤ ਨੇ ਦੱਸਿਆ ਕਿ ਉਸ ਦੇ ਇਥੇ ਟੀ-ਸ਼ਰਟਾਂ ਬਣਦੀਅਾਂ ਸੀ। ਕੱਲ ਉਹ ਕਿਸੇ ਕੰਮ ’ਚ ਦਿੱਲੀ ਗਿਆ ਹੋਇਆ ਸੀ, ਜਦੋਂਕਿ ਉਸ ਦੇ ਪਿਤਾ ਸੁਨੀਲ ਦੁਬਈ ਗਏ ਹੋਏ ਸਨ, ਕੱਲ ਰਾਤ ਲਗਭਗ 12.15 ਵਜੇ ਉਸ ਦੇ ਇਕ ਗੁਆਂਢੀ ਦਾ ਫੋਨ ਆਇਆ ਕਿ ਉਸ ਦੀ ਹੌਜ਼ਰੀ ਵਿਚ ਅੱਗ ਲੱਗ ਗਈ ਹੈ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ’ਤੇ ਉਸ ਨੇ ਆਪਣੇ ਸਹੁਰੇ ਰਵੀਕਾਂਤ ਨੂੰ ਤੁਰੰਤ ਮੌਕੇ ’ਤੇ ਭੇਜਿਆ, ਜਦ ਉਹ ਪੁੱਜੇ ਤਾਂ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਚੁੱਕੀ ਸੀ ਅਤੇ ਫਾਇਰ ਕਰਮਚਾਰੀ ਅੱਗ ਬੁਝਾਉਣ ’ਚ ਲੱਗੇ ਹੋਏ ਸਨ। ਨੇਡ਼ੇ ਹੀ ਇਕ ਹੌਜ਼ਰੀ ’ਚ ਪਾਣੀ ਦਾ ਪੰਪ ਹੋਣ ਕਰ ਕੇ ਪਾਣੀ ਦੀ ਕੋਈ ਪ੍ਰੇਸ਼ਾਨੀ ਨਹੀਂ ਆਈ। ਹੌਜ਼ਰੀ ਦਾ ਸੰਚਾਲਕ ਸਵੇਰੇ ਦਿੱਲੀ ਤੋਂ ਵਾਪਸ ਆਇਆ। ਉਸ ਦੀ ਹੌਜ਼ਰੀ ਖੰਡਰ ’ਚ ਤਬਦੀਲ ਹੋ ਚੁੱਕੀ ਸੀ। ਅੱਗ ਦੇ ਸੇਕ ਕਾਰਨ ਕੰਧਾਂ ’ਚ ਤਰੇਡ਼ਾਂ ਆ ਗਈਆਂ ਅਤੇ ਲੈਂਟਰਾਂ ਨੂੰ ਨੁਕਸਾਨ ਪੁੱਜਾ ਹੈ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਹੌਜ਼ਰੀ ਦੇ ਨਾਲ ਲੱਗਿਆ ਬਿਜਲੀ ਦਾ ਟਰਾਂਸਫਾਰਮਰ ਕੱਲ ਸ਼ਾਮ ਤੋਂ ਸਪਾਰਕਿੰਗ ਕਰ ਰਿਹਾ ਸੀ। ਰਾਤ ਨੂੰ ਅਚਾਨਕ ਟਰਾਂਸਫਾਰਮਰ ਤੋਂ ਤੇਜ਼ ਚੰਗਿਆੜੀਆਂ ਨਿਕਲਣ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਹੌਜ਼ਰੀ ਤੋਂ ਕਾਲਾ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ।
ਨਸ਼ਿਆਂ ਖਿਲਾਫ ਨਡਾਲਾ ’ਚ ਰੋਸ ਮਾਰਚ ਕੱਢਿਆ
NEXT STORY