ਮੋਹਾਲੀ (ਕੁਲਦੀਪ) : ਬਲੌਂਗੀ ਪੁਲਸ ਨੇ ਇਕ ਔਰਤ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਟ੍ਰੈਵਲ ਏਜੰਟ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਏਜੰਟ ਦਾ ਨਾਂ ਵਰਿੰਦਰ ਸਿੰਘ ਦੱਸਿਆ ਜਾਂਦਾ ਹੈ, ਜੋ ਕਿ ਮਾਤਾ ਗੁਜਰੀ ਇਨਕਲੇਵ ਖਰੜ ਦਾ ਰਹਿਣ ਵਾਲਾ ਹੈ।
ਪੁਲਸ ਸਟੇਸ਼ਨ ਬਲੌਂਗੀ ਦੇ ਐੱਸ. ਐੱਚ. ਓ. ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਪਟਿਆਲਾ ਦੀ ਵਸਨੀਕ ਅਮਨਦੀਪ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ 2016 ਵਿਚ ਵਰਿੰਦਰ ਸਿੰਘ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 5 ਲੱਖ 80 ਹਜ਼ਾਰ ਰੁਪਏ ਲਏ ਸਨ । ਏਜੰਟ ਨੇ ਉਸ ਨੂੰ ਬੇਲਾਰੂਸ ਦਾ ਸਟੱਡੀ ਵੀਜ਼ਾ ਦਿਵਾਉਣਾ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਉਸ ਦੀ ਕਾਲਜ ਫੀਸ ਹੀ ਨਹੀਂ ਜਮ੍ਹਾ ਕਰਵਾਈ ਸੀ।
ਉਸ ਤੋਂ ਬਾਅਦ ਵਰਿੰਦਰ ਨੇ ਆਪਣਾ ਦਫਤਰ ਚੰਡੀਗੜ੍ਹ 'ਚ ਖੋਲ੍ਹ ਲਿਆ ਸੀ ਤੇ ਹੁਣ ਖਰੜ ਦੇ ਟੀ. ਡੀ. ਆਈ. ਸਿਟੀ ਵਿਚ ਫਿਰ ਯੂਰਪ ਸਟੱਡੀ ਸੈਂਟਰ ਖੋਲ੍ਹ ਕੇ ਕੰਮ ਸ਼ੁਰੂ ਕਰ ਦਿੱਤਾ ਸੀ । ਪੁਲਸ ਨੂੰ ਸੂਚਨਾ ਮਿਲੀ ਤਾਂ ਵਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਉਪਰੰਤ ਅਦਾਲਤ ਵਿਚ ਪੇਸ਼ ਕੀਤਾ, ਜਿਸ ਦੌਰਾਨ ਅਦਾਲਤ ਨੇ ਉਸ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਪੁਲਸ ਉਸ ਤੋਂ ਪੁੱਛਗਿਛ ਕਰ ਰਹੀ ਹੈ।
ਫਿਰੋਜ਼ਪੁਰ : ਪੰਜਾਬ ਯੂਨੀਵਰਸਿਟੀ 'ਚ ਨਸ਼ੇ ਦਾ ਰੈਕੇਟ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼
NEXT STORY