ਜਲੰਧਰ (ਸੋਮਨਾਥ)–10 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਵਰਕਸ਼ਾਪ ਚੌਂਕ ਤੋਂ ਡੀ. ਏ. ਵੀ. ਫਲਾਈਓਵਰ ਤਕ ਦੀ ਸੜਕ 10 ਮਹੀਨੇ ਵੀ ਨਾ ਚੱਲ ਸਕਣ ਕਾਰਨ ਜਲੰਧਰ ਸਮਾਰਟ ਸਿਟੀ ਲਿਮਟਿਡ ਕੰਪਨੀ ਦੇ ਸਾਬਕਾ ਸੀ. ਈ. ਓ. ਕਰਨੇਸ਼ ਸ਼ਰਮਾ ਅਤੇ ਵਿਧਾਇਕ ਬਾਵਾ ਹੈਨਰੀ ਜੂਨੀਅਰ ਵਿਵਾਦਾਂ ਵਿਚ ਘਿਰ ਗਏ ਹਨ। ਜਲੰਧਰ ਨਾਰਥ ਹਲਕੇ ਤੋਂ ਸਾਬਕਾ ਵਿਧਾਇਕ ਅਤੇ ਸੀ. ਪੀ. ਐੱਸ. ਭੰਡਾਰੀ ਇਸ ਸਬੰਧੀ ਵਿਜੀਲੈਂਸ ਜਾਂਚ ਦੀ ਮੰਗ ਕਰ ਚੁੱਕੇ ਹਨ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਅਸ਼ੋਕ ਸਰੀਨ ਹਿੱਕੀ ਨੇ ਸਾਬਕਾ ਸੀ. ਈ. ਓ. ਕਰਣੇਸ਼ ਸ਼ਰਮਾ ਦੇ ਸਮੇਂ ਵੱਖ-ਵੱਖ ਠੇਕਾ ਕੰਪਨੀਆਂ ਨੂੰ ਅਲਾਟ ਕੀਤੇ ਗਏ ਸਾਰੇ ਪ੍ਰਾਜੈਕਟਾਂ ਦੀ ਵਿਜੀਲੈਂਸ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਵਰਣਨਯੋਗ ਹੈ ਕਿ ਐੱਸ. ਐੱਸ. ਪੀ. ਵਿਜੀਲੈਂਸ ਜਲੰਧਰ ਰਾਜੇਸ਼ਵਰ ਸਿੰਘ ਸਿੱਧੂ ਦੇ ਮਾਧਿਅਮ ਰਾਹੀਂ ਸਪੈਸ਼ਲ ਡੀ. ਜੀ. ਪੀ. ਚੀਫ਼ ਡਾਇਰੈਕਟਰ ਵਿਜੀਲੈਂਸ ਪੰਜਾਬ ਨੂੰ ਭੇਜੀ ਗਈ ਸ਼ਿਕਾਇਤ ਅਤੇ ਮੰਗ-ਪੱਤਰ ਵਿਚ ਕਿਹਾ ਗਿਆ ਹੈ ਕਿ ਵਰਕਸ਼ਾਪ ਤੋਂ ਡੀ. ਏ. ਵੀ. ਕਾਲਜ ਤਕ ਦੀ ਸੜਕ ਦਾ ਠੇਕਾ ਸਾਬਕਾ ਸੀ. ਈ. ਓ. ਕਰਨੇਸ਼ ਸ਼ਰਮਾ ਵਲੋਂ ਵਿਧਾਇਕ ਦੇ ਕਹਿਣ ’ਤੇ ਉਸ ਦੇ ਕਰੀਬੀ ਨੂੰ ਦਿੱਤਾ ਗਿਆ ਸੀ ਅਤੇ ਸੜਕ ਬਣਾਉਣ ਵਿਚ ਘਟੀਆ ਮਟੀਰੀਅਲ ਦੀ ਵਰਤੋਂ ਕਾਰਨ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ।
ਇਹ ਵੀ ਪੜ੍ਹੋ- CM ਭਗਵੰਤ ਮਾਨ ਤੇ ਰਾਜਪਾਲ ਵਿਚਾਲੇ ਜੰਗ ਹੋਈ ਤੇਜ਼, ਆਪੋ-ਆਪਣੀ ਗੱਲ 'ਤੇ ਅੜੀਆਂ ਦੋਵੇਂ ਧਿਰਾਂ
ਨਗਰ ਨਿਗਮ ਨੇ ਜਾਂਚ ਦੀ ਬਜਾਏ ਲਗਾਏ ਬੈਰੀਕੇਡਜ਼
ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਇਕ ਕਿਲੋਮੀਟਰ ਤਕ ਬੁਰੀ ਤਰ੍ਹਾਂ ਟੁੱਟ ਚੁੱਕੀ ਸੜਕ ਦੇ ਮਾਮਲੇ ’ਚ ਨਗਰ ਨਿਗਮ ਦੀ ਲਾਪ੍ਰਵਾਹੀ ਵੀ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਟੁੱਟ ਚੁੱਕੀ ਇਸ ਸੜਕ ਦੀ ਜਾਂਚ ਕਰਵਾਉਣ ਦੀ ਬਜਾਏ ਨਗਰ ਨਿਗਮ ਵਲੋਂ ਬੈਰੀਕੇਡਜ਼ ਲਾ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ ਗਈ ਹੈ। ਬੈਰੀਕੇਡਜ਼ ਲਾਏ ਜਾਣ ਕਾਰਨ ਜਾਮ ਲੱਗਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਰਾਹਗੀਰਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ। ਰਾਹਗੀਰਾਂ ਨੂੰ ਜਾਮ ਦਾ ਹੀ ਸਾਹਮਣਾ ਨਹੀਂ ਕਰਨਾ ਪੈ ਰਿਹਾ, ਸਗੋਂ ਉਨ੍ਹਾਂ ਲਈ ਵਾਹਨ ਚਲਾਉਣਾ ਵੀ ਖ਼ਤਰਨਾਕ ਹੋ ਗਿਆ ਹੈ।
ਲੋਕਲ ਬਾਡੀਜ਼ ਵਿਭਾਗ ਦਾ ਆਪਣਾ ਵਿਜੀਲੈਂਸ ਵਿਭਾਗ ਵੀ ਨਹੀਂ ਨਿਭਾਅ ਰਿਹਾ ਜ਼ਿੰਮੇਵਾਰੀ
ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਕੋਲ ਆਪਣਾ ਮੁੱਖ ਵਿਜੀਲੈਂਸ ਅਫ਼ਸਰ ਅਤੇ ਹੋਰ ਯੋਗ ਅਧਿਕਾਰੀ ਹਨ, ਜੋ ਭ੍ਰਿਸ਼ਟਾਚਾਰ, ਘਟੀਆ ਨਿਰਮਾਣ, ਫੰਡਾਂ ਦੀ ਦੁਰਵਰਤੋਂ ਆਦਿ ਨੂੰ ਦੇਖਣ ਲਈ ਜ਼ਿੰਮੇਵਾਰ ਹਨ ਪਰ ਦੋਸ਼ ਲਾਇਆ ਜਾ ਰਿਹਾ ਹੈ ਕਿ ਇਹ ਅਧਿਕਾਰੀ ਵੀ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਨਿਭਾਅ ਰਹੇ। ਦੋਸ਼ ਹੈ ਕਿ ਮੌਜੂਦਾ ਮਾਮਲੇ ਵਿਚ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਦੇ ਉਕਤ ਚੀਫ਼ ਵਿਜੀਲੈਂਸ ਅਫਸਰ ਦੇ ਨਾਲ-ਨਾਲ ਵਿਭਾਗ ਦੇ ਹੋਰ ਅਧਿਕਾਰੀ ਕਾਂਗਰਸੀ ਵਿਧਾਇਕ ਅਤੇ ਸਮਾਰਟ ਸਿਟੀ ਪ੍ਰਾਜੈਕਟ ਦੇ ਸਾਬਕਾ ਸੀ. ਈ. ਓ. ਦਾ ਬਚਾਅ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਹੁਸ਼ਿਆਰਪੁਰ ਵਿਖੇ ਭੈਣ-ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, 40 ਦਿਨ ਪਹਿਲਾਂ ਵਿਆਹੀ ਭੈਣ ਦੀ ਹੋਈ ਮੌਤ
ਐੱਲ. ਈ. ਡੀ. ਲਾਈਟਸ ਪ੍ਰਾਜੈਕਟ ਘਪਲੇ ’ਚ ਚੱਲ ਰਹੀ ਹੌਲੀ ਜਾਂਚ
ਭਾਜਪਾ ਨੇਤਾ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਸਮਾਰਟ ਸਿਟੀ ਅਧੀਨ ਜਿੰਨੇ ਵੀ ਪ੍ਰਾਜੈਕਟ ਚੱਲ ਰਹੇ ਹਨ ਜਾਂ ਪੂਰੇ ਹੋ ਚੁੱਕੇ ਹਨ, ਸਾਰੇ ਵਿਵਾਦਾਂ ਵਿਚ ਹਨ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਦਾ ਐੱਲ. ਈ. ਡੀ. ਘਪਲਾ ਕਿਸੇ ਤੋਂ ਲੁਕਿਆ ਨਹੀਂ। ਕਰੋੜਾਂ ਰੁਪਏ ਦੇ ਇਸ ਘਪਲੇ ’ਤੇ ਨਗਰ ਨਿਗਮ ਦੇ ਕੌਂਸਲਰ ਹਾਊਸ ਵਿਚ ਕਾਫ਼ੀ ਹੰਗਾਮਾ ਹੋ ਚੁੱਕਾ ਹੈ। ਵਿਰੋਧੀ ਧਿਰ ਵਿਚ ਭਾਜਪਾ ਦੇ ਕੌਂਸਲਰਾਂ ਦੇ ਨਾਲ-ਨਾਲ ਨਗਰ ਨਿਗਮ ਜਲੰਧਰ ’ਤੇ ਬਿਰਾਜਮਾਨ ਰਹੀ ਕਾਂਗਰਸ ਦੇ ਆਪਣੇ ਸਾਬਕਾ ਵਿਧਾਇਕ ਵੀ ਐੱਲ. ਈ. ਡੀ. ਲਾਈਟਸ ਪ੍ਰਾਜੈਕਟ ’ਤੇ ਰੌਲਾ ਪਾ ਚੁੱਕੇ ਹਨ। ਵਰਣਨਯੋਗ ਹੈ ਕਿ ਇਹ ਪ੍ਰਾਜੈਕਟ ਵੀ ਜਲੰਧਰ ਸਮਾਰਟ ਸਿਟੀ ਦੇ ਸਾਬਕਾ ਸੀ. ਈ. ਓ. ਕਰਣੇਸ਼ ਸ਼ਰਮਾ ਦੇ ਸਮੇਂ ਹੀ ਠੇਕਾ ਕੰਪਨੀ ਨੂੰ ਦਿੱਤਾ ਗਿਆ ਸੀ ਅਤੇ ਮੌਜੂਦਾ ਸਮੇਂ ’ਚ ਕਈ ਮਹੀਨਿਆਂ ਤੋਂ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਕਰ ਰਹੀ ਹੈ ਪਰ ਅਜੇ ਤਕ ਇਹ ਜਾਂਚ ਬੇਹੱਦ ਹੌਲੀ ਰਫ਼ਤਾਰ ਨਾਲ ਚੱਲ ਰਹੀ ਹੈ।
ਇਕ ਵੀ ਚੌਂਕ ਨਹੀਂ ਬਣਿਆ ਸਮਾਰਟ
ਹਿੱਕੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਅਰਬਾਂ ਰੁਪਏ ਦੀ ਗ੍ਰਾਂਟ ਜਲੰਧਰ ਸਮਾਰਟ ਸਿਟੀ ਲਿਮਟਿਡ ਕੰਪਨੀ ਨੂੰ ਦਿੱਤੀ ਗਈ ਸੀ ਅਤੇ ਸ਼ਹਿਰ ਦੇ ਚੌਕਾਂ ਨੂੰ ਖੂਬਸੂਰਤ ਬਣਾਉਣ ਲਈ ਕਰੋੜਾਂ ਰੁਪਏ ਦਾ ਠੇਕਾ ਕੰਪਨੀ ਨੂੰ ਦਿੱਤਾ ਗਿਆ ਸੀ ਪਰ ਅੱਜ ਕੋਈ ਵੀ ਚੌਕ ਅਜਿਹਾ ਨਜ਼ਰ ਨਹੀਂ ਆ ਰਿਹਾ, ਜਿਸ ਨੂੰ ਸਮਾਰਟ ਕਿਹਾ ਜਾ ਸਕੇ। ਉਨ੍ਹਾਂ ਕਿਹਾ ਕਿ ਅਖੀਰ ਇਹ ਪੈਸਾ ਕਿੱਥੇ ਖਰਚ ਹੋਇਆ ਹੈ?
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਇਨ੍ਹਾਂ ਲੋਕਾਂ ਨੂੰ 2 ਰੁਪਏ ਕਿਲੋ ਦੀ ਬਜਾਏ ਮੁਫ਼ਤ ਮਿਲੇਗੀ ਕਣਕ, ਸਰਕਾਰ ਵੱਲੋਂ ਕੋਟਾ ਜਾਰੀ
ਸਮਾਰਟ ਸਿਟੀ ਦੇ ਪ੍ਰਾਜੈਕਟਾਂ ’ਚ ਨੇਤਾ ਅਤੇ ਠੇਕੇਦਾਰ ਹੋ ਗਏ ਮਾਲਾਮਾਲ
ਅਸ਼ੋਕ ਸਰੀਨ ਹਿੱਕੀ ਨੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਅਤੇ ਬਾਅਦ ’ਚ ‘ਆਪ’ ਨੇ ਸਮਾਰਟ ਸਿਟੀ ਘਪਲਿਆਂ ਦਾ ਖੂਬ ਰੌਲਾ ਪਾਇਆ ਸੀ। ਦਲੀਲ ਵੀ ਦਿੱਤੀ ਸੀ ਅਤੇ ਦੁਹਾਈ ਵੀ ਪਰ ਹੁਣ ਤਕ ਇਸ ਦੀ ਦਵਾਈ ਨਹੀਂ ਦਿੱਤੀ। ਕੇਂਦਰ ਸਰਕਾਰ ਵੱਲੋਂ ਜਾਰੀ ਫੰਡ ਵਿਚ ਸਮਾਰਟ ਸਿਟੀ ਦੇ ਨਾਂ ’ਤੇ ਸਮਾਰਟ ਭ੍ਰਿਸ਼ਟਾਚਾਰ ਹੋਇਆ ਹੈ। ਪੰਜਾਬ ਵਿਧਾਨ ਸਭਾ ਤਕ ਇਸ ਦਾ ਮੁੱਦਾ ਉਠ ਚੁੱਕਿਆ ਹੈ। ਸਮਾਰਟ ਸਿਟੀ ਦੇ ਪ੍ਰਾਜੈਕਟਾਂ ਵਿਚ ਨੇਤਾ ਤੇ ਠੇਕੇਦਾਰ ਮਾਲਾਮਾਲ ਹੋ ਗਏ ਪਰ ਜਨਤਾ ਗਰੀਬ ਹੋ ਗਈ। ਨੇਤਾਵਾਂ ਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਸ਼ਹਿਰ ਦਾ ਵਿਕਾਸ ਨਹੀਂ, ਸਗੋਂ ਵਿਨਾਸ਼ ਹੋਇਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੰਸਦ ਮੈਂਬਰ ਤਕ ਰੌਲਾ ਪਾ ਚੁੱਕੇ ਹਨ ਪਰ ਅਜੇ ਤਕ ਇਸ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ। ਉਨ੍ਹਾਂ ਸਵਾਲ ਕੀਤਾ ਕਿ ਵਿਧਾਨ ਸਭਾ ਵਿਚ ਰੌਲਾ ਪੈਣ ਦੇ ਬਾਵਜੂਦ ਕੋਈ ਰਿਜ਼ਲਟ ਨਾ ਨਿਕਲਣ ਦਾ ਮਤਲਬ ਹੈ ਕਿ ਦਾਲ ਵਿਚ ਕਾਲਾ ਨਹੀਂ, ਸਗੋਂ ਪੂਰੀ ਦਾਲ ਹੀ ਕਾਲੀ ਹੈ। ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਘਪਲਿਆਂ ਦੀ ਜਾਂਚ ਸਖ਼ਤੀ ਨਾਲ ਨਾ ਕਰਵਾਏ ਜਾਣ ਪਿੱਛੇ ਅਖੀਰ ਆਮ ਆਦਮੀ ਪਾਰਟੀ ਦੀ ਕੀ ਮਜਬੂਰੀ ਹੈ ਜਾਂ ‘ਆਪ’ ਦੇ ਨੇਤਾ ਜਾਂਚ ਕਰਵਾਉਣਾ ਹੀ ਨਹੀਂ ਚਾਹੁੰਦੇ।
ਇਹ ਵੀ ਪੜ੍ਹੋ- ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਰਾਜਪਾਲ ਨੇ ਸਪੀਕਰ ਸੰਧਵਾਂ ਨੂੰ ਲਿਖਿਆ ਪੱਤਰ, ਪੁੱਛੇ ਇਹ ਸਵਾਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪੰਜਾਬ 'ਚ Cyclone Biparjoy ਦਾ ਅਸਰ! ਆਉਣ ਵਾਲੇ 4 ਦਿਨਾਂ ਲਈ ਜਾਰੀ ਕੀਤਾ ਗਿਆ ਅਲਰਟ
NEXT STORY