ਮੋਗਾ, (ਪਵਨ ਗਰੋਵਰ/ਗੋਪੀ ਰਾਊਕੇ)- ਲੁਧਿਆਣਾ ਤੋਂ ਵਾਇਆ ਮੋਗਾ ਰਾਹੀਂ ਤਲਵੰਡੀ ਭਾਈ ਤੱਕ ਚਾਰ-ਮਾਰਗੀ ਹੋ ਕੇ ਕੌਮੀ ਸ਼ਾਹ ਮਾਰਗ ਦਾ ਕੰਮ ਜਿੱਥੇ ਪਿਛਲੇ ਕਈ ਸਾਲਾਂ ਤੋਂ ਮਿੱਥੇ ਸਮੇਂ ਤੱਕ ਮੁਕੰਮਲ ਨਾ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ ਹਨ, ਉੱਥੇ ਹੀ ਮੋਗਾ ਵਿਖੇ ਪਿਛਲੇ ਇਕ ਸਾਲ ਦੇ ਲਗਭਗ ਸਮੇਂ ਤੋਂ ਪੁਲਾਂ ਦੇ ਚੱਲ ਰਹੇ ਨਿਰਮਾਣ ਕਾਰਜਾਂ ਦੌਰਾਨ ਸੜਕ ਬਣਾ ਰਹੀ ਕੰਪਨੀ ਵੱਲੋਂ ਲੋਕਾਂ ਦੀ ਸਹੂਲਤ ਲਈ ਇਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਸਹੀ ਥਾਵਾਂ 'ਤੇ 'ਕੱਟ' ਨਾ ਬਣਾਏ ਜਾਣ ਕਰ ਕੇ ਮਾਲਵੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਇਸ ਜ਼ਿਲੇ ਨਾਲ ਸਬੰਧਤ ਲੋਕ ਆਪਣੀ ਜ਼ਿੰਦਗੀ ਜੋਖਮ 'ਚ ਪਾ ਕੇ ਆਪਣੇ ਪੱਧਰ 'ਤੇ ਬਣਾਏ ਗਏ 'ਕੱਟਾਂ' ਰਾਹੀਂ ਆਪਣੀ ਮੰਜ਼ਿਲ 'ਤੇ ਪਹੁੰਚਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁੱਖ ਚੌਕ ਨੇੜੇ ਬਣੇ ਇਨ੍ਹਾਂ ਕੱਟਾਂ ਕੋਲੋਂ ਰੋਜ਼ਾਨਾ ਹੀ ਸ਼ਹਿਰ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਸੜਕ ਬਣਾ ਰਹੀ ਕੰਪਨੀ ਦੇ ਨੁਮਾਇੰਦੇ ਲੰਘਦੇ ਹਨ ਪਰ ਉਨ੍ਹਾਂ ਕਦੇ ਵੀ ਇਨ੍ਹਾਂ ਗਲਤ ਕੱਟਾਂ ਨੂੰ ਸਹੀ ਕਰਵਾਉਣ ਦੀ ਕਾਰਵਾਈ ਸ਼ੁਰੂ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਜਿਸ ਕਾਰਨ ਦੋਪਹੀਆ ਵਾਹਨ ਚਾਲਕ ਰੋਜ਼ਾਨਾਂ ਆਪਣੀ ਜ਼ਿੰਦਗੀ ਨੂੰ ਤਲੀ 'ਤੇ ਰੱਖ ਇਨ੍ਹਾਂ ਕੱਟਾਂ ਰਾਹੀਂ ਲੰਘਦੇ ਹਨ।
'ਜਗ ਬਾਣੀ' ਵੱਲੋਂ ਹਾਸਲ ਕੀਤੀ ਗਈ ਜਾਣਕਾਰੀ 'ਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਸੜਕ ਬਣਾ ਰਹੀ ਕੰਪਨੀ ਕਥਿਤ ਤੌਰ 'ਤੇ ਕੌਮੀ ਸ਼ਾਹ ਮਾਰਗ ਅਥਾਰਟੀ ਵੱਲੋਂ ਸੜਕ ਬਣਾਉਣ ਵੇਲੇ ਕੰਪਨੀ ਨੂੰ ਜਾਰੀ ਕੀਤੀਆਂ ਹਦਾਇਤਾਂ ਦੀ ਕਥਿਤ ਤੌਰ 'ਤੇ ਪਾਲਣਾ ਨਹੀਂ ਕਰ ਰਹੀ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਲੁਧਿਆਣਾ ਤੋਂ ਫਿਰੋਜ਼ਪੁਰ ਰੋਡ 'ਤੇ ਚੜ੍ਹਨ ਲਈ ਮੋਗਾ ਦੇ ਮੁੱਖ ਚੌਕ ਨੇੜੇ ਕੱਟ ਦੂਰ ਹੋਣ ਕਰ ਕੇ ਸ਼ਹਿਰੀਆਂ ਨੇ ਮੁੱਖ ਚੌਕ ਦੇ ਬੱਸ ਅੱਡੇ ਤੋਂ ਬਾਜ਼ਾਰ ਵੱਲ ਜਾਣ ਲਈ ਆਪਣੇ ਪੱਧਰ 'ਤੇ ਹੀ ਕੱਟ ਬਣਾਏ ਹਨ। 'ਉਬੜ-ਖਾਬੜ' ਅਤੇ ਕੱਚੇ ਰਸਤਿਆਂ ਤੋਂ ਬਣਾਏ ਗਏ ਇਨ੍ਹਾਂ ਕੱਟਾਂ 'ਚ ਦੋ-ਦੋ ਫੁੱਟ ਦੇ ਡੂੰਘੇ ਟੋਏ ਪੈ ਗਏ ਹਨ, ਜਿਸ ਕਾਰਨ ਕਈ ਦੋਪਹੀਆ ਵਾਹਨ ਚਾਲਕ ਇਨ੍ਹਾਂ ਟੋਇਆਂ ਕਰ ਕੇ ਡਿੱਗ ਕੇ ਜ਼ਖ਼ਮੀ ਵੀ ਹੋਏ ਹਨ।
ਨਾਜਾਇਜ਼ ਮਾਈਨਿੰਗ ਤਹਿਤ ਰੇਤਾ ਨਾਲ ਭਰੀ ਟਰੈਕਟਰ-ਟਰਾਲੀ ਜ਼ਬਤ, ਮਾਮਲਾ ਦਰਜ
NEXT STORY