ਬੈਂਕ ਕਰਮਚਾਰੀ ਰਾਜੇਸ਼ ਸੁਖੀਜਾ ਸਮੇਤ ਪਤਨੀ ਤੇ ਭਰਾ 'ਤੇ ਮਾਮਲਾ ਦਰਜ
ਅਬੋਹਰ(ਰਹੇਜਾ, ਸੁਨੀਲ)—ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਬੈਂਕ ਮੈਨੇਜਰ ਦੀ ਸ਼ਿਕਾਇਤ 'ਤੇ ਬੈਂਕ ਕਰਮਚਾਰੀ ਸਮੇਤ ਉਸਦੀ ਪਤਨੀ ਅਤੇ ਭਰਾ 'ਤੇ ਝੁਠੇ ਸਹੁੰ ਪੱਤਰ ਦੇ ਕੇ ਲੋਨ ਲੈਣ ਦੇ ਦੋਸ਼ ਵਿਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਦਿ ਫਾਜ਼ਿਲਕਾ ਸੈਂਟਰਲ ਕੋ-ਆਪ੍ਰੇਟਿਵ ਬੈਂਕ ਦੇ ਸੀਨੀਅਰ ਮੈਨੇਜਰ ਵਿਨੋਦ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਾਇਆ ਸੀ ਕਿ ਬੈਂਕ ਕਰਮਚਾਰੀ ਰਾਜੇਸ਼ ਸੁਖੀਜਾ ਨੇ ਕਰੀਬ 80 ਲੱਖ ਦੇ ਲੋਨ ਝੂਠੇ ਪੱਤਰ ਦੇ ਕੇ ਬੈਂਕ ਦੀਆਂ ਵੱਖ-ਵੱਖ ਸ਼ਾਖਾਵਾਂ ਤੋਂ ਲਏ ਹਨ। ਉਸਨੇ ਇਹ ਲੋਨ ਆਪਣੀ ਪਤਨੀ ਆਦਰਸ਼ ਸੁਖੀਜਾ ਅਤੇ ਅਪਣੇ ਭਰਾ ਦੇਸ਼ਬੰਧੂ ਸੁਖੀਜਾ ਦੇ ਝੁਠੇ ਸਹੁੰ ਪੱਤਰ ਲਾ ਕੇ ਅਤੇ ਬੈਂਕ ਨੂੰ ਗੁੰਮਰਾਹ ਕਰ ਕੇ ਲਏ ਹਨ। ਸ਼ਰਮਾ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਇਕ ਤੋਂ ਜ਼ਿਆਦਾ ਲੋਨ ਨਹੀਂ ਲਿਆ ਜਾ ਸਕਦਾ ਪਰ ਰਾਜੇਸ਼ ਨੇ ਇਨ੍ਹਾਂ ਨਿਯਮਾਂ ਦੀ ਪਰਵਾਹ ਨਾ ਕਰਦੇ ਹੋਏ ਇਹ ਪੱਤਰ ਦੇ ਦਿੱਤੇ ਕਿ ਉਸਦੇ ਪਹਿਲਾਂ ਕਿਸੇ ਵੀ ਬੈਂਕ 'ਚ ਲੋਨ ਨਹੀਂ ਹੈ। ਉਸਨੇ ਆਪਣੇ ਪ੍ਰਭਾਵ ਤੋਂ ਵੱਖ-ਵੱਖ ਸ਼ਾਖਾਵਾਂ ਤੋਂ ਲੋਨ ਚੁੱਕ ਲਏ ਪਰ ਜਦੋਂ ਇਕ ਸ਼ਿਕਾਇਤ ਦੇ ਆਧਾਰ 'ਤੇ ਉਸਦੇ ਖਿਲਾਫ ਜਾਂਚ ਚੱਲੀ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਰਾਜੇਸ਼ ਸੁਖੀਜਾ ਦੀ ਪਤਨੀ ਪੀ. ਐੱਨ. ਬੀ. ਬੈਂਕ ਦੀ ਕਰਮਚਾਰੀ ਹੈ ਅਤੇ ਉਸਨੇ ਇਥੇ ਵੀ ਕਰੀਬ 40 ਲੱਖ ਦਾ ਲੋਨ ਚੁੱਕ ਰੱਖਿਆ ਹੈ, ਉਸਦਾ ਭਰਾ ਦੇਸ਼ਬੰਧੂ ਨਗਰ ਪ੍ਰੀਸ਼ਦ ਵਿਚ ਕਲਰਕ ਹੈ।
ਕਿੰਨੇ-ਕਿੰਨੇ ਲਏ ਲੋਨ
ਕੋ-ਆਪ੍ਰੇਟਿਵ ਬੈਂਕ ਤੋਂ ਰਾਜੇਸ਼ ਸੁਖੀਜਾ ਨੇ ਜੋ ਲੋਨ ਚੁੱਕੇ ਹਨ, ਉਹ ਹੋਮ ਲੋਨ 15 ਲੱਖ ਰੁਪਏ, ਹੋਮ ਲੋਨ ਸਾਢੇ 5 ਲੱਖ, ਕਾਰ ਲੋਨ 3.10 ਲੱਖ ਰੁਪਏ, ਸੀ. ਡੀ. ਲੋਨ 2 ਲੱਖ ਰੁਪਏ, ਪਰਸਨਲ ਲੋਨ 4 ਲੱਖ ਰੁਪਏ, ਪਰਸਨਲ ਲੋਨ 4 ਲੱਖ ਰੁਪਏ, ਓ. ਡੀ. ਅਗੇਂਸਟ ਤਨਖਾਹ 4 ਲੱਖ ਰੁਪਏ, ਟੂ -ਵਹੀਲਰ ਲੋਨ 40 ਹਜ਼ਾਰ ਰੁਪਏ, ਪਤਨੀ ਆਦਰਸ਼ ਦੇ ਨਾਂ 'ਤੇ ਪਰਸਨਲ ਲੋਨ ਸਾਲ 2013 ਵਿਚ 4 ਲੱਖ ਰੁਪਏ, ਸਾਲ 2014 ਵਿਚ 4 ਲੱਖ ਰੁਪਏ, ਸੀ. ਡੀ. ਲੋਨ ਸਾਲ 2014 ਵਿਚ 2-2 ਲੱਖ ਰੁਪਏ ਦੇ 2 ਵਾਰ ਲਏ ਅਤੇ ਗੌਸ਼ਾਲਾ ਰੋਡ ਪੀ. ਐੱਨ. ਬੀ. ਤੋਂ 24 ਲੱਖ ਰੁਪਏ ਅਤੇ 16 ਲੱਖ ਰੁਪਏ ਮੰਜ਼ੂਰ ਕਰਵਾਏ। ਇਸ ਤੋਂ ਇਲਾਵਾ ਦੇਸ਼ਬੰਧੂ ਸੁਖੀਜਾ ਦੇ ਨਾਂ 'ਤੇ ਸਾਲ 2014 ਵਿਚ ਪਰਸਨਲ ਲੋਨ 4 ਲੱਖ ਰੁਪਏ, ਸਾਲ 2015 ਵਿਚ ਹੋਮ ਲੋਨ 15.80 ਲੱਖ ਰੁਪਏ, ਪਰਸਨਲ ਲੋਨ 2015 ਵਿਚ 4 ਲੱਖ ਰੁਪਏ, 2016 ਵਿਚ ਪਰਸਨਲ ਲੋਨ 4 ਲੱਖ ਰੁਪਏ ਲਏ ਗਏ।
ਸਹੁੰ ਪੱਤਰ ਝੂਠੇ ਹੋਣ ਕਾਰਨ ਕੀਤੇ ਮਾਮਲੇ ਦਰਜ
ਜਾਂਚ ਵਿਚ ਪਾਇਆ ਗਿਆ ਕਿ ਜ਼ਿਆਦਾਤਰ ਲੋਨ ਦੀ ਕਿਸ਼ਤ ਰੇਗੂਲਰ ਹੈ ਅਤੇ ਕੁਝ ਲੋਨ ਵਾਪਸ ਵੀ ਕੀਤੇ ਜਾ ਚੁੱਕੇ ਹਨ ਪਰ ਐੱਸ. ਪੀ. ਵੱਲੋਂ ਕੀਤੀ ਗਈ ਜਾਂਚ ਅਤੇ ਡੀ. ਏ. ਲੀਗਲ ਦੀ ਰਾਏ ਵਿਚ ਸਹੁੰ ਪੱਤਰ ਝੂਠੇ ਹੋਣ ਦੇ ਕਾਰਨ ਮਾਮਲੇ ਦਰਜ ਕੀਤੇ ਗਏ ਹਨ। ਬੈਂਕ ਅਧਿਕਾਰੀਆਂ ਮੁਤਾਬਕ ਰਾਜੇਸ਼ ਸੁਖੀਜਾ ਪਿਛਲੇ 21 ਦਿਨਾਂ ਤੋਂ ਮੈਡੀਕਲ ਛੁੱਟੀ 'ਤੇ ਚੱਲ ਰਹੇ ਹਨ ਅਤੇ ਘਪਲਾ ਸਾਹਮਣੇ ਆਉਣ ਦੇ ਬਾਅਦ ਉਨ੍ਹਾਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ ਪਰ ਤੇਜ਼ ਤਰਾਰ ਰਾਜੇਸ਼ ਸੁਖੀਜਾ ਆਪਣੇ ਸੰਪਰਕ
ਦੀ ਵਰਤੋਂ ਕਰ ਕੇ ਦੂਜੇ ਦਿਨ ਹੀ ਬਹਾਲ ਹੋ ਗਿਆ।
ਕਿਹੜੇ-ਕਿਹੜੇ ਬੈਂਕਾਂ 'ਚੋਂ ਲਏ ਲੋਨ
ਬੈਂਕ ਦੇ ਸਹਾਇਕ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਅਤੇ ਕੇਅਰ ਟੇਕਰ ਰਾਜੇਸ਼ ਸੁਖੀਜਾ ਨੇ ਅਮਰਪੁਰਾ ਬੈਂਕ ਸ਼ਾਖਾ ਸਮੇਤ ਬੋਦੀਵਾਲਾ ਪਿਥਾ ਬ੍ਰਾਂਚ, ਸਿਟੀ ਬ੍ਰਾਂਚ ਅਤੇ ਗ੍ਰੇਨ ਮਾਰਕੀਟ ਦੇ ਸਾਹਮਣੇ ਸਥਿਤ ਮੁੱਖ ਕੋ-ਆਪ੍ਰੇਟਿਵ ਬੈਂਕ ਸ਼ਾਖਾ ਤੋਂ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ ਨਾਜਾਇਜ਼ ਤਰੀਕੇ ਨਾਲ ਲੋਨ ਪਾਸ ਕਰਵਾਏ। ਜੇਕਰ ਬੈਂਕ ਦੇ ਉੱਚ ਅਧਿਕਾਰੀ ਸਹੀ ਤਰੀਕੇ ਨਾਲ ਜਾਂਚ ਕਰਨ ਤਾਂ ਹੋਰ ਘਪਲੇ ਵੀ ਸਾਹਮਣੇ ਆ ਸਕਦੇ ਹਨ।
ਕੀ ਕਹਿਣਾ ਹੈ ਨਾਮਜ਼ਦ ਲੋਕਾਂ ਦਾ
ਇਸ ਸਬੰਧੀ ਨਗਰ ਪ੍ਰੀਸ਼ਦ ਵਿਚ ਕਲਰਕ ਦੇਸ਼ਬੰਧੂ ਸੁਖੀਜਾ ਅਤੇ ਬੈਂਕ ਕਰਮਚਾਰੀ ਆਦਰਸ਼ ਪਤਨੀ ਰਾਜੇਸ਼ ਸੁਖੀਜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫਾਜ਼ਿਲਕਾ ਸੈਂਟਰਲ ਕੋ-ਆਪ੍ਰੇਟਿਵ ਬੈਂਕ ਤੋਂ ਵੱਖ-ਵੱਖ ਲਏ ਗਏ 8-8 ਲੱਖ ਰੁਪਏ ਦੇ ਪਰਸਨਲ ਲੋਨ ਬਣਦੇ ਵਿਆਜ ਨਾਲ ਬੈਂਕ ਨੂੰ ਵਾਪਸ ਕੀਤੇ ਜਾ ਚੁੱਕੇ ਹਨ, ਜਦਕਿ ਫਾਜ਼ਿਲਕਾ ਕੋ-ਆਪ੍ਰੇਟਿਵ ਬੈਂਕ ਦੇ ਅਧਿਕਾਰੀ ਰਾਜੇਸ਼ ਸੁਖੀਜਾ ਵੱਲੋਂ ਲਏ ਗਏ ਪਰਸਨਲ ਲੋਨ ਦੀ ਕਿਸ਼ਤਾਂ ਨਿਯਮਿਤ ਰੁਪਏ ਨਾਲ ਜਮਾ ਕਰਵਾਈ ਜਾ ਰਹੀ ਹੈ।
ਇਸਦੇ ਬਾਵਜੂਦ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਨਾਲ ਸੁਤੰਤਰਤਾ ਸੈਨਾਨੀ ਪਰਿਵਾਰ ਦੇ ਸਾਰੇ ਮੈਂਬਰ ਕਾਫੀ ਆਹਤ ਨਜ਼ਰ ਆ ਰਹੇ ਹਨ।
ਸੜਕ ਹਾਦਸੇ 'ਚ ਪੰਚਾਇਤ ਅਫ਼ਸਰ ਦੀ ਮੌਤ
NEXT STORY