ਬਠਿੰਡਾ(ਵਰਮਾ)-ਸਾਬਕਾ ਅਕਾਲੀ-ਭਾਜਪਾ ਸਰਕਾਰ ਦੌਰਾਨ ਲਗਾਏ ਗਏ ਹਲਕਾ ਇੰਚਾਰਜਾਂ ਨੇ ਸੱਤਾ ਦੀ ਦੁਰਵਰਤੋਂ ਕਰਦਿਆਂ ਜਨਤਾ ਨੂੰ ਖੂਬ ਠੱਗਿਆ, ਕਿਸੇ ਨੂੰ ਨੌਕਰੀ ਦਾ ਝਾਂਸਾ, ਕਿਸੇ ਕੋਲੋਂ ਠੇਕਾ ਦੇਣ ਦੇ ਨਾਂ 'ਤੇ ਕਰੋੜਾਂ ਠੱਗੇ। ਥਾਣਾ ਰਾਮਾਂ ਪੁਲਸ ਨੇ ਸ਼ਰਾਬ ਠੇਕੇਦਾਰ ਤੇ ਇਕ ਹੋਰ ਵਿਅਕਤੀ ਦੀ ਸ਼ਿਕਾਇਤ 'ਤੇ ਸਾਬਕਾ ਹਲਕਾ ਇੰਚਾਰਜ ਤੇ ਵਿਧਾਇਕ ਰਹਿ ਚੁੱਕੇ ਗਿੱਦੜਬਾਹਾ ਵਾਸੀ ਸੰਤ ਸਿੰਘ ਬਰਾੜ ਅਤੇ ਉਸ ਦੇ ਬੇਟੇ ਕੁਲਜੀਤ ਸਿੰਘ ਮੌਂਟੀ ਬਰਾੜ ਤੇ ਨੂੰਹ ਜਸਵਿੰਦਰ ਕੌਰ ਖਿਲਾਫ ਠੱਗੀ ਦਾ ਮਾਮਲਾ ਦਰਜ ਕੀਤਾ। ਗਿੱਦੜਬਾਹਾ ਤੋਂ ਵਿਧਾਨਸਭਾ ਦੀ ਚੋਣ ਸੰਤ ਸਿੰਘ ਬਰਾੜ ਨੇ ਆਜ਼ਾਦ ਲੜੀ ਅਤੇ ਜਿੱਤਣ ਤੋਂ ਬਾਅਦ 2015 'ਚ ਉਹ ਸ਼ੀਅਦ ਵਿਚ ਸ਼ਾਮਲ ਹੋ ਗਏ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਚਾਹਵਾਨਾਂ 'ਚ ਸ਼ਾਮਲ ਸੰਤ ਸਿੰਘ ਬਰਾੜ ਨੂੰ ਗਿੱਦੜਬਾਹਾ ਦਾ ਹਲਕਾ ਇੰਚਾਰਜ ਲਾ ਦਿੱਤਾ ਗਿਆ। ਸੰਤਾਂ ਦਾ ਰੋਅਬ ਦਿਖਾ ਕੇ ਸੰਤ ਸਿੰਘ ਬਰਾੜ ਨੇ ਆਪਣੇ ਖੂਬ ਹੱਥ ਰੰਗੇ ਜਦਕਿ ਉਸ ਦਾ ਸਾਥ ਉਸ ਦੇ ਬੇਟੇ ਤੇ ਨੂੰਹ ਨੇ ਦਿੱਤਾ। ਸ਼ਰਾਬ ਦੇ ਕਾਰੋਬਾਰੀ ਕ੍ਰਿਸ਼ਨ ਕੁਮਾਰ ਤੇ ਜੀਤ ਕੁਮਾਰ ਵਾਸੀ ਰਾਮਾਂ ਮੰਡੀ ਨੇ ਸੰਤ ਸਿੰਘ ਬਰਾੜ ਦੇ ਸੁਖਬੀਰ ਬਾਦਲ ਨਾਲ ਨਜ਼ਦੀਕੀਆਂ ਕਾਰਨ ਸ਼ਰਾਬ ਦੇ ਠੇਕੇ ਲੈਣ ਲਈ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਗਿੱਦੜਬਾਹਾ ਅਤੇ ਮੁਕਤਸਰ ਦੇ ਠੇਕੇ ਦਿਵਾਉਣ ਦੇ ਨਾਂ 'ਤੇ 3 ਕਰੋੜ 42 ਲੱਖ ਰੁਪਏ ਵੱਖ-ਵੱਖ ਕਿਸ਼ਤਾਂ ਵਿਚ ਜਮ੍ਹਾ ਕਰਵਾ ਲਏ। ਬਰਾੜ ਨੇ ਇਹ ਪੈਸੇ ਆਪਣੇ ਪੁੱਤਰ ਤੇ ਨੂੰਹ ਦੇ ਹੋਰ ਬੈਂਕ ਖਾਤਿਆਂ ਵਿਚ ਪਾ ਦਿੱਤੇ।
ਸ਼ਰਾਬ ਦਾ ਠੇਕਾ ਤਾਂ ਉਨ੍ਹਾਂ ਨੂੰ ਮਿਲਿਆ ਨਹੀਂ ਉਲਟਾ ਸਾਢੇ 3 ਕਰੋੜ ਦੀ ਰਕਮ ਵੀ ਫਸ ਗਈ। ਠੇਕੇਦਾਰਾਂ ਨੇ ਜਦੋਂ ਪੈਸੇ ਮੰਗੇ ਤਾਂ ਉਨ੍ਹਾਂ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮੌਂਟੀ ਬਰਾੜ ਨੇ ਸਿਰਫ 1 ਲੱਖ ਰੁਪਏ ਦੇ ਕੇ ਬਾਕੀ ਦੇਣ ਤੋਂ ਮਨ੍ਹਾ ਕਰ ਦਿੱਤੇ। ਇਹ ਮਾਮਲਾ ਉਪਰ ਤੱਕ ਪਹੁੰਚ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ। ਆਖਰ ਠੇਕੇਦਾਰ ਕ੍ਰਿਸ਼ਨ ਕੁਮਾਰ, ਵਪਾਰੀ ਜੀਤ ਕੁਮਾਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਪੁਲਸ ਨੇ ਇਸ ਮਾਮਲੇ ਨੂੰ ਆਰਥਿਕ ਵਿੰਗ ਕੋਲ ਭੇਜ ਦਿੱਤਾ। ਜਾਂਚ ਤੋਂ ਬਾਅਦ ਪੁਲਸ ਨੇ ਧੋਖਾਦੇਹੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸੰਤ ਸਿੰਘ ਬਰਾੜ, ਉਸ ਦੇ ਪੁੱਤਰ ਕੁਲਜੀਤ ਸਿੰਘ ਤੇ ਨੂੰਹ ਜਸਵਿੰਦਰ ਕੌਰ ਖਿਲਾਫ ਰਾਮਾਂ ਥਾਣਾ 'ਚ ਮਾਮਲਾ ਦਰਜ ਕਰ ਲਿਆ। ਇਕ ਹੋਰ ਮਾਮਲੇ ਵਿਚ ਪੁਲਸ 'ਚ ਇੰਸਪੈਕਟਰ ਦੀ ਭਰਤੀ ਕਰਵਾਉਣ ਦੇ ਨਾਂ 'ਤੇ ਵੀ ਸੰਤ ਬਰਾੜ ਨੇ ਸੁਖਬੀਰ ਦਾ ਨਜ਼ਦੀਕੀ ਦੱਸ ਕੇ ਆਪਣੇ ਚਾਹਵਾਨ ਤੋਂ 29 ਲੱਖ ਰੁਪਏ ਠੱਗ ਲਏ। 2015 ਦੇ ਹਲਕਾ ਤਲਵੰਡੀ ਦੇ ਚੋਣ ਦੌਰਾਨ ਸੰਤ ਬਰਾੜ ਤੇ ਉਸ ਦੇ ਬੇਟੇ ਕੁਲਜੀਤ ਬਰਾੜ ਦੀ ਡਿਊਟੀ ਅਕਾਲੀ ਦਲ ਵੱਲੋਂ ਲਾਈ ਗਈ ਸੀ। ਦੋਵਾਂ ਦਾ ਅਕਾਲੀ ਸਮਰਥਕ ਜਸਕਰਨ ਸਿੰਘ ਦੇ ਘਰ ਆਉਣਾ-ਜਾਣਾ ਸ਼ੁਰੂ ਹੋਇਆ। ਇਸੇ ਦੌਰਾਨ ਸੰਤ ਬਰਾੜ ਨੇ ਜਸਕਰਨ ਸਿੰਘ ਨੂੰ ਕਿਹਾ ਕਿ ਉਹ ਉਸ ਦੇ ਪੋਤੇ ਨੂੰ ਪੁਲਸ ਵਿਚ ਇੰਸਪੈਕਟਰ ਭਰਤੀ ਕਰਵਾ ਦੇਵੇਗਾ, ਜਿਸ ਲਈ ਉਨ੍ਹਾਂ ਨੂੰ 30 ਲੱਖ ਰੁਪਏ ਖਰਚ ਕਰਨੇ ਪੈਣਗੇ। ਪੁਲਸ ਇੰਸਪੈਕਟਰ ਦੀ ਚਾਹਤ ਲਈ ਜਸਕਰਨ ਸਿੰਘ ਨੇ ਹਰਿਆਣਾ 'ਚ ਆਪਣੀ ਜ਼ਮੀਨ ਗਹਿਣੇ ਰੱਖ ਕੇ 15 ਲੱਖ ਦਾ ਚੈੱਕ ਸੰਤ ਬਰਾੜ ਨੂੰ ਸੌਂਪ ਦਿੱਤਾ। 8 ਅਪ੍ਰੈਲ 2016 ਨੂੰ 12 ਲੱਖ ਰੁਪਏ ਨਕਦ ਦਿੱਤੇ। 2 ਲੱਖ ਰੁਪਏ ਉਨ੍ਹਾਂ ਨੇ ਬਾਅਦ 'ਚ ਫਿਰ ਵਸੂਲ ਲਏ ਤੇ ਕਿਹਾ ਕਿ ਉਸ ਦੇ ਪੋਤੇ ਸੁਖਵਿੰਦਰ ਨੂੰ ਜਲਦ ਹੀ ਇੰਸਪੈਕਟਰ ਭਰਤੀ ਕਰਵਾ ਦੇਣਗੇ। ਜਦ ਇੰਸਪੈਕਟਰ ਦੀ ਭਰਤੀ ਨਹੀਂ ਹੋਈ ਤਾਂ 2017 ਦੀ ਚੋਣ ਸਿਰ 'ਤੇ ਆ ਗਈ। ਜਸਕਰਨ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਦੋਵਾਂ ਪਿਓ-ਪੁੱਤ ਨੇ ਆਨਾਕਾਨੀ ਕੀਤੀ। ਪੈਸੇ ਨਾ ਮਿਲਣ ਦੀ ਸੂਰਤ 'ਚ ਜਸਕਰਨ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਦੀ ਜਾਂਚ ਆਰਥਿਕ ਜੁਰਮ ਸ਼ਾਖਾ ਵਿਚ ਚਲ ਰਹੀ ਹੈ ਜਦਕਿ ਸੰਤ ਸਿੰਘ ਬਰਾੜ ਤੇ ਉਸ ਦੇ ਬੇਟੇ ਕੁਲਜੀਤ ਉਰਫ ਮੌਂਟੀ ਤੇ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਈ.ਓ. ਵਿੰਗ ਦੇ ਮੁਖੀ ਨੇ ਦੱਸਿਆ ਕਿ ਸੰਤ ਬਰਾੜ ਕਦੇ ਵੀ ਪੁਲਸ ਜਾਂਚ ਵਿਚ ਸ਼ਾਮਲ ਨਹੀਂ ਹੋਏ ਜਦਕਿ ਮੌਂਟੀ ਬਰਾੜ ਆਇਆ ਜ਼ਰੂਰ ਪਰ ਸਹਿਯੋਗ ਨਹੀਂ ਦਿੱਤਾ। ਪੁਲਸ ਨੇ ਹੁਣ ਦੋਵਾਂ ਪਿਓ-ਪੁੱਤਾਂ 'ਤੇ ਸ਼ਿਕੰਜਾ ਕਸਦਿਆਂ ਜਾਂਚ 'ਚ ਸ਼ਾਮਲ ਹੋਣ ਲਈ ਕਿਹਾ। ਰਾਮਾਂ ਪੁਲਸ ਦੇ ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਜਦਕਿ ਆਰਥਿਕ ਜੁਰਮ ਵਿੰਗ ਉਸ ਦੀ ਜਾਂਚ 'ਚ ਰੁੱਝੀ ਹੋਈ ਹੈ ਜੇਕਰ ਸਹਿਯੋਗ ਨਾ ਮਿਲਿਆ ਤਾਂ ਗ੍ਰਿਫਤਾਰੀ ਸੰਭਵ ਹੈ।
ਭਾਜਪਾ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ
NEXT STORY