ਤਲਵੰਡੀ ਸਾਬੋ(ਮੁਨੀਸ਼)-ਤਲਵੰਡੀ ਸਾਬੋ ਪੁਲਸ ਨੇ ਜ਼ਮੀਨ ਦਿਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਜਾਂਚ ਤੋਂ ਬਾਅਦ ਚਾਰ ਲੋਕਾਂ ਖਿਲਾਫ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਪੁੱਤਰ ਰਾਮ ਚੰਦ ਵਾਸੀ ਕਣਕਵਾਲ ਵੱਲੋਂ ਜ਼ਿਲਾ ਪੁਲਸ ਨੂੰ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਪਿੰਡ ਜੋਧਪੁਰ ਪਾਖਰ ਦੇ ਕੁਝ ਲੋਕਾਂ ਨੇ ਉਸ ਨੂੰ 35 ਕਨਾਲ, 10 ਮਰਲੇ ਜਗ੍ਹਾ 34 ਲੱਖ 25 ਹਜ਼ਾਰ ਵਿਚ ਦਿਵਾਉਣ ਦਾ ਸੌਦਾ ਤੈਅ ਕੀਤਾ, ਜਿਸ 'ਤੇ ਪੀੜਤ ਨੇ 7 ਲੱਖ 50 ਹਜ਼ਾਰ ਰੁਪਏ ਬਿਆਨਾ ਦੇ ਦਿੱਤਾ ਤੇ ਬਾਕੀ ਰਕਮ ਰਜਿਸਟਰੀ ਕਰਵਾਉਣ ਸਮੇਂ ਦੇਣੀ ਤੈਅ ਕਰ ਲਈ। ਜਦੋਂ ਰਜਿਸਟਰੀ ਦੀ ਤਰੀਕ ਨੇੜੇ ਆਈ ਤਾਂ ਉਕਤ ਲੋਕਾਂ ਵੱਲੋਂ ਰਜਿਸਟਰੀ ਕਰਵਾਉਣ ਲਈ ਟਾਲ-ਮਟੋਲ ਕੀਤੀ ਗਈ। ਮਾਮਲੇ ਵਿਚ ਪੁਲਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਜਿਸ ਜ਼ਮੀਨ ਦਾ ਸੌਦਾ ਕੀਤਾ ਗਿਆ ਸੀ ਉਸ ਦਾ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਤੇ ਉਕਤ ਵਿਅਕਤੀ ਨੇ ਰੌਲੇ ਵਾਲੀ ਜ਼ਮੀਨ ਦਾ ਸੌਦਾ ਕੀਤਾ ਹੈ। ਜ਼ਿਲਾ ਪੁਲਸ ਮੁਖੀ ਵੱਲੋਂ ਕਰਵਾਈ ਪੜਤਾਲ ਤੋਂ ਬਾਅਦ ਤਲਵੰਡੀ ਸਾਬੋ ਪੁਲਸ ਨੂੰ ਉਕਤ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਹਦਾਇਤ ਜਾਰੀ ਕੀਤੀ ਗਈ। ਤਲਵੰਡੀ ਸਾਬੋ ਪੁਲਸ ਨੇ ਪੀੜਤ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ 'ਤੇ ਜਗਜੀਤ ਸਿੰਘ, ਸੁਖਜਿੰਦਰ ਸਿੰਘ, ਦਰਸ਼ਨ ਸਿੰਘ, ਕਰਤਾਰ ਸਿੰਘ ਖਿਲਾਫ ਧਾਰਾ 420 ਅਤੇ 120 ਬੀ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਰਮੇਜ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਲਾਵਾਰਿਸ ਨਵਜੰਮੀ ਬੱਚੀ ਨੂੰ ਕੁੱਤਿਆਂ ਨੇ ਨੋਚਿਆ
NEXT STORY