ਬੱਧਨੀ ਕਲਾਂ (ਬੱਬੀ) - ਪਿੰਡ ਰਾਊਕੇ ਕਲਾਂ ਦੇ ਇਕ ਵਿਅਕਤੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਏਜੰਟ ਵੱਲੋਂ ਠੱਗੀ ਮਾਰਨ ਦੇ ਮਾਮਲੇ 'ਚ ਥਾਣਾ ਬੱਧਨੀ ਕਲਾਂ ਵਿਖੇ ਐੱਸ. ਐੱਸ. ਪੀ. ਮੋਗਾ ਦੇ ਹੁਕਮਾਂ 'ਤੇ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੀੜਤ ਵਿਅਕਤੀ ਜਗਦੇਵ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਰਾਊਕੇ ਕਲਾਂ ਨੇ ਦੱਸਿਆ ਕਿ ਬਲਕਾਰ ਸਿੰਘ ਵਾਸੀ ਦਲ ਸਿੰਘ ਵਾਲਾ ਨਾਂ ਦੇ ਇਕ ਏਜੰਟ ਨੇ ਵਿਦੇਸ਼ ਭੇਜਣ ਦੀ ਇਕ ਅਖਬਾਰ ਵਿਚ ਐਡ ਦਿੱਤੀ ਹੋਈ ਸੀ, ਜਿਸ ਨੂੰ ਪੜ੍ਹ ਕੇ ਮੈਂ ਉਸ ਨਾਲ ਸੰਪਰਕ ਕੀਤਾ ਤਾਂ ਉਸ ਨੇ ਮੈਨੂੰ ਆਪਣੇ ਜੈਤੋ ਵਿਖੇ ਖੋਲ੍ਹੇ ਹੋਏ ਦਫਤਰ ਵਿਚ ਆਉਣ ਲਈ ਕਿਹਾ, ਜਿੱਥੇ ਉਸ ਨੇ ਮੇਰੇ ਨਾਲ ਗੱਲਬਾਤ ਕਰਦਿਆਂ 12 ਲੱਖ ਰੁਪਏ ਖਰਚਾ ਆਉਣ ਬਾਰੇ ਮੈਨੂੰ ਦੱਸਿਆ ਤੇ ਮੇਰਾ ਪਤਾ ਨੋਟ ਕਰ ਲਿਆ ਅਤੇ ਫਿਰ ਕੁਝ ਦਿਨਾਂ ਬਾਅਦ ਇਕ ਚਿੱਠੀ ਭੇਜ ਕੇ 2 ਸਾਲ ਦਾ ਵਰਕ ਪਰਮਿਟ ਵੀਜ਼ਾ ਮਿਲਣ ਦੀ ਜਾਣਕਾਰੀ ਦਿੱਤੀ ਅਤੇ ਪਾਸਪੋਰਟ, ਫੋਟੋਆਂ ਅਤੇ 1 ਲੱਖ ਰੁਪਏ ਐਡਵਾਂਸ ਦੇਣ ਲਈ ਕਿਹਾ, ਜੋ ਕਿ ਮੈਂ ਬੱਧਨੀ ਕਲਾਂ ਵਿਖੇ ਦੋ ਵਾਰ 50-50 ਹਜ਼ਾਰ ਕਰ ਕੇ ਦੇ ਦਿੱਤੇ। ਪੀੜਤ ਵਿਅਕਤੀ ਨੇ ਦੱਸਿਆ ਕਿ ਪੈਸੇ ਲੈਣ ਤੋਂ ਬਾਅਦ ਉਸ ਏਜੰਟ ਨੇ ਕੁਝ ਦਿਨਾਂ ਅੰਦਰ ਵੀਜ਼ਾ ਮੰਗਵਾ ਦੇਣ ਦਾ ਭਰੋਸਾ ਦਿੱਤਾ ਪਰ ਕਾਫੀ ਸਮਾਂ ਬੀਤਣ 'ਤੇ ਵੀ ਜਦੋਂ ਉਸ ਨੇ ਕੁਝ ਨਾ ਕੀਤਾ ਤਾਂ ਮੈਂ ਉਸ ਨੂੰ ਫੋਨ ਕਰਨ ਲੱਗ ਪਿਆ ਪਰ ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਤਾਂ ਮੈਂ ਪਿੰਡ ਦੀ ਪੰਚਾਇਤ ਲੈ ਕੇ ਉਸ ਦੇ ਦਫਤਰ ਜੈਤੋ ਚਲਾ ਗਿਆ, ਜਿੱਥੇ ਉਸ ਨੇ ਪੈਸੇ ਦੇਣ ਦੀ ਥਾਂ ਆਪਣੇ-ਆਪ ਨੂੰ ਉੱਚੀ ਪਹੁੰਚ ਵਾਲਾ ਦੱਸਦਿਆਂ ਕਿਸੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਮੋੜ ਦਿੱਤਾ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਸ ਨੇ ਆਪਣਾ ਦਫਤਰ ਹੀ ਬੰਦ ਕਰ ਦਿੱਤਾ ਹੈ, ਜਿਸ 'ਤੇ ਮੈਂ ਪੁੱਛ-ਪੜਤਾਲ ਕਰ ਕੇ ਮੈਂ ਉਸ ਦੇ ਘਰ ਦਾ ਪਤਾ ਕੀਤਾ ਅਤੇ ਉਸ ਨੂੰ ਘਰ ਜਾ ਕੇ ਪੈਸੇ ਮੋੜਨ ਲਈ ਕਿਹਾ, ਜਿਸ 'ਤੇ ਉਸ ਨੇ 50 ਹਜ਼ਾਰ ਦਾ ਖਰਚਾ ਗਿਣਾ ਕੇ ਬਾਕੀ 50 ਹਜ਼ਾਰ ਮੋੜਨ ਦਾ ਵਾਅਦਾ ਕਰ ਲਿਆ ਪਰ ਕੀਤੇ ਇਕਰਾਰ ਮੁਤਾਬਕ ਉਸ ਨੇ ਪੈਸੇ ਫਿਰ ਵੀ ਨਹੀਂ ਮੋੜੇ ਅਤੇ ਉਲਟਾ ਧਮਕੀਆਂ ਦੇਣ ਲੱਗ ਪਿਆ।
ਐੱਸ. ਐੱਸ. ਪੀ. ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਂਟੀ-ਹਿਊਮਨ ਟ੍ਰੈਫਿਕਿੰਗ ਯੂਨਿਟ, ਮੋਗਾ ਦੇ ਇੰਚਾਰਜ ਭੁਪਿੰਦਰ ਸਿੰਘ ਨੂੰ ਇਸ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ, ਜਿਨ੍ਹਾਂ ਵੱਲੋਂ ਕੀਤੀ ਗਈ ਪੜਤਾਲ 'ਚ ਉਕਤ ਏਜੰਟ ਬਲਕਾਰ ਸਿੰਘ ਵੱਲੋਂ 75 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੀ ਗੱਲ ਸਾਫ ਹੋ ਗਈ। ਉਨ੍ਹਾਂ ਵੱਲੋਂ ਆਪਣੀ ਰਿਪੋਰਟ ਐੱਸ. ਐੱਸ. ਪੀ. ਮੋਗਾ ਨੂੰ ਦੇਣ ਤੋਂ ਬਾਅਦ ਥਾਣਾ ਬੱਧਨੀ ਕਲਾਂ ਵਿਖੇ ਐੱਸ. ਐੱਸ. ਪੀ. ਦੇ ਹੁਕਮਾਂ 'ਤੇ ਬਲਕਾਰ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਦਲ ਸਿੰਘ ਵਾਲਾ ਥਾਣਾ ਜੈਤੋ, ਜ਼ਿਲਾ ਫਰੀਦਕੋਟ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਜਗਸੀਰ ਸਿੰਘ ਵੱਲੋਂ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਖੋਹੇ ਟਰਾਲੇ ਸਣੇ 3 ਕਾਬੂ
NEXT STORY