ਮੋਗਾ (ਸੰਦੀਪ ਸ਼ਰਮਾ) : ਮਾਣਯੋਗ ਜ਼ਿਲ੍ਹਾ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਦੋ ਸਾਲ ਪਹਿਲਾਂ ਪੈਸੇ ਦੇ ਲੈਣ ਦੇਣ ਦੇ ਚੱਲਦੇ ਦੋਸਤ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਇਕ ਦੋਸ਼ੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਅਧਾਰ ’ਤੇ ਦੋਸ਼ੀ ਕਰਾਰ ਦਿੱਤਾ ਸੀ। ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿਚ ਅੰਤਿਮ ਫੈਸਲੇ ਲਈ ਸ਼ੁੱਕਰਵਾਰ ਨੂੰ ਨਿਸ਼ਚਿਤ ਕੀਤਾ ਸੀ। ਅੱਜ ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿਚ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਦੋਸ਼ੀ ਸੁਖਦੇਵ ਸਿੰਘ ਹੈਪੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਉਥੇ ਅਦਾਲਤ ਨੇ ਦੋਸ਼ੀ ਨੂੰ 50 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ ਅਤੇ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਸ ਨੂੰ ਇਕ ਸਾਲ ਦੀ ਕੈਦ ਹੋਰ ਭੁਗਤਣੀ ਪਵੇਗੀ।
ਇਹ ਸੀ ਮਾਮਲਾ
ਇਸ ਮਾਮਲੇ ਵਿਚ ਘਟਨਾ ਦਾ ਸ਼ਿਕਾਰ ਹੋਏ ਮ੍ਰਿਤਕ ਹਰਮੀਤ ਸਿੰਘ ਨਿਵਾਸੀ ਸੋਢੀਆਂ ਵਾਲਾ ਮੁਹੱਲਾ ਦੇ ਬੇਟੇ ਗੁਰਦੀਪ ਸਿੰਘ ਨੇ ਥਾਣਾ ਸਿਟੀ ਸਾਉਥ ਪੁਲਸ ਨੂੰ 29 ਜੂਨ 2021 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਥਾਨਕ ਪੀਪਿਆਂ ਵਾਲੀ ਗਲੀ ਨਿਵਾਸੀ ਸੁਖਦੇਵ ਸਿੰਘ ਉਰਫ ਹੈਪੀ ਦਾ ਉਸ ਦੇ ਪਿਤਾ ਹਰਮੀਤ ਸਿੰਘ ਦੇ ਨਾਲ ਚੰਗਾ ਮੇਲ ਜੋਲ ਸੀ, ਜਿਸ ਦੇ ਚੱਲਦੇ ਸੁਖਦੇਵ ਸਿੰਘ ਨੇ ਉਸ ਦੇ ਪਿਤਾ ਤੋਂ ਕੁਝ ਪੈਸੇ ਲਏ ਸਨ, ਜਿਸ ਨੂੰ ਲੈ ਕੇ ਉਸਦੀ ਕਈ ਵਾਰ ਆਪਸੀ ਝੜਪ ਵੀ ਹੋ ਗਈ ਸੀ। ਘਟਨਾ ਵਾਲੇ ਦਿਨ ਉਸ ਦੇ ਪਿਤਾ ਦੁਕਾਨ ਤੋਂ ਘਰ ਖਾਣਾ ਖਾਣ ਗਏ ਸਨ ਅਤੇ ਇਸ ਦੌਰਾਨ ਉਸ ਦੇ ਮੋਬਾਇਲ ਫੋਨ ’ਤੇ ਕਾਲ ਆਉਣ ਦੇ ਚੱਲਦੇ ਉਹ ਖਾਣਾ ਵਿਚਕਾਰ ਹੀ ਛੱਡ ਘਰ ਤੋਂ ਬਾਹਰ ਚਲੇ ਗਏ ਸੀ ਅਤੇ ਵਾਪਸ ਨਹੀਂ ਆਏ ਸਨ।
ਕਾਫੀ ਲੱਭਣ ’ਤੇ ਜਦ ਉਸਦਾ ਪਤਾ ਨਾ ਲੱਗਾ ਤਾਂ ਗੁਰਦੀਪ ਸਿੰਘ ਵੱਲੋਂ ਆਪਣੇ ਪਿਤਾ ਦੇ ਗੁੰਮਸ਼ੁਦਾ ਹੋਣ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਅਤੇ ਇਸ ਦੌਰਾਨ ਇਕ ਅਣਪਛਾਤੀ ਲਾਸ਼ ਕੋਟਕਪੂਰਾ ਪੁਲ ਦੇ ਕੋਲ ਮਿਲਣ ਦੇ ਚੱਲਦੇ ਪੁਲਸ ਵੱਲੋਂ ਗੁਰਦੀਪ ਸਿੰਘ ਲਾਸ਼ ਦੀ ਪਛਾਣ ਦੇ ਲਈ ਸਿਵਲ ਹਸਪਤਾਲ ਬੁਲਾਇਆ ਸੀ ਅਤੇ ਗੁਰਦੀਪ ਸਿੰਘ ਨੇ ਦੱਸਿਆ ਸੀ ਕਿ ਇਹ ਲਾਸ਼ ਉਸ ਦੇ ਪਿਤਾ ਹਰਮੀਤ ਸਿੰਘ ਦੀ ਹੈ, ਜਿਸ ’ਤੇ ਪੁਲਸ ਨੇ ਮਾਮਲੇ ਦੀ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਸੁਖਦੇਵ ਸਿੰਘ ਉਰਫ਼ ਹੈਪੀ ਨੂੰ ਨਾਮਜ਼ਦ ਕੀਤਾ ਸੀ। ਇਸ ਮਾਮਲੇ ਵਿਚ ਪੀੜਤ ਧਿਰ ਵੱਲੋਂ ਸਰਕਾਰੀ ਵਕੀਲ ਐਡਵੋਕੇਟ ਕੁਲਦੀਪ ਸਾਹਨੀ ਨੇ ਮਾਣਯੋਗ ਅਦਾਲਤ ਵਿਚ ਸੁਣਵਾਈ ਦੌਰਾਨ ਸਬੂਤ ਗਵਾਹ ਪੇਸ਼ ਕੀਤੇ ਸਨ। ਉਨ੍ਹਾਂ ਅਦਾਲਤ ਵਿਚ ਇਸ ਗੱਲ ਦੇ ਵੀ ਸਬੂਤ ਪੇਸ਼ ਕੀਤੇ ਸਨ ਕਿ ਸੁਖਦੇਵ ਸਿੰਘ ਉਰਫ ਹੈਪੀ ਵੱਲੋਂ ਹਰਮੀਤ ਸਿੰਘ ਦੀ ਹੱਤਿਆ ਕਰ ਕੇ ਉਸਦੀ ਲਾਸ਼ ਨੂੰ ਅਪਣੇ ਆਟੋ ਵਿਚ ਪਾ ਕੇ ਕੋਟਕਪੂਰਾ ਬਾਈਪਾਸ ਸੜਕ ’ਤੇ ਸੁੱਟ ਦਿੱਤਾ ਸੀ, ਜਿਸ ਦੇ ਅਧਾਰ ’ਤੇ ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿਚ ਸੁਖਦੇਵ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਇਸ ਸਬੰਧੀ ਫੈਸਲੇ ਦੇ ਲਈ 4 ਅਗਸਤ 2023 ਤਾਰੀਖ ਨਿਸ਼ਚਿਤ ਕੀਤੀ ਸੀ।
ਪਿੰਡ ਖੇੜੀ ਜੱਟਾਂ ਵਿਖੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
NEXT STORY