ਕਪੂਰਥਲਾ, (ਭੂਸ਼ਣ)- ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ 'ਚ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਲੱਖਾਂ ਰੁਪਏ ਦੀ ਰਕਮ ਲੈ ਕੇ ਚੱਲ ਰਹੀ ਹੈ ਕੈਨੇਡਾ ਅਤੇ ਅਮਰੀਕਾ ਦਾ ਵਿਜ਼ਟਰ ਵੀਜ਼ੇ ਲੈਣ ਦੀ ਖੇਡ। ਸਿਰਫ ਕੁਝ ਹਜ਼ਾਰ ਰੁਪਏ ਦੀ ਰਕਮ ਖਰਚ ਕਰ ਕੇ ਵੱਡੀ ਗਿਣਤੀ 'ਚ ਕਬੂਤਰਬਾਜ਼ ਜਿਥੇ ਇਸ ਖੇਡ ਨੂੰ ਅੰਜਾਮ ਦੇ ਕੇ ਖੁਦ ਹੀ ਸਾਰੇ ਦਸਤਾਵੇਜ਼ ਫਰਜ਼ੀ ਤਰੀਕੇ ਨਾਲ ਤਿਆਰ ਕਰ ਲੈਂਦੇ ਹਨ। ਉਥੇ ਹੀ ਵੀਜ਼ਾ ਲੱਗਣ ਦੀ ਸੂਰਤ 'ਚ ਇਸ ਖੇਡ 'ਚ ਲੱਗੇ ਕਬੂਤਰਬਾਜ਼ 20 ਤੋਂ ਲੈ ਕੇ 25 ਲੱਖ ਰੁਪਏ ਦੀ ਰਕਮ ਵਸੂਲ ਕੇ ਆਮ ਆਦਮੀ ਦਾ ਸ਼ੋਸ਼ਣ ਕਰ ਰਹੇ ਹਨ।
ਇਕ ਹੀ ਛੱਤ ਹੇਠਾਂ ਤਿਆਰ ਕੀਤੇ ਜਾ ਰਹੇ ਹਨ ਫਰਜ਼ੀ ਦਸਤਾਵੇਜ਼
ਦੋਆਬਾ 'ਚ ਐੱਨ. ਆਰ. ਆਈਜ਼ ਦੇ ਵੱਡੇ ਗੜ੍ਹ ਦੇ ਰੂਪ 'ਚ ਜਾਣੇ ਜਾਂਦੇ ਜ਼ਿਲਾ ਕਪੂਰਥਲਾ ਦਾ ਬੀਤੇ ਕਈ ਦਹਾਕਿਆਂ ਤੋਂ ਫਰਜ਼ੀ ਕਬੂਤਰਬਾਜ਼ਾਂ ਨਾਲ ਨਾਤਾ ਰਿਹਾ ਹੈ। ਕਈ ਵਿਦੇਸ਼ੀ ਅੰਬੈਸੀਆਂ ਨੇ ਕਬੂਤਰਬਾਜ਼ਾਂ ਵੱਲੋਂ ਲਾਏ ਗਏ ਫਰਜ਼ੀ ਦਸਤਾਵੇਜ਼ਾਂ ਨੂੰ ਸੰਬੰਧਤ ਅੰਬੈਸੀਆਂ ਵੱਲੋਂ ਫੜਨ ਦੇ ਬਾਵਜੂਦ ਵੀ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ ਹਨ।
ਗੌਰ ਹੋਵੇ ਕਿ ਬੀਤੇ 2 ਦਹਾਕਿਆਂ ਦੌਰਾਨ ਕਪੂਰਥਲਾ ਪੁਲਸ ਦੇ ਨਾਲ-ਨਾਲ ਨਵੀਂ ਦਿੱਲੀ ਦੇ ਚਨਕਿਆਪੁਰੀ ਅਤੇ ਇੰੰਦਰਾ ਗਾਂਧੀ ਅੰਤਰਾਸ਼ਟਰੀ ਹਵਾਈ ਅੱਡੇ ਦੀ ਪੁਲਸ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਜ਼ਿਲਾ ਕਪੂਰਥਲਾ ਨਾਲ ਸੰਬੰਧਤ ਕਈ ਕਬੂਤਰਬਾਜ਼ਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਜਿਸ ਦੇ ਬਾਵਜੂਦ ਵੀ ਇਹ ਪੂਰੀ ਖੇਡ ਲਗਾਤਾਰ ਜਾਰੀ ਹੈ।
ਦੱਸਿਆ ਜਾਂਦਾ ਹੈ ਕਿ ਇਸ ਪੂਰੇ ਖੇਡ 'ਚ ਵੱਡੀ ਗਿਣਤੀ 'ਚ ਅਜਿਹੇ ਸਫੇਦਪੋਸ਼ ਕਬੂਤਰਬਾਜ਼ ਸ਼ਾਮਲ ਹਨ, ਜੋ ਆਪਣੇ ਸੰਪਰਕਾਂ ਦੀ ਮਦਦ ਨਾਲ ਲਿਆਂਦੇ ਗਏ ਆਮ ਲੋਕਾਂ ਨੂੰ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਅਮਰੀਕਾ ਅਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਬਦਲੇ 'ਚ ਉਨ੍ਹਾਂ ਤੋਂ ਵੀਜ਼ਾ ਲਗਵਾਉਣ ਦੇ ਨਾਂ 'ਤੇ 20 ਤੋਂ 25 ਲੱਖ ਰੁਪਏ ਦੀ ਰਕਮ ਵਸੂਲਦੇ ਹਨ ਅਤੇ ਅੰਬੈਸੀਆਂ 'ਚ ਲਾਏ ਜਾਣ ਵਾਲੇ ਜ਼ਿਆਦਾਤਰ ਦਸਤਾਵੇਜ਼ ਫਰਜ਼ੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਇਕ ਹੀ ਛੱਤ ਦੇ ਹੇਠਾਂ ਤਿਆਰ ਕੀਤਾ ਜਾਂਦਾ ਹੈ । ਜਿਸ ਦੌਰਾਨ ਵੀਜ਼ਾ ਲੈਣ ਵਾਲੇ ਵਿਅਕਤੀ ਨੂੰ ਫਾਈਲ ਤਿਆਰ ਕਰ ਕੇ ਉਕਤ ਕਬੂਤਰਬਾਜ਼ ਖੁਦ ਹੀ ਸੰਬੰਧਤ ਦੇਸ਼ਾਂ ਦੀ ਅੰਬੈਸੀ 'ਚ ਭੇਜ ਦਿੰਦੇ ਹਨ, ਜਿਥੇ ਵੀਜ਼ਾ ਲੱਗਦੇ ਹੀ ਇਹ ਕਬੂਤਰਬਾਜ਼ ਉਕਤ ਵਿਅਕਤੀ ਤੋਂ ਪਾਸਪੋਰਟ ਲੈ ਕੇ ਬਦਲੇ 'ਚ ਉਸ ਤੋਂ ਲੱਖਾਂ ਰੁਪਏ ਦੀ ਰਕਮ ਵਸੂਲਦੇ ਹਨ। ਜ਼ਿਲੇ 'ਚ ਕਈ ਅਜਿਹੇ ਕਬੂਤਰਬਾਜ਼ ਸਰਗਰਮ ਹਨ, ਜੋ ਗੁਪਤ ਤਰੀਕੇ ਨਾਲ ਇਸ ਪੂਰੀ ਖੇਡ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਸ ਤੋਂ ਬਚਣ ਲਈ ਇਮੀਗਰੇਸ਼ਨ ਨਾਲ ਜੁੜਿਆ ਕੋਈ ਹੋਰ ਕਾਰੋਬਾਰ ਕਰ ਲੈਂਦੇ ਹਨ ਤਾਂਕਿ ਉਹ ਪੁਲਸ ਦੀ ਪਕੜ ਤਂੋ ਬਚ ਸਕਣ।
ਕਬੂਤਰਬਾਜ਼ਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਸੁਰੱਖੀਆਂ 'ਚ ਰਹਿ ਚੁੱਕਿਆ ਹੈ ਕਪੂਰਥਲਾ
ਕਬੂਤਰਬਾਜ਼ਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਜ਼ਿਲਾ ਕਪੂਰਥਲਾ ਬੀਤੇ 2 ਦਹਾਕਿਆਂ ਦੌਰਾਨ ਪੂਰੇ ਦੇਸ਼ 'ਚ ਸੁਰੱਖੀਆਂ 'ਚ ਰਹਿ ਚੁੱਕਿਆ ਹੈ। ਸਾਲ 2004 'ਚ ਇਕ ਐੱਮ. ਪੀ. ਨੂੰ ਕਪੂਰਥਲਾ ਜ਼ਿਲੇ ਨਾਲ ਸੰਬੰਧਤ ਇਕ ਮਹਿਲਾ ਦੇ ਨਾਲ ਦਿੱਲੀ ਦੇ ਇੰਦਰਾ ਗਾਂਧੀ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ 'ਚ ਫੜਿਆ ਗਿਆ ਸੀ । ਉਥੇ ਹੀ ਸਾਲ 2007 'ਚ ਜ਼ਿਲਾ ਪੁਲਸ ਨੇ ਵਿਦੇਸ਼ ਭੇਜਣ ਲਈ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਇਕ ਵਿਅਕਤੀ ਨੂੰ ਭੁਲੱਥ ਖੇਤਰ ਤੋਂ ਗ੍ਰਿਫਤਾਰ ਕੀਤਾ ਸੀ, ਜਦ ਕਿ ਸਾਲ 2008 'ਚ ਫਰਜ਼ੀ ਪੁਰਤਗਾਲੀ ਪਾਸਪੋਰਟਾਂ ਨਾਲ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਥੇ ਹੀ ਜ਼ਿਲਾ ਕਪੂਰਥਲਾ ਨਾਲ ਸੰਬੰਧਤ ਵੱਡੀ ਗਿਣਤੀ 'ਚ ਕਬੂਤਰਬਾਜ਼ਾਂ ਨੂੰ ਨਵੀਂ ਦਿੱਲੀ ਪੁਲਸ ਜ਼ਿਲੇ ਦੀਆਂ ਕਈ ਥਾਵਾਂ 'ਤੇ ਛਾਪਾਮਾਰੀ ਕਰ ਕੇ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ 'ਚ ਕਈ ਮਾਮਲੇ ਸੰਬੰਧਤ ਦੇਸ਼ਾਂ ਦੀਆਂ ਅੰਬੈਸੀਆਂ ਦੀ ਸ਼ਿਕਾਇਤ 'ਤੇ ਦਰਜ ਕੀਤੇ ਗਏ ਹਨ। ਇਸ ਦੇ ਬਾਵਜੂਦ ਵੀ ਜਾਗਰੂਕਤਾ ਦੀ ਕਮੀ ਦੇ ਕਾਰਨ ਲੋਕ ਅਜਿਹੇ ਫਰਜ਼ੀ ਟਰੈੱਵਲ ਏਜੰਟਾਂ ਦੇ ਜਾਲ 'ਚ ਫਸ ਰਹੇ ਹਨ।
![PunjabKesari](http://static.jagbani.com/multimedia/06_25_24582338432-ll.jpg)
ਕਬੂਤਰਬਾਜ਼ਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਐੱਸ. ਐੱਸ. ਪੀ.
ਇਸ ਸੰਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਲੀ ਦਸਤਾਵੇਜ਼ਾਂ ਦੀ ਮਦਦ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇਣ ਵਾਲੇ ਕਬੂਤਰਬਾਜ਼ਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ । ਅਜਿਹੇ ਲੋਕਾਂ ਦੀ ਕਿਸੇ ਵੀ ਸ਼ਿਕਾਇਤ ਆਉਣ 'ਤੇ ਤੁਰੰਤ ਮਾਮਲਾ ਦਰਜ ਕੀਤਾ ਜਾਵੇਗਾ । ਉਥੇ ਹੀ ਜ਼ਿਲਾ ਪੁਲਸ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਸੈਮੀਨਾਰ ਲਾ ਰਹੀ ਹੈ।
ਸਿੱਧੂ ਨੂੰ ਮਿਲੀ ਸਰਕਾਰੀ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਵਾਉਣ ਦੀ ਕਮਾਨ
NEXT STORY