ਬਿਲਾਸਪੁਰ/ਗੁਰਦਾਸਪੁਰ— ਬੀਤੀ ਰਾਤ ਨੈਨਾ ਦੇਵੀ 'ਚ ਹੋਏ ਪੁਲਸ ਮੁਕਾਬਲੇ 'ਚ ਮਾਰਿਆ ਗਿਆ ਗੈਂਗਸਟਰ ਸੰਨੀ ਮਸੀਹ ਗੁਰਦਾਸਪੁਰ ਜ਼ਿਲੇ ਦੇ ਥਾਣਾ ਕਲਾਨੌਰ 'ਚ ਪੈਂਦੇ ਪਿੰਡ ਧੀਦੋਵਾਲ ਦਾ ਰਹਿਣ ਵਾਲਾ ਸੀ। ਉਸ ਦੀ ਮੌਤ ਦੀ ਖਬਰ ਜਿਵੇਂ ਹੀ ਉਸ ਦੇ ਪਰਿਵਾਰ ਤੱਕ ਪੁੱਜੀ ਤਾਂ ਪਰਿਵਾਰ 'ਚ ਮਾਤਮ ਛਾ ਗਿਆ। ਪਰਿਵਾਰ ਵਾਲਿਆਂ ਨੇ ਪੁਲਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੰਨੀ 'ਤੇ ਕੋਈ ਵੀ ਕੇਸ ਪੂਰੇ ਪੰਜਾਬ 'ਚ ਦਰਜ ਨਹੀਂ ਹੈ, ਫਿਰ ਵੀ ਪੁਲਸ ਉਸ ਨੂੰ ਗੈਂਗਸਟਰਾਂ ਦਾ ਸਾਥੀ ਦੱਸ ਰਹੀ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਪੁਖਤਾ ਜਾਂਚ ਕਰਨ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਪਿੰਡ ਧੀਦੋਵਾਲ ਦਾ ਸਰਪੰਚ ਯੂਨਿਸ ਮਸੀਹ ਸੰਨੀ ਦਾ ਚਾਚਾ ਹੈ। ਯੂਨਿਸ ਪਿਛਲੇ ਲੰਬੇ ਸਮੇਂ ਤੋਂ ਪਿੰਡ ਦਾ ਸਰਪੰਚ ਚਲਿਆ ਆ ਰਿਹਾ ਹੈ। ਇਸ ਮੌਕੇ ਮ੍ਰਿਤਕ ਸੰਨੀ ਦੇ ਚਾਚਾ ਨੇ ਦੱਸਿਆ ਕਿ ਇਸੇ ਮਹੀਨੇ 11 ਤਰੀਕ ਨੂੰ ਸੰਨੀ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਸ ਨੂੰ ਕਿਸੇ ਕੰਪਨੀ 'ਚ ਟੋਲ ਪਲਾਜ਼ਾ 'ਤੇ ਨੌਕਰੀ ਮਿਲੀ ਹੈ ਪਰ ਅੱਜ ਜਦੋਂ ਪੁਲਸ ਨੇ ਉਸ ਦੇ ਮੁਕਾਬਲੇ ਦੌਰਾਨ ਮਾਰੇ ਜਾਣ ਬਾਰੇ ਦੱਸਿਆ ਤਾਂ ਇਸ ਖਬਰ ਨੂੰ ਸੁਣ ਸਾਰਾ ਪਰਿਵਾਰ ਸਦਮੇ 'ਚ ਆ ਗਿਆ। ਅੱਗੇ ਦੱਸਦੇ ਹੋਏ ਯੂਨਿਸ ਨੇ ਕਿਹਾ ਕਿ ਮਸੀਹ ਆਪਣੇ ਪਿੰਡ 'ਚ ਖੇਤੀਬਾੜੀ ਦਾ ਕੰਮ ਕਰਦਾ ਸੀ।
ਉਥੇ ਹੀ ਦੂਜੇ ਪਾਸੇ ਇਸ ਪਿੰਡ ਦੇ ਥਾਣੇ ਦੇ ਇੰਚਾਰਜ ਨਿਰਮਲ ਦਾ ਕਹਿਣਾ ਹੈ ਕਿ ਨੌਜਵਾਨ ਖਿਲਾਫ ਸਾਡੇ ਇਥੇ ਵੀ ਕੋਈ ਕੇਸ ਦਰਜ ਨਹੀਂ ਹੈ। ਇਸ ਪਰਿਵਾਰ ਦਾ ਇਲਾਕੇ 'ਚ ਵਧੀਆ ਵਤੀਰਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸਾਨੂੰ ਹਿਮਾਚਲ ਪੁਲਸ ਤੋਂ ਇਸ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਇਸ ਦੇ ਪਰਿਵਾਰ ਵਾਲਿਆਂ ਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਅਗਲੀ ਕਾਰਵਾਈ ਲਈ ਇਨ੍ਹਾਂ ਨੂੰ ਬੁਲਾਇਆ ਗਿਆ ਹੈ।
ਵਿਆਹੁਤਾ ਨਾਲ ਪ੍ਰੇਮ ਸਬੰਧਾਂ ਦੀ ਪੋਲ ਖੁੱਲ੍ਹਣ 'ਤੇ ਕੀਤੀ ਖੁਦਕੁਸ਼ੀ, ਬਣਾਈ ਵੀਡੀਓ
NEXT STORY