ਮੋਹਾਲੀ,(ਕੁਲਦੀਪ ਸਿੰਘ): ਚੰਡੀਗੜ੍ਹ ਦੇ ਪਿੰਡ ਬੁੜੈਲ ਵਿਖੇ ਬੀਤੇ ਦਿਨੀਂ ਸੋਨੂੰ ਸ਼ਾਹ ਕਤਲਕਾਂਡ ਦੀ ਫੇਸਬੁੱਕ 'ਤੇ ਜ਼ਿੰਮੇਵਾਰੀ ਲੈਣ ਵਾਲੇ ਸਾਬਕਾ ਸੋਪੂ ਲੀਡਰ ਲਾਰੈਂਸ ਬਿਸ਼ਨੋਈ ਨੂੰ ਇੱਕ ਪੁਰਾਣੇ ਹਮਲੇ ਦੇ ਕੇਸ ਸਬੰਧੀ ਅੱਜ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਕ ਜਿਸ ਕੇਸ ਵਿਚ ਅੱਜ ਲਾਰੈਂਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਉਹ ਕੇਸ ਸਾਲ 2011 ਵਿਚ ਫੇਜ਼-8 ਮੋਹਾਲੀ ਪੁਲਸ ਥਾਣੇ ਵਿਚ ਦਰਜ ਕੀਤਾ ਗਿਆ ਸੀ। ਉਸ ਕੇਸ ਦੀ ਸੁਣਵਾਈ ਮੋਹਾਲੀ ਅਦਾਲਤ ਵਿਚ ਚੱਲ ਰਹੀ ਹੈ। ਅਦਾਲਤ ਵਿਚ ਇਸੇ ਕੇਸ ਦੇ ਦੋ ਹੋਰ ਮੁਲਜ਼ਮ ਤਰਸੇਮ ਸਿੰਘ ਅਤੇ ਨਵਪ੍ਰੀਤ ਸਿੰਘ ਵੀ ਹਾਜ਼ਰ ਸਨ। ਅੱਜ ਅਦਾਲਤ ਵੱਲੋਂ ਲਾਰੈਂਸ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਹਨ ਅਤੇ ਕੇਸ ਦੀ ਸੁਣਵਾਈ ਅਗਲੀ ਤਰੀਕ 18 ਅਕਤੂਬਰ ਨਿਸ਼ਚਿਤ ਕਰ ਦਿੱਤੀ ਗਈ ਹੈ।
ਰਾਤ ਨੂੰ ਬੁੜੈਲ ਜੇਲ ਵਿਚ ਰੱਖਿਆ ਮੁਲਜ਼ਮ
ਜਾਣਕਾਰੀ ਮੁਤਾਬਕ ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਜੇਲ ਤੋਂ ਲੈ ਕੇ ਪੁਲਸ ਵੀਰਵਾਰ ਦੇਰ ਰਾਤ ਸਵਾ 12 ਵਜੇ ਦੇ ਕਰੀਬ ਮੋਹਾਲੀ ਅਦਾਲਤ ਵਿਚ ਪਹੁੰਚੀ। ਸੁਰੱਖਿਆ ਦੇ ਮੱਦੇਨਜ਼ਰ ਰਾਤ ਨੂੰ ਉਸ ਨੂੰ ਅਦਾਲਤ ਵਿਚ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਤੋਂ ਬੁੜੈਲ ਜੇਲ ਵਿਚ ਰੱਖਣ ਸਬੰਧੀ ਰਾਹਦਾਰੀ ਵਾਰੰਟ ਹਾਸਲ ਕਰਨ ਉਪਰੰਤ ਉਸ ਨੂੰ ਰਾਤ ਨੂੰ ਜੇਲ ਵਿਚ ਰੱਖਿਆ ਗਿਆ ਅਤੇ ਅੱਜ ਸਵੇਰੇ ਮੋਹਾਲੀ ਅਦਾਲਤ ਵਿਚ ਲਿਆ ਕੇ ਪੇਸ਼ ਕੀਤਾ ਗਿਆ। ਐੱਸ. ਐੱਚ. ਓ. ਪੁਲਸ ਸਟੇਸ਼ਨ ਫੇਜ਼-8 ਮੋਹਾਲੀ ਸ਼ਿਵਦੀਪ ਸਿੰਘ ਬਰਾੜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਲਾਰੈਂਸ ਦੇ ਸਮਰਥਕਾਂ ਨੇ ਪੁਲਸ ਨੂੰ ਰੋਕਿਆ
ਜਿਉਂ ਹੀ ਲਾਰੈਂਸ ਬਿਸ਼ਨੋਈ ਦੇ ਸਮਰਥਕਾਂ ਨੂੰ ਉਸ ਦੀ ਮੋਹਾਲੀ ਪੇਸ਼ੀ ਬਾਰੇ ਪਤਾ ਲੱਗਾ ਤਾਂ ਉਹ ਵੀ ਮੌਕੇ 'ਤੇ ਪਹੁੰਚ ਗਏ ਪਰ ਪੁਲਸ ਵੱਲੋਂ ਪਹਿਲਾਂ ਤੋਂ ਹੀ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਇਨ੍ਹਾਂ ਸਮਰਥਕਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ।
ਇਸ ਕੇਸ 'ਚ ਲਾਰੈਂਸ ਨੂੰ ਕੀਤਾ ਅਦਾਲਤ ਵਿਚ ਪੇਸ਼
ਦੱਸਣਯੋਗ ਹੈ ਕਿ ਫ਼ਰਵਰੀ 2011 ਵਿਚ ਸਤਵਿੰਦਰ ਸਿੰਘ ਉਰਫ਼ ਸੱਤੂ ਨਿਵਾਸੀ ਪਿੰਡ ਜਲਵੇੜਾ (ਸਰਹਿੰਦ) ਜ਼ਿਲਾ ਫ਼ਤਿਹਗੜ੍ਹ ਸਾਹਿਬ ਦੇ ਕਮਰੇ ਵਿਚ ਆ ਕੇ ਉਸ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਸਬੰਧੀ ਲਾਰੈਂਸ ਬਿਸ਼ਨੋਈ ਅਤੇ ਉਸ ਸਾਥੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਸਤਵਿੰਦਰ ਸਿੰਘ ਉਸ ਸਮੇਂ ਖਾਲਸਾ ਕਾਲਜ ਸੈਕਟਰ-26 ਚੰਡੀਗੜ੍ਹ ਵਿਖੇ ਪੜ੍ਹਦਾ ਸੀ ਅਤੇ ਮੋਹਾਲੀ ਦੇ ਸੈਕਟਰ-69 ਸਥਿਤ ਇਕ ਮਕਾਨ ਵਿਚ ਕਿਰਾਏਦਾਰ ਦੇ ਤੌਰ 'ਤੇ ਰਹਿ ਰਿਹਾ ਸੀ। ਇਹ ਘਟਨਾ 4 ਫ਼ਰਵਰੀ 2011 ਦੀ ਹੈ। ਸਤਵਿੰਦਰ ਸਿੰਘ ਉਰਫ਼ ਸੱਤੂ ਆਪਣੇ ਦੋਸਤ ਕੈਵਿਨ ਸੁਸ਼ਾਂਤ ਨਾਲ ਕਮਰੇ ਵਿਚ ਬੈਠਾ ਟੀ. ਵੀ. ਦੇਖ ਰਿਹਾ ਸੀ। ਇਸੇ ਦੌਰਾਨ ਰਾਤ ਨੂੰ ਬਲੈਰੋ ਜੀਪ ਵਿਚ ਸਵਾਰ ਹੋ ਕੇ ਆਏ ਹਥਿਆਰਬੰਦ ਨੌਜਵਾਨਾਂ ਨੇ ਉਸ ਦੇ ਕਮਰੇ ਵਿਚ ਵੜ ਕੇ ਹਮਲਾ ਕਰ ਦਿੱਤਾ ਸੀ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਤਵਿੰਦਰ ਨੇ ਦੱਸਿਆ ਸੀ ਕਿ ਉਸ ਸਮੇਂ ਨਿਭਰ, ਜੈਜੀ, ਲਾਰੈਂਸ ਕੋਲ ਕਿਰਪਾਨਾਂ ਸਨ ਅਤੇ ਇਕ ਨੌਜਵਾਨ ਕੋਲ ਪਿਸਤੌਲ ਸੀ। ਇਨ੍ਹਾਂ ਤਿੰਨਾਂ ਨੇ ਕਿਰਪਾਨਾਂ ਨਾਲ ਉਸ ਉਤੇ ਹਮਲਾ ਕਰ ਕੇ ਜਖ਼ਮੀ ਕਰ ਦਿੱਤਾ ਅਤੇ ਜਾਂਦੇ ਹੋਏ ਪਿਸਤੌਲ ਨਾਲ ਇਕ ਫਾਇਰ ਵੀ ਕਰ ਕੇ ਗਏ ਸਨ, ਜਿਸ ਦੌਰਾਨ ਸਤਵਿੰਦਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪੁਲਸ ਸਟੇਸ਼ਨ ਫੇਜ਼-8 ਮੋਹਾਲੀ ਵਿਚ ਉਸ ਦੇ ਬਿਆਨਾਂ ਉਤੇ ਆਈ. ਪੀ. ਸੀ. ਦੀ ਧਾਰਾਵਾਂ 452, 506, 324, 148, 149, 336 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54 ਤਹਿਤ ਕੇਸ ਦਰਜ ਕਰ ਲਿਆ ਗਿਆ ਸੀ। ਇਸ ਕੇਸ ਦੀ ਸੁਣਵਾਈ ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਚੱਲ ਰਹੀ ਹੈ।
550ਵੇਂ ਪ੍ਰਕਾਸ਼ ਪੁਰਬ 'ਤੇ ਪੰਜਾਬ ਸਰਕਾਰ ਨੇ 6 ਨਵੰਬਰ ਨੂੰ ਸੱਦਿਆ ਵਿਸ਼ੇਸ਼ ਇਜਲਾਸ'
NEXT STORY