ਲੁਧਿਆਣਾ (ਰਾਜ) : ਸ਼ਹਿਰ ਦੇ ਕਈ ਇਲਾਕਿਆਂ ’ਚ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਣ ਵਾਲੇ ਗੈਂਗਸਟਰ ਪੁਨੀਤ ਬੈਂਸ ਦੇ ਨੇੜਲੇ ਸਾਥੀ ਗੈਂਗਸਟਰ ਵਿਸ਼ਾਲ ਗਿੱਲ ਉਰਫ ਵਿਸ਼ਾਲ ਜੈਕਾਬ ਆਖਿਰ ਪੁਲਸ ਦੇ ਹੱਥੇ ਚੜ੍ਹ ਹੀ ਗਿਆ। ਪੁਲਸ ਨੇ ਮੁਲਜ਼ਮ ਨੂੰ ਢੰਡਾਰੀ ਪੁਲ ਕੋਲੋਂ ਫੜਿਆ। ਉਸ ਕੋਲੋਂ ਇਕ 32 ਬੋਰ ਦੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ, ਜਿਸ ਦੇ ਫੜੇ ਜਾਣ ਤੋਂ ਬਾਅਦ ਪੁਲਸ ਨੇ ਸੁੱਖ ਦਾ ਸਾਹ ਲਿਆ। ਉਕਤ ਮੁਲਜ਼ਮ ਪੁਲਸ ਲਈ ਸਿਰਦਰਦੀ ਬਣਿਆ ਹੋਇਆ ਸੀ, ਜਿਸ ਨੇ ਵੱਖ-ਵੱਖ ਵਾਰਦਾਤਾਂ ਕਰਕੇ ਪੁਲਸ ਦੇ ਨੱਕ ’ਚ ਦਮ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ : ਕਰਨਾਟਕ ਹਿਜਾਬ ਬੈਨ ਮਾਮਲੇ 'ਚ ਅੱਜ ਫ਼ੈਸਲਾ ਸੁਣਾਏਗੀ ਸੁਪਰੀਮ ਕੋਰਟ
ਪ੍ਰੈੱਸ ਕਾਨਫਰੰਸ ’ਚ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਪੁਨੀਤ ਬੈਂਸ ਗਰੁੱਪ ਅਤੇ ਸ਼ੁਭਮ ਮੋਟਾ ਗਰੁੱਪ ’ਚ ਆਪਸੀ ਰੰਜਿਸ਼ ਚਲਦੀ ਆ ਰਹੀ ਸੀ। ਦੋਵੇਂ ਹੀ ਗਰੁੱਪਾਂ ਦੇ ਮੁੱਖ ਸਰਗਣਾ ਅਜੇ ਜੇਲ੍ਹ ’ਚ ਹਨ ਪਰ ਉਨ੍ਹਾਂ ਦੇ ਸਾਥੀ ਬਾਹਰ ਹਨ। ਵਿਸ਼ਾਲ, ਪੁਨੀਤ ਬੈਂਸ ਦੇ ਗਰੁੱਪ ਨਾਲ ਸਬੰਧਤ ਸੀ, ਜੋ ਕਿ ਸ਼ੁਭਮ ਦੇ ਸਾਥੀਆਂ ਨਾਲ ਆਮ ਕਰਕੇ ਗੈਂਗਵਾਰ ਕਰਦਾ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਵਿਸ਼ਾਲ ਗਿੱਲ ਨੇ ਗੁਰਦੁਆਰਾ ਨੀਲਾ ਝੰਡਾ ਰੋਡ ’ਤੇ ਸ਼ੁਭਮ ਗੈਂਗ ਦੇ ਮੈਂਬਰ ਰਾਜਾ ਬਜਾਜ ’ਤੇ ਫਾਇਰਿੰਗ ਕੀਤੀ ਸੀ। ਗੈਂਗਸਟਰ ਵਿਸ਼ਾਲ ਗਿੱਲ ਕੁੱਟਮਾਰ ਦੇ ਮਾਮਲੇ ’ਚ ਜੇਲ੍ਹ ’ਚ ਕਰੀਬ 6 ਮਹੀਨਿਆਂ ਤੱਕ ਰਿਹਾ। ਬਾਹਰ ਆਉਣ ਤੋਂ ਬਾਅਦ ਉਹ ਯੂ. ਪੀ. ਦੇ ਕਾਨਪੁਰ ਤੋਂ ਨਾਜਾਇਜ਼ ਹਥਿਆਰ ਲੈ ਕੇ ਆਇਆ ਤਾਂ ਕਿ ਵਿਰੋਧੀਆਂ ਨੂੰ ਸਬਕ ਸਿਖਾ ਸਕੇ।
ਇਹ ਵੀ ਪੜ੍ਹੋ : 'ਆਪ' ਵਰਕਰ ਦੇ ਪੁੱਤ 'ਤੇ ਜਾਨਲੇਵਾ ਹਮਲਾ, ਮੌਕੇ 'ਤੇ ਮੋਟਰਸਾਈਕਲ ਛੱਡ ਫਰਾਰ ਹੋਏ ਹਮਲਾਵਰ
ਵਿਸ਼ਾਲ ਆਪਣੇ ਸਾਥੀਆਂ ਜਤਿਨ ਟ੍ਰੈਂਡੀ, ਨਵੀਨ ਗਿੱਲ, ਵੱਡਾ ਨੰਨਾ, ਛੋਟੂ, ਦੀਪ, ਰਿਤਿਕ, ਦੀਵਾਂਸ਼ੂ, ਬੱਗਾ ਦੇ ਨਾਲ ਮਿਲ ਕੇ ਦਹਿਸ਼ਤ ਫੈਲਾਉਂਦਾ ਸੀ। ਗੈਂਗਸਟਰ ਵਿਸ਼ਾਲ ਗਿੱਲ ਨੇ ਪੁਲਸ ਨੂੰ ਦੱਸਿਆ ਕਿ ਉਹ ਕਾਨਪੁਰ ਤੋਂ 3 ਹਥਿਆਰ ਲੈ ਕੇ ਆਇਆ ਸੀ, ਜਿਨ੍ਹਾਂ 'ਚ 1 ਪਿਸਤੌਲ ਉਸ ਕੋਲ, 1 ਟ੍ਰੈਂਡੀ ਅਤੇ ਤੀਜਾ ਪਿਸਤੌਲ ਨਵੀਨ ਗਿੱਲ ਕੋਲ ਸੀ। ਪੁਲਸ ਹੁਣ ਵਿਸ਼ਾਲ ਗਿੱਲ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤਾਂ ਕਿ ਅਹਿਮ ਖੁਲਾਸੇ ਹੋ ਸਕਣ। ਗੈਂਗਸਟਰ ਵਿਸ਼ਾਲ ਗਿੱਲ ’ਤੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ’ਚ ਕਰੀਬ 8 ਕੇਸ ਦਰਜ ਹਨ।
ਇਹ ਵੀ ਪੜ੍ਹੋ : ਗੈਂਗਸਟਰ ਦੀ ਪਿੱਠ ਥਪਥਪਾਉਣ 'ਤੇ ਵਿਵਾਦਾਂ 'ਚ ਘਿਰੇ ਮੋਗਾ ਦੇ CIA ਇੰਚਾਰਜ
ਰਾਤ ਸਮੇਂ ਹੁੰਦੀ ਸੀ ਗੈਂਗਵਾਰ
ਹੁਣ ਤੱਕ ਪੁਲਸ ਦੇ ਸਾਹਮਣੇ ਜਿੰਨੀਆਂ ਵੀ ਵਾਰਦਾਤਾਂ ਸਾਹਮਣੇ ਆਈਆਂ, ਉਹ ਰਾਤ ਸਮੇਂ ਹੀ ਹੁੰਦੀਆਂ ਰਹੀਆਂ ਹਨ। ਗੈਂਗਸਟਰ ਵਿਸ਼ਾਲ ਗਿੱਲ ਰਾਤ ਸਮੇਂ ਨੀਲਾ ਝੰਡਾ ਰੋਡ ’ਤੇ ਬਾਈਕ ’ਤੇ ਨੌਜਵਾਨਾਂ ਨਾਲ ਸ਼ਰੇਆਮ ਤਲਵਾਰਾਂ ਜ਼ਮੀਨ ਨਾਲ ਲਗਾ ਕੇ ਅੱਗ ਕੱਢਦਾ ਆਮ ਦੇਖਿਆ ਜਾਂਦਾ ਸੀ ਪਰ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਨ ’ਚ ਹਮੇਸ਼ਾ ਅਸਮਰੱਥ ਰਹੀ ਸੀ, ਨਾਲ ਹੀ ਵਿਸ਼ਾਲ ਗਿੱਲ ਆਪਣੇ ਇੰਸਟਾਗ੍ਰਾਮ ’ਤੇ ਵੀ ਐਕਟਿਵ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਰਾਤ 1 ਵਜੇ ਤੋਂ ਬਾਅਦ ਗੈਂਗਸਟਰ ਵਿਸ਼ਾਲ ਗਿੱਲ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਦੂਜੇ ਗਰੁੱਪਾਂ ਨੂੰ ਧਮਕੀਆਂ ਦਿੰਦਾ ਸੀ। ਸੀ. ਆਈ. ਏ. ਵਿਸ਼ਾਲ ਦਾ ਮੋਬਾਈਲ ਵੀ ਕਬਜ਼ੇ ’ਚ ਲਵੇਗੀ ਤਾਂ ਕਿ ਹੋਰ ਖੁਲਾਸੇ ਹੋ ਸਕਣ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
'ਆਪ' ਵਰਕਰ ਦੇ ਪੁੱਤ 'ਤੇ ਜਾਨਲੇਵਾ ਹਮਲਾ, ਮੌਕੇ 'ਤੇ ਮੋਟਰਸਾਈਕਲ ਛੱਡ ਫਰਾਰ ਹੋਏ ਹਮਲਾਵਰ
NEXT STORY