ਅੰਮ੍ਰਿਤਸਰ (ਸੰਜੀਵ) - ਸਰਕਾਰੀ ਕਣਕ ਦੀਆਂ ਸੈਂਕੜੇ ਬੋਰੀਆਂ ਨੂੰ ਇਕ ਪ੍ਰਾਈਵੇਟ ਗੋਦਾਮ 'ਚ ਉਤਾਰੇ ਜਾਣ ਦੇ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਥਾਣਾ ਗੇਟ ਹਕੀਮਾਂ ਦੀ ਪੁਲਸ ਵੱਲੋਂ ਅਮਾਨਤ 'ਚ ਖਿਆਨਤ ਕੀਤੇ ਜਾਣ ਦੇ ਦੋਸ਼ 'ਚ ਨਾਮਜ਼ਦ ਕੀਤੀ ਗਈ ਬਜ਼ੁਰਗ ਡਿਪੂ ਹੋਲਡਰ ਸੁਮਿੱਤਰਾ ਕੁਮਾਰੀ ਮੀਡੀਆ ਦੇ ਸਾਹਮਣੇ ਆ ਗਈ, ਜਿਥੇ ਉਨ੍ਹਾਂ ਨੇ ਇਕ ਪਾਸੇ ਇਨਸਾਫ ਦੀ ਮੰਗ ਕੀਤੀ, ਉਥੇ ਹੀ ਥਾਣਾ ਗੇਟ ਹਕੀਮਾਂ ਦੀ ਪੁਲਸ ਵੱਲੋਂ ਬਿਨਾਂ ਤੱਥਾਂ ਦੀ ਜਾਂਚ ਕੀਤੇ ਉਨ੍ਹਾਂ 'ਤੇ ਦਰਜ ਕੀਤੇ ਅਪਰਾਧਿਕ ਮਾਮਲੇ ਨੂੰ ਖਾਰਿਜ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ 600 ਬੋਰੀ ਕਣਕ ਬਾਰੇ ਉਨ੍ਹਾਂ ਨੂੰ ਨਾ ਤਾਂ ਕੁਝ ਪਤਾ ਸੀ ਤੇ ਨਾ ਹੀ ਉਹ ਇਨ੍ਹਾਂ ਬੋਰੀਆਂ ਨੂੰ ਕਿਸੇ ਤਰ੍ਹਾਂ ਨਾਲ ਬਲੈਕ 'ਚ ਵੇਚਣ ਦੀ ਤਿਆਰੀ ਕਰ ਰਹੀ ਸੀ। ਜਦੋਂ ਉਨ੍ਹਾਂ ਨੇ ਸਮਾਚਾਰ ਪੱਤਰਾਂ 'ਚ ਛਪੀ ਖਬਰ ਨੂੰ ਪੜ੍ਹਿਆ ਤਾਂ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਹੋਈ।
ਪੱਤਰਕਾਰ ਸੰਮੇਲਨ 'ਚ ਸੁਮਿੱਤਰਾ ਕੁਮਾਰੀ ਦਾ ਡਿਪੂ ਚਲਾਉਣ 'ਚ ਉਨ੍ਹਾਂ ਦਾ ਸਹਿਯੋਗ ਕਰਨ ਵਾਲਾ ਰੋਹਿਤ ਮਹਾਜਨ ਵੀ ਉਨ੍ਹਾਂ ਦੇ ਨਾਲ ਸੀ, ਜਿਸ ਨੇ 600 ਬੋਰੀ ਕਣਕ ਨਾਲ ਭਰੀ ਟਰਾਲੀ ਨੂੰ ਸਰਕਾਰੀ ਗੋਦਾਮ ਤੋਂ ਕੱਢ ਗੇਟ ਹਕੀਮਾਂ ਦੇ ਨੇੜੇ ਸਥਿਤ ਇਕ ਪ੍ਰਾਈਵੇਟ ਗੋਦਾਮ 'ਚ ਰੱਖੇ ਜਾਣ ਦਾ ਠੀਕਰਾ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਸਿਰ 'ਤੇ ਭੰਨ੍ਹਿਆ। ਰੋਹਿਤ ਦਾ ਕਹਿਣਾ ਹੈ ਕਿ ਸਰਕਾਰੀ ਗੋਦਾਮ ਤੋਂ ਕੱਢੀ ਗਈ ਕਣਕ ਨੂੰ ਪ੍ਰਾਈਵੇਟ ਗੋਦਾਮ 'ਚ ਉਤਾਰੇ ਜਾਣ ਪਿੱਛੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਦਾ ਹੱਥ ਹੈ, ਜਿਸ 'ਚ ਇੰਸਪੈਕਟਰ ਪ੍ਰਭਦੀਪ ਸਿੰਘ ਅਤੇ ਇੰਸਪੈਕਟਰ ਬੀਰ ਕਰਨ ਸਿੰਘ ਨੇ ਉਸ ਨੂੰ ਗੋਦਾਮ ਤੋਂ ਲੋਡ ਕੀਤੀ ਹੋਈ ਟਰਾਲੀ ਨੂੰ ਅੰਨਗੜ੍ਹ ਸਥਿਤ ਇਕ ਗੋਦਾਮ ਕੋਲ ਲਿਆਉਣ ਨੂੰ ਕਿਹਾ ਸੀ। ਅੱਗੇ ਗੋਦਾਮ ਵਿਚ ਕਣਕ ਉਤਰਵਾਉਣ ਦੀ ਪੂਰੀ ਜ਼ਿੰਮੇਵਾਰੀ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਦੀ ਸੀ।
ਜਦੋਂ ਕਣਕ ਦੀਆਂ ਬੋਰੀਆਂ ਪ੍ਰਾਈਵੇਟ ਗੋਦਾਮ ਵਿਚ ਉਤਰਵਾਈਆਂ ਜਾ ਰਹੀਆਂ ਸਨ ਤਾਂ ਉਥੇ ਮਾਹੌਲ ਇਸ ਕਦਰ ਵਿਗੜ ਗਿਆ ਕਿ ਟਰਾਲੀ ਸਬੰਧੀ ਸੂਚਨਾ ਪੁਲਸ ਨੂੰ ਮਿਲ ਗਈ ਅਤੇ ਥਾਣਾ ਗੇਟ ਹਕੀਮਾਂ ਤੋਂ ਪੁਲਸ ਬਲ ਮੌਕੇ 'ਤੇ ਪਹੁੰਚ ਗਿਆ। ਪੈਰਾਂ ਹੇਠੋਂ ਜ਼ਮੀਨ ਖਿਸਕਦੀ ਵੇਖ ਕੇ ਫੂਡ ਸਪਲਾਈ ਵਿਭਾਗ ਨੇ ਪੂਰੀ ਗਾਜ ਡਿਪੂ ਹੋਲਡਰ ਸੁਮਿੱਤਰਾ ਕੁਮਾਰੀ 'ਤੇ ਸੁੱਟ ਦਿੱਤੀ ਅਤੇ ਉਨ੍ਹਾਂ 'ਤੇ ਪਰਚਾ ਦਰਜ ਕਰਵਾ ਦਿੱਤਾ, ਜਿਸ ਸਬੰਧੀ ਉਹ ਅੱਜ ਡਿਪਟੀ ਕਮਿਸ਼ਨਰ ਅਤੇ ਏ. ਡੀ. ਸੀ. ਪੀ. ਚਰਨਜੀਤ ਸਿੰਘ ਨੂੰ ਵੀ ਮਿਲ ਕੇ ਆਏ ਹਨ, ਜੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।
ਪੁਲਸ ਪ੍ਰਸ਼ਾਸਨ ਸੀ. ਸੀ. ਟੀ. ਵੀ. ਫੁਟੇਜ ਦੀ ਕਰਵਾਏ ਜਾਂਚ
ਆਰ. ਟੀ. ਆਈ. ਐਕਟੀਵਿਸਟ ਵਰੁਣ ਸਰੀਨ ਵੀ ਅੱਜ ਇਸ ਪੱਤਰਕਾਰ ਸੰਮੇਲਨ ਵਿਚ ਮੌਜੂਦ ਸਨ, ਜਿਨ੍ਹਾਂ ਕਿਹਾ ਕਿ ਪੁਲਸ ਨੇ ਇਕ ਲਾਚਾਰ ਬਜ਼ੁਰਗ ਮਹਿਲਾ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰ ਕੇ ਇਕ ਪਾਸੜ ਕਾਰਵਾਈ ਕੀਤੀ ਹੈ, ਸੁਮਿੱਤਰਾ ਕੁਮਾਰੀ ਚੰਗੀ ਤਰ੍ਹਾਂ ਚੱਲਣ ਦੇ ਵੀ ਕਾਬਲ ਨਹੀਂ ਹੈ। ਇਸ ਪੂਰੇ ਮਾਮਲੇ ਪਿੱਛੇ ਵਿਭਾਗੀ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਹੱਥ ਹੈ, ਜੋ ਆਪਣੇ ਬਚਾਅ ਲਈ ਬਜ਼ੁਰਗ ਮਹਿਲਾ ਨੂੰ ਦੋਸ਼ੀ ਬਣਾ ਰਹੇ ਹਨ। ਪੁਲਸ ਵੱਲੋਂ ਨਾ ਤਾਂ ਉਸ ਗੋਦਾਮ ਮਾਲਕ 'ਤੇ ਕੋਈ ਕਾਰਵਾਈ ਕੀਤੀ ਗਈ ਜਿਸ ਵਿਚ ਸਰਕਾਰੀ ਕਣਕ ਦੀਆਂ 245 ਬੋਰੀਆਂ ਸੀਲ ਹਨ ਤੇ ਨਾ ਹੀ ਉਸ ਟਰਾਲੀ ਚਾਲਕ ਨੂੰ ਫੜਿਆ ਗਿਆ, ਜੋ ਗੋਦਾਮ ਤੋਂ 600 ਬੋਰੀਆਂ ਲੈ ਕੇ ਆਇਆ ਸੀ। ਜੇਕਰ ਇਸ ਪੂਰੇ ਮਾਮਲੇ ਦੀ ਸੱਚਾਈ ਤੋਂ ਪਰਦਾ ਹਟਾਇਆ ਜਾਵੇ ਤਾਂ ਉਸ ਵਿਚ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਗੋਦਾਮ ਮਾਲਕ ਵਿਚ ਮਿਲੀਭੁਗਤ ਬਾਰੇ ਸਾਹਮਣੇ ਆ ਰਿਹਾ ਹੈ।
ਗੰਭੀਰਤਾ ਨਾਲ ਹੋ ਰਹੀ ਮਾਮਲੇ ਦੀ ਜਾਂਚ : ਏ. ਡੀ. ਸੀ. ਪੀ. ਚਰਨਜੀਤ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਫੂਡ ਸਪਲਾਈ ਵਿਭਾਗ ਦੀ 600 ਬੋਰੀਆਂ ਕਣਕ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਦੋਸ਼ੀ ਪਾਏ ਜਾਣ ਵਾਲੇ ਹਰ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਕਾਲੀ-ਭਾਜਪਾ ਗੱਠਜੋੜ ਇਕਜੁੱਟ ਹੋ ਕੇ ਲੋਕ ਸਭਾ ਦੀ ਚੋਣ ਲੜੇਗਾ: ਵਿਜੇ ਸਾਂਪਲਾ
NEXT STORY