ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਬੀ. ਐੱਸ. ਐੱਨ. ਐੱਲ. ਸਟਾਫ਼ ਦੇ ਸਮੂਹ ਵਰਗਾਂ ਦੇ ਕਰਮਚਾਰੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਰੋਸ ਰੈਲੀ ਕਰਦਿਆਂ ਵਿਰੋਧ ਪ੍ਰਗਟ ਕੀਤਾ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਬੀ. ਐੱਸ. ਐੱਨ. ਐੱਲ. ਈ. ਯੂ. ਬ੍ਰਾਂਚ ਸਕੱਤਰ ਕਾਮਰੇਡ ਸੁਭਾਸ਼ ਚੰਦਰ ਨੇ ਕਿਹਾ ਕਿ ਭਾਰਤ ਦੇ ਬੀ. ਐੱਸ. ਐੱਨ. ਐੱਲ. ਕਰਮਚਾਰੀਆਂ ਨੂੰ ਸੱਤਵੇਂ ਪੇ-ਕਮਿਸ਼ਨ (ਤੀਸਰੇ ਪੀ.ਆਰ. ਸੀ.) ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਬੀ. ਐੱਸ. ਐੱਨ. ਐੱਲ ਨੂੰ ਘੱਟ ਲਾਭ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਆਪਣੀਆਂ ਗਲਤ ਨੀਤੀਆਂ ਰਾਹੀਂ ਬੀ. ਐੱਸ. ਐੱਨ. ਐੱਲ. ਨੂੰ ਪਿੱਛੇ ਧੱਕਣਾ ਚਾਹੁੰਦੀ ਹੈ ਪਰ ਇਸ ਦੇ ਬਾਵਜੂਦ ਵੀ ਬੀ. ਐੱਸ. ਐੱਨ. ਐੱਲ. ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਲਾਭ ਵੱਲ ਵੱਧ ਰਿਹਾ ਹੈ ਜੋ ਕਿ ਸਰਕਾਰ ਦੀਆਂ ਅੱਖਾਂ 'ਚ ਰੜਕ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਦੇਸ਼ 'ਚ 4 ਲੱਖ 42 ਹਜ਼ਾਰ ਟਾਵਰਾਂ 'ਚੋਂ ਬੀ. ਐੱਸ. ਐੱਨ. ਐੱਲ. ਕੋਲ 66 ਹਜ਼ਾਰ ਟਾਵਰ ਹਨ ਜਿਸ ਦੇ ਦਮ 'ਤੇ ਹੀ ਬੀ. ਐੱਸ. ਐੱਨ. ਐੱਲ. ਨੈੱਟਵਰਕ 'ਚ ਦੂਜੀਆਂ ਨਿੱਜੀ ਕੰਪਨੀਆਂ ਦੇ ਮੁਕਾਬਲੇ ਵਧੀਆਂ ਕਾਰਜ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਬੀ. ਐੱਸ. ਐੱਨ. ਐੱਲ. ਦੇ ਲਾਭ ਵਾਲੇ ਇਨ੍ਹਾਂ ਟਾਵਰਾਂ ਨੂੰ ਵੀ ਅਲੱਗ ਕੰਪਨੀ ਬਣਾ ਕੇ ਵੱਖ ਕਰਕੇ ਨਿੱਜੀ ਕੰਪਨੀਆਂ ਨੂੰ ਸਹੂਲਤ ਦੇਣਾ ਚਾਹੁੰਦੀ ਹੈ ਜਿਸ ਨੂੰ ਕਰਮਚਾਰੀ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਵਿਭਾਗ ਦੇ ਸਮੂਹ ਕਰਮਚਾਰੀ ਨੂੰ ਇਕੱਜੁਟ ਹੋ ਕੇ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਲਾਮਬੰਧ ਹੋ ਕੇ ਡੱਟਣ ਦਾ ਸੱਦਾ ਦਿੱਤਾ। ਇਸ ਮੌਕੇ ਕਾਮਰੇਡ ਸੁਭਾਸ਼ ਚੰਦਰ ਤੋਂ ਇਲਾਵਾ ਬ੍ਰਾਂਚ ਸਕੱਤਰ ਕਾਮਰੇਡ ਦੁਰੱਗਾ ਪ੍ਰਸਾਦ, ਬ੍ਰਾਂਚ ਸਕੱਤਰ ਬੀ. ਟੀ. ਈ. ਯੂ. ਕਾਮਰੇਡ ਹਰੀ ਰਾਮ, ਬਰਾਂਚ ਕੈਸ਼ੀਅਰ ਬੀ. ਐੱਸ. ਐੱਨ. ਐੱਲ. ਈ. ਯੂ. ਕਾਮਰੇਡ ਰਾਮ ਉਦੈ ਰਾਏ, ਕਾਮਰੇਡ ਸ਼ਿਵ ਲੱਤਾ, ਕਾਮਰੇਡ ਗੁਰਦਵ ਸਿੰਘ, ਸਹਾਇਕ ਸਕੱਤਰ ਕਾਮਰੇਡ ਅਸ਼ਵਨੀ ਕੁਮਾਰ, ਕਾਮਰੇਡ ਬੇਅੰਤ ਸਿੰਘ, ਕਾਮਰੇਡ ਦਿਪੰਜੈ ਕੁਮਾਰ ਅਤੇ ਆਫ਼ੀਸਰ ਸਟਾਫ਼ 'ਚੋਂ ਸੁਰਿੰਦਰ ਕੁਮਾਰ ਅਰੋੜਾ ਆਦਿ ਹਾਜ਼ਰ ਸਨ।
ਬਟਾਲਾ 'ਚ ਦਿਨ-ਦਿਹਾੜੇ ਫਿਰ ਵੱਡੀ ਵਾਰਦਾਤ, ਪਿਸਤੌਲ ਦੀ ਨੌਕ 'ਤੇ ਲੁੱਟਿਆ ਮੈਨੇਜਰ
NEXT STORY