ਮੋਗਾ, (ਗੋਪੀ ਰਾਊਕੇ)- ਪਿੰਡ ਘੱਲ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਤਡ਼ਕਸਾਰ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ, ਜਦੋਂ ਸਕੂਲ ’ਚ ਨਵੇਂ ਤਾਇਨਾਤ ਹੋਏ ਮਹਿਲਾ ਗਣਿਤ ਅਧਿਆਪਕ ਨੂੰ ਸਕੂਲ ਮੁਖੀ ਵੱਲੋਂ ਕਥਿਤ ਤੌਰ ’ਤੇ ਜੁਆਇਨਿੰਗ ਨਾ ਕੀਤੇ ਜਾਣ ਤੋਂ ਬਾਅਦ ਪ੍ਰੇਸ਼ਾਨੀ ਝੱਲ ਰਹੀ ਨਵੀਂ ਅਧਿਆਪਕ ਦੇ ਹੱਕ ’ਚ ਦੂਜੇ ਦਿਨ ਪਿੰਡ ਦੀ ਪੰਚਾਇਤ ਦੇ ਨੁਮਾਇੰਦੇ ਅਤੇ ਹੋਰ ਮੋਹਤਬਰ ਵਿਅਕਤੀ ਨਿੱਤਰ ਆਏ ਅਤੇ ਸਕੂਲ ਪੁੱਜ ਕੇ ਇਸ ਦਾ ਵਿਰੋਧ ਕਰਨ ਲੱਗੇ। ਜ਼ਿਕਰਯੋਗ ਹੈ ਕਿ ਇਹ ਗਣਿਤ ਅਧਿਆਪਕ ਸ਼ਿਵਾਨੀ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਸਾਦੇ ਅਸ਼ਾਮ ਤੋਂ ਬਦਲ ਕੇ ਇਸ ਸਕੂਲ ਆਏ ਸਨ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਲੰਬੀ ਮੁਸ਼ੱਕਤ ਮਗਰੋਂ ਤਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਅਧਿਆਪਕ ਭੇਜੇ ਜਾਣ ਲੱਗੇ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਕੂਲ ਮੁਖੀ ਨਵੇਂ ਅਧਿਆਪਕ ਨੂੰ ਨੌਕਰੀ ਦੀ ਹਾਜ਼ਰੀ ਪਾਉਣ ਤੋਂ ਹੀ ਰੋਕਣ ਲੱਗੇ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਜ਼ਿਲਾ ਸਿੱਖਿਆ ਅਫਸਰ ਦੇ ਹੁਕਮਾਂ ’ਤੇ ਹੀ ਨਹੀਂ ਹੋਈ ਸੀ ਪਹਿਲਾਂ ਜੁਆਇਨਿੰਗ : ਸਕੂਲ ਮੁਖੀ
ਇਸ ਮਾਮਲੇ ’ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਸਕੂਲ ਮੁਖੀ ਰਜਿੰਦਰ ਕੌਰ ਨੇ ਕਿਹਾ ਕਿ ਇਸੇ ਮਾਮਲੇ ਸਬੰਧੀ ਜ਼ਿਲਾ ਸਿੱਖਿਆ ਅਫਸਰ ਤੋਂ ਵਿਦਿਆਰਥੀਆਂ ਦੀ ਗਿਣਤੀ ਦੀ ਜਾਣਕਾਰੀ ਮੰਗੀ ਗਈ ਸੀ ਅਤੇ 24 ਜੁਲਾਈ ਨੂੰ ਉਨ੍ਹਾਂ ਗਿਣਤੀ ਭੇਜ ਕੇ ਇਹ ਹੁਕਮ ਦਿੱਤੇ ਕਿ ਹਾਲੇ ਇਕ-ਦੋ ਦਿਨ ਇਸ ਮਾਮਲੇ ’ਤੇ ਵਿਚਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਮੇਰਾ ਭਰਾ ਪੀ. ਜੀ. ਆਈ. ਵਿਖੇ ਦਾਖਲ ਹੋਣ ਕਰਕੇ ਉਨ੍ਹਾਂ ਛੁੱਟੀ ਲੈ ਲਈ ਅਤੇ ਫਿਰ ਹੈਰਾਨੀ ਦੀ ਗੱਲ ਹੈ ਕਿ ਜ਼ਿਲਾ ਸਿੱਖਿਆ ਅਫਸਰ ਨੇ ਪਿੰਡ ਪੁੱਜ ਕੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਮੈਨੂੰ ਇਸ ਮਾਮਲੇ ’ਚ ਦੋਸ਼ੀ ਠਹਿਰਾਇਆ। ਜ਼ਿਲਾ ਸਿੱਖਿਆ ਅਫਸਰ ਨੇ ਮੇਰੀ ਬਦਲੀ ਦੂਰ-ਦੁਰਾਡੇ ਕਰਨ ਦੀ ਗੱਲ ਵੀ ਕਹੀ, ਜੋ ਕਿ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਮੇਰੇ ਦਫਤਰ ਦੀ ਕਥਿਤ ਤੌਰ ’ਤੇ ਭੰਨ-ਤੋਡ਼ ਵੀ ਕੀਤੀ। ਮੇਰੇ ਪਤੀ ’ਤੇ ਲਾਏ ਜਾ ਰਹੇ ਦੋਸ਼ ਵੀ ਬੇਬੁਨਿਆਦ ਹਨ।
ਪਿੰਡ ਦੇ ਸਾਬਕਾ ਸਰਪੰਚ ਜਗਰਾਜ ਸਿੰਘ ਅਤੇ ਤੀਰਥ ਰਾਮ ਦਾ ਕਹਿਣਾ ਸੀ ਕਿ ਪਹਿਲਾਂ ਹੀ ਸਕੂਲ ਮੁਖੀ ਨੇ ਕਥਿਤ ਤੌਰ ’ਤੇ ਪਿੰਡ ’ਚ ਧਡ਼ੇਬੰਦੀ ਪੈਦਾ ਕੀਤੀ ਹੈ ਅਤੇ ਹੁਣ ਇਸ ਮਾਮਲੇ ’ਤੇ ਵੀ ਜਾਣ-ਬੁੱਝ ਕੇ ਨਵੇਂ ਅਧਿਆਪਕਾਂ ਨੂੰ ਜੁਆਇਨ ਕਰਨ ਵੇਲੇ ਕਥਿਤ ਅਡ਼ਿੱਕੇ ਖਡ਼੍ਹੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਮਹਿਲਾ ਸਕੂਲ ਮੁਖੀ ਦਾ ਪਤੀ ਅਤੇ ਰਿਟਾ. ਸਕੂਲ ਮੁਖੀ ਵੀ ਇਸ ਸਕੂਲ ’ਚ ਆ ਕੇ ਕਥਿਤ ਤੌਰ ’ਤੇ ਸਿੱਧੇ ਤੌਰ ’ਤੇ ਦਖਲਅੰਦਾਜ਼ੀ ਕਰਦਾ ਹੈ, ਜਿਸ ਨਾਲ ਸਕੂਲ ਦਾ ਮਾਹੌਲ ਖਰਾਬ ਹੁੰਦਾ ਹੈ। ਉਨ੍ਹਾਂ ਜ਼ਿਲਾ ਸਿੱਖਿਆ ਅਫਸਰ ਤੋਂ ਮੰਗ ਕੀਤੀ ਕਿ ਸਕੂਲ ਮੁਖੀ ਦੀ ਬਦਲੀ ਕਰ ਕੇ ਸਕੂਲ ਦਾ ਚਾਰਜ ਕਿਸੇ ਹੋਰ ਅਧਿਆਪਕ ਹਵਾਲੇ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪਡ਼੍ਹਾਈ ਦਾ ਨੁਕਸਾਨ ਨਾ ਹੋਵੇ।
-ਪਿੰਡ ਵਾਸੀ
ਸਪ੍ਰੇਅ ਚਡ਼੍ਹਨ ਨਾਲ ਖੇਤ ਮਜ਼ਦੂਰ ਦੀ ਮੌਤ
NEXT STORY