ਟਾਂਡਾ, (ਜਸਵਿੰਦਰ)- ਰੋਟੀ-ਰੋਜ਼ੀ ਲਈ ਦੋ ਸਾਲ ਪਹਿਲਾਂ ਸਾਊਦੀ ਅਰਬ ਗਏ ਇਕ ਵਿਅਕਤੀ ਦੀ ਮੌਤ ਹੋ ਜਾਣ ਉਪਰੰਤ ਵਾਰਸਾਂ ਨੂੰ ਉਸਦੀ ਲਾਸ਼ ਨਾ ਭੇਜੇ ਜਾਣ ਕਾਰਨ ਮਾਮਲਾ ਸ਼ੱਕ ਦੇ ਘੇਰੇ 'ਚ ਆ ਰਿਹਾ ਹੈ।
ਵਰਨਣਯੋਗ ਹੈ ਕਿ ਕਰਮਜੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਮੂਨਕ ਕਲਾਂ, ਜੋ ਕਰੀਬ 2 ਸਾਲ ਪਹਿਲਾਂ ਡਰਾਈਵਰੀ ਵਾਸਤੇ ਸਾਊਦੀ ਅਰਬ ਗਿਆ ਸੀ ਅਤੇ ਲਗਭਗ 35 ਦਿਨ ਪਹਿਲਾਂ ਸੂਤਰਾਂ ਅਨੁਸਾਰ ਦਿਲ ਦਾ ਦੌਰਾ ਪੈ ਜਾਣ ਕਾਰਨ ਉਸਦੀ ਮੌਤ ਹੋ ਗਈ ਸੀ, ਜਿਸਨੂੰ ਲੈ ਕੇ ਪਰਿਵਾਰ ਕਾਫੀ ਸਦਮੇ ਵਿਚ ਚਲਾ ਗਿਆ। ਐਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਸਾਊਦੀ ਅਰਬ ਤੋਂ ਮ੍ਰਿਤਕ ਦੀ ਲਾਸ਼ ਨਾ ਆਉਣਾ ਸਵਾਲਾਂ ਦੇ ਘੇਰੇ ਵਿਚ ਹੈ।
ਮ੍ਰਿਤਕ ਕਰਮਜੀਤ ਸਿੰਘ ਦੀ ਬਜ਼ੁਰਗ ਮਾਤਾ ਸੁਰਿੰਦਰ ਕੌਰ ਤੇ ਪਿਤਾ ਇੰਦਰ ਸਿੰਘ ਨੇ ਨਮ ਅੱਖਾਂ ਨਾਲ ਦੱਸਿਆ ਕਿ ਬੀਤੀ 30 ਜਨਵਰੀ ਨੂੰ ਉਨ੍ਹਾਂ ਨੂੰ ਫੋਨ 'ਤੇ ਇਤਲਾਹ ਮਿਲੀ ਸੀ ਕਿ ਕਰਮਜੀਤ ਦੀ ਦਿਲ ਦਾ ਦੌਰਾ ਪੈ ਜਾਣ ਨਾਲ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪਿੰਡ ਮੰਗਵਾਉਣ ਲਈ ਸਬੰਧਿਤ 'ਹਵਾਜਨ ਅਲਜੀਰਾ' ਕੰਪਨੀ ਨੂੰ ਲੋੜੀਂਦੇ ਦਸਤਾਵੇਜ਼ ਭੇਜੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨਹੀਂ ਭੇਜੀ ਜਾ ਰਹੀ। ਉਨ੍ਹਾਂ ਦੱਸਿਆ ਕਿ ਸਾਊਦੀ ਅਰਬ ਰਹਿੰਦੇ ਉਸ ਨਾਲ ਕੰਮ ਕਰਦੇ ਨੌਜਵਾਨ ਮੁਹੰਮਦ ਨਾਲ ਜਦੋਂ ਵਾਰ-ਵਾਰ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਇਕ ਹੀ ਜਵਾਬ ਮਿਲ ਰਿਹਾ ਹੈ ਕਿ ਜਲਦ ਹੀ ਲਾਸ਼ ਨੂੰ ਭੇਜ ਰਹੇ ਹਾਂ। ਬੇਸਹਾਰਾ ਹੋਏ ਮ੍ਰਿਤਕ ਦੇ ਬੱਚਿਆਂ ਤੇ ਪਤਨੀ ਨੇ ਵਿਦੇਸ਼ ਮੰਤਰਾਲੇ ਨੂੰ ਫਰਿਆਦ ਕੀਤੀ ਹੈ ਕਿ ਉਸਦੇ ਪਤੀ ਦੀ ਮ੍ਰਿਤਕ ਦੇਹ ਜਲਦ ਭਾਰਤ ਲਿਆਂਦੀ ਜਾਵੇ।
ਵਿਆਹ ਲਈ ਮਨ੍ਹਾ ਕਰਨ 'ਤੇ ਵਿਦਿਆਰਥਣ ਦੀਆਂ ਵਾਇਰਲ ਕੀਤੀਆਂ ਅਸ਼ਲੀਲ ਤਸਵੀਰਾਂ
NEXT STORY