ਲੁਧਿਆਣਾ(ਵਿੱਕੀ)-ਪੀ. ਐੱਸ. ਈ. ਬੀ. 10ਵੀਂ ਦੀਆਂ ਸੋਮਵਾਰ ਤੋਂ ਸ਼ੁਰੂ ਹੋਈਆਂ ਸਾਲਾਨਾ ਪ੍ਰੀਖਿਆਵਾਂ ਦੇ ਪਹਿਲੇ ਹੀ ਦਿਨ ਸਰਕਾਰੀ ਸਕੂਲ ਸੇਖੇਵਾਲ ਵਿਚ ਬਣੇ ਪ੍ਰੀਖਿਆ ਕੇਂਦਰ 'ਚ ਉਸ ਸਮੇਂ ਸਥਿਤੀ ਅਜੀਬੋ-ਗਰੀਬ ਬਣ ਗਈ, ਜਦੋਂ ਸਿਟਿੰਗ ਪਲਾਨ ਤੋਂ ਵੱਧ ਪ੍ਰੀਖਿਆਰਥੀ ਪਹੁੰਚ ਗਏ। ਅਜਿਹਾ ਬੋਰਡ ਦੀ ਜਲਦਬਾਜ਼ੀ 'ਚ ਹੋਇਆ, ਕਿਉਂਕਿ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਲਿੱਪ 'ਤੇ ਉਕਤ ਸੈਂਟਰ ਅੰਕਿਤ ਸੀ ਪਰ ਸੈਂਟਰ ਸੁਪਰਡੈਂਟ ਕੋਲ ਸਿਰਫ 297 ਪ੍ਰੀਖਿਆਰਥੀਆਂ ਦੀ ਹੀ ਲਿਸਟ ਪਹੁੰਚੀ ਸੀ। ਬੋਰਡ ਵੱਲੋਂ ਇਸ ਪ੍ਰੀਖਿਆ ਕੇਂਦਰ ਵਿਚ ਪ੍ਰੀਖਿਆ ਦੇਣ ਲਈ 415 ਪ੍ਰੀਖਿਆਰਥੀਆਂ ਨੂੰ ਰੋਲ ਨੰਬਰ ਜਾਰੀ ਕਰ ਦਿੱਤੇ ਸਨ। ਇਕਦਮ ਨਾਲ ਸਿਟਿੰਗ ਪਲਾਨ ਤੋਂ ਵੱਧ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਪਹੁੰਚਿਆ ਦੇਖ ਕੇ ਸੈਂਟਰ ਸੁਪਰਡੈਂਟ ਨੇ ਤੁਰੰਤ ਬੋਰਡ ਨਾਲ ਗੱਲ ਕੀਤੀ ਅਤੇ ਵਿਵਸਥਾ ਕਰਵਾ ਕੇ ਇਨ੍ਹਾਂ ਦੀ ਪ੍ਰੀਖਿਆ ਲਈ। ਇਹੀ ਨਹੀਂ ਪੇਪਰ ਦਾ ਸਮਾਂ ਪੂਰਾ ਹੋਣ 'ਤੇ ਜਦੋਂ ਸਾਰੇ ਪ੍ਰੀਖਿਆਰਥੀਆਂ ਦੀਆਂ ਉਤਰ ਸ਼ੀਟਾਂ ਲੈ ਲਈਆਂ ਗਈਆਂ ਤਾਂ ਉਨ੍ਹਾਂ ਪ੍ਰੀਖਿਆਰਥੀਆਂ ਨੇ ਮਾਪਿਆਂ ਨੂੰ ਨਾਲ ਲੈ ਕੇ ਉਨ੍ਹਾਂ ਦਾ ਪੇਪਰ ਦੇਰੀ ਨਾਲ ਸ਼ੁਰੂ ਹੋਣ ਦੀ ਸ਼ਿਕਾਇਤ ਕੀਤੀ। ਇਸ 'ਤੇ ਸੁਪਰਡੈਂਟ ਨੇ ਫਿਰ ਤੋਂ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਉਨ੍ਹਾਂ ਨੂੰ ਕੁੱਝ ਸਮਾਂ ਪੇਪਰ ਪੂਰਾ ਕਰਨ ਲਈ ਦਿੱਤਾ।
253 ਪ੍ਰੀਖਿਆਰਥੀਆਂ ਦਾ ਹੀ ਭੇਜਿਆ ਦਸਤਖਤ ਚਾਰਟ
ਜਾਣਕਾਰੀ ਮੁਤਾਬਕ ਬੋਰਡ ਦੀ 10ਵੀਂ ਦੀਆਂ ਪ੍ਰੀਖਿਆਵਾਂ ਤਹਿਤ ਅੱਜ ਅੰਗਰੇਜ਼ੀ ਦਾ ਪੇਪਰ ਸੀ। ਓਪਨ ਸਕੂਲ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਕੇਂਦਰ ਬਣੇ ਇਸ ਸਕੂਲ 'ਚ ਪਹਿਲਾਂ ਬੋਰਡ ਨੇ 297 ਵਿਦਿਆਰਥੀਆਂ ਦਾ ਸੈਂਟਰ ਬਣਾਇਆ ਸੀ। ਸਕੂਲ ਨੇ ਬੋਰਡ ਵੱਲੋਂ ਭੇਜੀ ਗਈ ਪਹਿਲੀ ਕਟ ਲਿਸਟ ਮੁਤਾਬਕ ਹੀ 297 ਪ੍ਰੀਖਿਆਰਥੀਆਂ ਨੂੰ ਬਿਠਾਉਣ ਦਾ ਪ੍ਰਬੰਧ ਸ਼ਨੀਵਾਰ ਨੂੰ ਸੈਂਟਰ ਖੁੱਲ੍ਹਣ 'ਤੇ ਕਰ ਦਿੱਤਾ। ਸੈਂਟਰ ਅਧਿਕਾਰੀ ਵੀ ਉਸ ਸਮੇਂ ਹੱਕੇ-ਬੱਕੇ ਰਹਿ ਗਏ, ਜਦੋਂ ਪ੍ਰੀਖਿਆਰਥੀਆਂ ਤੋਂ ਦਸਤਖਤ ਕਰਵਾਉਣ ਲਈ ਬੋਰਡ ਵੱਲੋਂ 253 ਪ੍ਰੀਖਿਆਰਥੀਆਂ ਦਾ ਹੀ ਦਸਤਖਤ ਚਾਰਟ ਭੇਜਿਆ ਗਿਆ।
ਆਪਣਾ ਰੋਲ ਨੰਬਰ ਲਿਸਟ 'ਚ ਨਾ ਦਿਸਣ 'ਤੇ ਘਬਰਾਏ ਪ੍ਰੀਖਿਆਰਥੀ
ਹਾਲਾਂਕਿ ਇਸ ਤੋਂ ਪਹਿਲਾਂ ਆਪਣੇ ਅਡਮਿਟ ਕਾਰਡ ਲੈ ਕੇ ਪ੍ਰੀਖਿਆ ਦੇਣ ਪਹੁੰਚੇ ਕਈ ਵਿਦਿਆਰਥੀਆਂ ਨੇ ਜਦੋਂ ਸੈਂਟਰ 'ਚ ਦਾਖਲ ਹੋ ਕੇ ਆਪਣਾ ਰੋਲ ਨੰਬਰ ਲਿਸਟ 'ਚ ਨਹੀਂ ਪਾਇਆ ਤਾਂ ਉਹ ਘਬਰਾ ਗਏ ਅਤੇ ਪ੍ਰੀਖਿਆ ਕੰਟਰੋਲਰ ਅਤੇ ਸੈਂਟਰ ਸੁਪਰਡੈਂਟ ਨਾਲ ਗੱਲ ਕੀਤੀ। ਪ੍ਰੀਖਿਆਰਥੀਆਂ ਦੇ ਅਡਮਿਟ ਕਾਰਡ 'ਤੇ ਸਕੂਲ ਦਾ ਸੈਂਟਰ ਲਿਖੇ ਹੋਣ 'ਤੇ ਸੈਂਟਰ ਅਧਿਕਾਰੀਆਂ ਨੇ ਬੋਰਡ ਨਾਲ ਗੱਲ ਕੀਤੀ ਅਤੇ ਬੋਰਡ ਵੱਲੋਂ ਭੇਜੀ ਗਈ ਨਵੀਂ ਕਟ ਲਿਸਟ ਦੇ ਆਧਾਰ 'ਤੇ ਉਕਤ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਲਈ। ਸਕੂਲ 'ਚ ਸਿਟਿੰਗ ਪਲਾਨ ਤੋਂ ਵੱਧ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਦੇਣ ਪਹੁੰਚਣ ਕਾਰਨ ਜਲਦਬਾਜ਼ੀ 'ਚ ਦੋ ਕਮਰੇ ਵੀ ਖਾਲੀ ਕਰਵਾਏ ਗਏ।
ਕੀ ਕਹਿੰਦੇ ਹਨ ਸੈਂਟਰ ਸੁਪਰਡੈਂਟ
ਗੱਲ ਕਰਨ 'ਤੇ ਸੈਂਟਰ ਸੁਪਰਡੈਂਟ ਸੰਦੀਪ ਸਿੰਘ ਨੇ ਕਿਹਾ ਕਿ ਬੋਰਡ ਵੱਲੋਂ ਜੋ ਕਟ ਲਿਸਟ ਪ੍ਰੀਖਿਆ ਸਮੱਗਰੀ ਨਾਲ ਭੇਜੀ ਗਈ ਸੀ, ਉਸ 'ਚ 297 ਪ੍ਰੀਖਿਆਰਥੀਆਂ ਦਾ ਹੀ ਨਾਂ ਸੀ ਪਰ ਬੋਰਡ ਵੱਲੋਂ 415 ਵਿਦਿਆਰਥੀਆਂ ਨੂੰ ਰੋਲ ਨੰਬਰ ਜਾਰੀ ਕੀਤੇ ਗਏ ਸਨ। ਜਿਸ ਕਾਰਨ ਸਿਟਿੰਗ ਪਲਾਨ ਤੋਂ ਵੱਧ ਪ੍ਰੀਖਿਆਰਥੀ ਪ੍ਰੀਖਿਆ ਦੇਣ ਪਹੁੰਚ ਗਏ, ਜਿਨ੍ਹਾਂ ਨੂੰ ਬੋਰਡ ਵੱਲੋਂ ਦੁਬਾਰਾ ਭੇਜੀ ਗਈ ਕਟ ਲਿਸਟ ਦੇ ਆਧਾਰ 'ਤੇ ਪੇਪਰ ਦੇਣ ਦੀ ਇਜਾਜ਼ਤ ਦਿੱਤੀ ਗਈ। ਉਥੇ ਕੁੱਝ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਪੂਰਾ ਕਰਨ ਲਈ ਕੁੱਝ ਵਾਧੂ ਸਮਾਂ ਦਿੱਤਾ ਗਿਆ, ਕਿਉਂਕਿ ਉਨ੍ਹਾਂ ਦਾ ਪੇਪਰ ਦੇਰੀ ਨਾਲ ਸ਼ੁਰੂ ਹੋਇਆ ਸੀ।
ਪ੍ਰੀਖਿਆਰਥੀਆਂ ਨੇ ਘੱਟ ਸਮਾਂ ਮਿਲਣ 'ਤੇ ਜਤਾਇਆ ਇਤਰਾਜ਼
ਕੁਝ ਪ੍ਰੀਖਿਆਰਥੀਆਂ ਨੇ ਪੇਪਰ ਦੇਣ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਦਾ ਪੇਪਰ ਕੁੱਝ ਤਕਨੀਕੀ ਖਾਮੀ ਕਾਰਨ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ ਪਰ ਨਿਗਰਾਨ ਨੇ ਹੋਰਨਾਂ ਵਿਦਿਆਰਥੀਆਂ ਦੇ ਨਾਲ ਹੀ ਉਨ੍ਹਾਂ ਦੀ ਉਤਰ ਸ਼ੀਟਾਂ ਵਾਪਸ ਜਮ੍ਹਾ ਕਰ ਲਈਆਂ। ਇਸ ਸਬੰਧੀ ਜਦੋਂ ਉਨ੍ਹਾਂ ਨੇ ਆਪਣੇ ਮਾਪਿਆਂ ਨਾਲ ਜਾ ਕੇ ਸੈਂਟਰ ਸੁਪਰਡੈਂਟ ਨੂੰ ਪੂਰੀ ਗੱਲ ਦੱਸੀ ਤਾਂ ਉਨ੍ਹਾਂ ਨੇ ਪਹਿਲਾਂ ਤਕਨੀਕੀ ਖਾਮੀ ਕਾਰਨ ਖਰਾਬ ਹੋਏ ਸਮੇਂ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਪੇਪਰ ਪੂਰਾ ਕਰਨ ਲਈ ਕੁੱਝ ਸਮਾਂ ਹੋਰ ਦਿੱਤਾ।
ਸ਼ਹਿਰ ਵਿਚ ਕੀਤਾ ਚੋਰਾਂ ਨੇ ਪੁਲਸ ਦੀ ਨੱਕ ਵਿਚ ਦਮ
NEXT STORY