ਮੋਗਾ (ਆਜ਼ਾਦ)-ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਲੀਗਲ ਸੈੱਲ ਦੇ ਪ੍ਰਧਾਨ ਖਿਲਾਫ ਉਸ ਦੇ ਗੰਨਮੈਨਾਂ ਵੱਲੋਂ ਧਮਕਾਉਣ ਤੇ ਗਾਲੀ-ਗਲੋਚ ਕਰਨ ਦਾ ਦੋਸ਼ ਲਾਇਆ ਗਿਆ, ਜਿਸ 'ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ?
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਗੰਨਮੈਨ ਸਿਪਾਹੀ ਗੁਰਮੀਤ ਸਿੰਘ ਨਿਵਾਸੀ ਪਿੰਡ ਰੌਲੀ ਨੇ ਕਿਹਾ ਕਿ ਉਹ ਕਰੀਬ 6-7 ਮਹੀਨਿਆਂ ਤੋਂ ਅਮਿਤ ਘਈ ਪ੍ਰਧਾਨ ਲੀਗਲ ਸੈੱਲ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਨਾਲ ਬਤੌਰ ਗੰਨਮੈਨ ਤਾਇਨਾਤ ਹੈ। ਬੀਤੀ 6 ਸਤੰਬਰ ਨੂੰ ਚੰਡੀਗੜ੍ਹ ਤੋਂ ਡੀ. ਐੱਸ. ਪੀ. ਸੀ. ਆਈ. ਡੀ. ਪਿਆਰਾ ਸਿੰਘ ਜ਼ਿਲਾ ਕਚਹਿਰੀ ਆਏ ਅਤੇ ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕਰ ਕੇ ਤਕਲੀਫ ਦੱਸਣ ਲਈ ਕਿਹਾ, ਜਿਸ 'ਤੇ ਉਨ੍ਹਾਂ ਕਿਹਾ ਕਿ ਬਾਜ਼ਾਰ 'ਚ ਅਮਿਤ ਘਈ ਗੱਡੀਆਂ ਖੜ੍ਹੀਆਂ ਕਰ ਤੁਰਦਾ ਹੈ, ਸਾਨੂੰ ਪਿੱਛੇ ਛੱਡ ਜਾਂਦਾ ਹੈ, ਜਦੋਂ ਕਿ ਅਸੀਂ ਉਸ ਦੀ ਸੁਰੱਖਿਆ ਲਈ ਤਾਇਨਾਤ ਹਾਂ ਅਤੇ ਬਿਨਾਂ ਕਾਰਨ ਬਾਜ਼ਾਰ 'ਚ ਚੱਕਰ ਕੱਟਦਾ ਰਹਿੰਦਾ ਹੈ, ਜਿਸ ਨਾਲ ਦਹਿਸ਼ਤ ਫੈਲਦੀ ਹੈ। ਸਿਨੇਮਾ ਹਾਲ 'ਚ ਵੀ ਧੱਕੇ ਨਾਲ 7-8 ਗੰਨਮੈਨ ਲੈ ਜਾਂਦਾ ਹੈ ਅਤੇ ਅਸੀਂ ਉਨ੍ਹਾਂ ਨੂੰ ਆਪਣੀ ਸ਼ਿਕਾਇਤਾਂ ਤੋਂ ਜਾਣੂ ਕਰਵਾਇਆ।
ਇਸ ਉਪਰੰਤ ਅਮਿਤ ਘਈ ਨਾਲ ਡੀ. ਐੱਸ. ਪੀ. ਨੇ ਗੱਲਬਾਤ ਕਰ ਕੇ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਦੇ ਜਾਣ ਤੋਂ ਬਾਅਦ ਅਮਿਤ ਘਈ ਨੇ ਮਾਲਖਾਨਾ ਗਾਰਦ ਦੇ ਸਾਹਮਣੇ ਮੈਨੂੰ ਧੱਕੇ ਮਾਰੇ ਅਤੇ ਗਾਲੀ-ਗਲੋਚ ਕਰਦਾ ਰਿਹਾ ਅਤੇ ਉਸ ਨੇ ਮੇਰੇ ਸਾਥੀ ਇੰਦਰਜੀਤ ਸਿੰਘ ਨੂੰ ਵੀ ਧਮਕਾਇਆ ਅਤੇ ਸਾਨੂੰ ਡਿਊਟੀ ਛੱਡ ਕੇ ਜਾਣ ਲਈ ਕਿਹਾ। ਇਸ ਤਰ੍ਹਾਂ ਅਮਿਤ ਘਈ ਨੇ ਸਾਡੇ ਨਾਲ ਧੱਕਾ ਕੀਤਾ ਤੇ ਸਾਡੀ ਡਿਊਟੀ 'ਚ ਵਿਘਨ ਪਾਇਆ।
ਅਮਿਤ ਘਈ ਨੇ ਦੋਸ਼ਾਂ ਨੂੰ ਨਕਾਰਿਆ
ਜਦੋਂ ਇਸ ਸੰਬੰਧ 'ਚ ਅਮਿਤ ਘਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਪਾਹੀ ਇੰਦਰਜੀਤ ਸਿੰਘ ਮੇਰੇ ਨਾਲ ਘਰ 'ਚ ਤਾਇਨਾਤ ਸੀ ਅਤੇ ਉਹ ਦੋਵਾਂ ਹੀ ਰਾਤ ਸਮੇਂ ਸ਼ਰਾਬ ਪੀਂਦੇ ਹਨ। ਮੈਂ ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਰੋਕਿਆ ਸੀ ਪਰ ਉਨ੍ਹਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਮੈਂ ਇਸ ਸਬੰਧੀ ਆਪਣੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੂੰ ਲੈ ਕੇ ਆਈ. ਜੀ. ਤੇ ਏ. ਡੀ. ਜੀ. ਪੀ. ਸਕਿਓਰਿਟੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਿਕਾਇਤ ਪੱਤਰ ਦਿੱਤਾ ਕਿ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਜਿਸ 'ਤੇ ਮੈਨੂੰ ਉੱਚ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਡੇਰਾ ਵਿਵਾਦ ਚਲ ਰਿਹਾ ਹੈ। ਇਸ ਉਪਰੰਤ ਅਸੀਂ ਤੁਹਾਡੀ ਸਕਿਓਰਿਟੀ 'ਚ ਪੀ. ਏ. ਪੀ. ਦੇ ਮੁਲਾਜ਼ਮ ਤਾਇਨਾਤ ਕਰ ਦੇਵਾਂਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੇ 5 ਸਤੰਬਰ ਨੂੰ ਫਿਰ ਮੇਰੇ ਨਾਲ ਝਗੜਾ ਕੀਤਾ ਅਤੇ ਮੈਂ ਇਸ ਸਬੰਧੀ ਜ਼ਿਲਾ ਪੁਲਸ ਮੋਗਾ ਨੂੰ ਸ਼ਿਕਾਇਤ ਭੇਜੀ ਕਿ ਜੇਕਰ ਕੋਈ ਘਟਨਾ ਹੋ ਜਾਂਦੀ ਹੈ ਤੇ ਕੌਣ ਜ਼ਿੰਮੇਵਾਰ ਹੈ, ਜਿਸ 'ਤੇ ਜ਼ਿਲਾ ਪੁਲਸ ਮੁਖੀ ਨੇ ਦੋਵਾਂ ਮੁਲਾਜ਼ਮਾਂ ਨੂੰ 6 ਸਤੰਬਰ ਨੂੰ ਪੁਲਸ ਲਾਈਨ ਭੇਜ ਦਿੱਤਾ। ਅਮਿਤ ਘਈ ਨੇ ਕਿਹਾ ਕਿ ਇਸ ਰੰਜਿਸ਼ ਤਹਿਤ ਸਾਜ਼ਿਸ਼ ਰਚ ਕੇ ਮੇਰੇ ਵਿਰੁੱਧ ਝੂਠਾ ਮਾਮਲਾ ਦਰਜ ਕੀਤਾ ਗਿਆ। ਮੈਂ ਇਸ ਸੰਬੰਧ 'ਚ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ।
ਕੀ ਹੋਈ ਪੁਲਸ ਕਾਰਵਾਈ?
ਇਸ ਸੰਬੰਧ 'ਚ ਜਦੋਂ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਪਾਹੀ ਗੁਰਮੀਤ ਸਿੰਘ ਦੀ ਸ਼ਿਕਾਇਤ 'ਤੇ ਅਮਿਤ ਘਈ ਖਿਲਾਫ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਅਤੇ ਧਮਕਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ।
ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਦਾ ਹਾਈਕੋਰਟ ਨੂੰ ਜਵਾਬ, ''ਬਾਂਦਰਾਂ ਦੇ ਆਤੰਕ ਲਈ ਖੁਦ ਨਾਗਰਿਕ ਜ਼ਿੰਮੇਵਾਰ''
NEXT STORY