ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਵਾਰ ਤਿੰਨ ਪ੍ਰਮੁੱਖ ਨਵੀਆਂ ਪਾਰਟੀਆਂ ਨਾ ਸਿਰਫ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾਉਣਗੀਆਂ, ਸਗੋਂ ਇਹ ਪਾਰਟੀਆਂ ਰਵਾਇਤੀ ਸਿਆਸੀ ਪਾਰਟੀਆਂ ਦੇ ਵੋਟ ਬੈਂਕ ਦੇ ਜੋੜ-ਤੋੜ ਨੂੰ ਵੀ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਮੌਕੇ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ ਇਹ ਬਣੇ ਹੋਏ ਹਨ ਕਿ ਇਕ ਪਾਸੇ ਕਾਂਗਰਸ ਇਕੱਲੇ ਆਪਣੇ ਬਲਬੂਤੇ 'ਤੇ ਚੋਣ ਮੈਦਾਨ 'ਚ ਨਿੱਤਰ ਰਹੀ ਹੈ, ਜਦੋਂਕਿ ਅਕਾਲੀ-ਭਾਜਪਾ ਗੱਠਜੋੜ ਆਪਣੇ ਉਮੀਦਵਾਰਾਂ ਨੂੰ ਉਤਾਰ ਰਿਹਾ ਹੈ। ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਤੋਂ ਪਹਿਲਾਂ ਬੁਰੀ ਤਰ੍ਹਾਂ ਖੇਰੂੰ-ਖੇਰੂੰ ਹੋ ਚੁੱਕੀ ਹੈ, ਜਿਸ 'ਚੋਂ ਨਿਕਲੀਆਂ 2 ਪਾਰਟੀਆਂ ਨੇ ਨਾ ਸਿਰਫ ਇਸ ਪਾਰਟੀ ਦੇ ਵੋਟ ਬੈਂਕ ਨੂੰ ਵੱਡੇ ਪੱਧਰ 'ਤੇ ਖੋਰਾ ਲਾਉਣ ਦੀ ਨੀਂਹ ਤਿਆਰ ਕਰ ਦਿੱਤੀ ਹੈ, ਸਗੋਂ ਇਹ ਪਾਰਟੀਆਂ ਹੋਰ ਸਿਆਸੀ ਪਾਰਟੀਆਂ ਦੇ ਨਤੀਜਿਆਂ ਨੂੰ ਵੀ ਕਿਸੇ ਹੱਦ ਤੱਕ ਪ੍ਰਭਾਵਿਤ ਕਰ ਸਕਦੀਆਂ ਹਨ।
ਅਕਾਲੀਆਂ ਲਈ ਸਿਰਦਰਦੀ ਬਣ ਸਕਦੇ ਨੇ ਟਕਸਾਲੀ
ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਸਮੇਤ ਹੋਰ ਕਈ ਆਗੂਆਂ ਨੇ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਹੈ ਅਤੇ ਹੁਣ ਤੱਕ ਇਹ ਪਾਰਟੀ ਖਡੂਰ ਸਾਹਿਬ, ਆਨੰਦਪੁਰ ਸਾਹਿਬ ਤੇ ਸੰਗਰੂਰ ਤੋਂ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ। ਬੇਸ਼ੱਕ ਅਕਾਲੀ ਦਲ ਦੇ ਦਾਅਵੇ ਭਾਵੇਂ ਕੁੱਝ ਵੀ ਹੋਣ ਪਰ ਇਨ੍ਹਾਂ ਪੁਰਾਣੇ ਅਕਾਲੀਆਂ ਦਾ ਸਬੰਧਿਤ ਹਲਕਿਆਂ 'ਚ ਆਪਣਾ ਨਿੱਜੀ ਪ੍ਰਭਾਵ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਬੈਂਕ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਜਿਸ ਕਾਰਨ ਇਹ ਨਵੀਂ ਪਾਰਟੀ ਵੀ ਪੂਰੇ ਉਤਸ਼ਾਹ ਨਾਲ ਚੋਣ ਮੈਦਾਨ 'ਚ ਨਿੱਤਰ ਰਹੀ ਹੈ। ਇਸੇ ਤਰ੍ਹਾ ਸ਼੍ਰੋਮਣੀ ਅਕਾਲੀ ਦਲ 'ਚੋਂ ਮਤਭੇਦਾਂ ਕਾਰਨ ਵੱਖਰੇ ਹੋਏ ਟਕਸਾਲੀ ਅਕਾਲੀਆਂ ਵੱਲੋਂ ਬਣਾਇਆ ਗਿਆ ਅਕਾਲੀ ਦਲ ਟਕਸਾਲੀ ਵੀ ਇਸ ਮੌਕੇ ਅਕਾਲੀ ਦਲ ਲਈ ਵੱਡੀ ਸਿਰਦਰਦੀ ਤੋਂ ਘੱਟ ਸਿੱਧ ਨਹੀਂ ਹੋਵੇਗਾ।
'ਆਪ' ਨੂੰ 'ਆਪਣੇ' ਹੀ ਦੇਣਗੇ ਚੁਣੌਤੀ
ਲੋਕ ਸਭਾ ਚੋਣਾਂ 2014 ਦੌਰਾਨ ਸਮੁੱਚੇ ਦੇਸ਼ 'ਚੋਂ ਭਾਵੇਂ ਆਮ ਆਦਮੀ ਪਾਰਟੀ ਨੂੰ ਹੋਰ ਕਿੱਤੇ ਕੋਈ ਹੁੰਗਾਰਾ ਨਹੀਂ ਮਿਲਿਆ ਪਰ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਦੀ ਝੋਲੀ 'ਚ ਚਾਰ ਸੀਟਾਂ ਪਾ ਦਿੱਤੀਆਂ ਸਨ ਪਰ ਉਸ ਉਪਰੰਤ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਬੇਸ਼ੱਕ ਇਹ ਪਾਰਟੀ ਅਕਾਲੀ ਦਲ ਨਾਲੋਂ ਜ਼ਿਆਦਾ ਸੀਟਾਂ ਲੈ ਕੇ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਦਰਜਾ ਹਾਸਿਲ ਕਰਨ 'ਚ ਸਫਲ ਰਹੀ ਹੈ ਪਰ ਇਸ ਪਾਰਟੀ ਲਈ ਵੱਡੀ ਤ੍ਰਾਸਦੀ ਇਹ ਰਹੀ ਹੈ ਕਿ ਇਸ ਪਾਰਟੀ ਦੀ ਦਿੱਲੀ ਬੈਠੀ ਲੀਡਰਸ਼ਿਪ ਆਪਣੇ ਆਗੂਆਂ ਨੂੰ ਇਕਜੁੱਟ ਨਹੀਂ ਰੱਖ ਸਕੀ। ਇਸਦੇ ਨਤੀਜੇ ਵਜੋਂ ਹੀ ਅੱਜ ਪੰਜਾਬ 'ਚ ਸਥਿਤੀ ਇਹ ਬਣ ਚੁੱਕੀ ਹੈ ਕਿ ਇਸੇ ਪਾਰਟੀ ਦੇ ਜੇਤੂ ਵਿਧਾਇਕ ਤੇ ਹਲਕਾ ਇੰਚਾਰਜ ਤਿੰਨ ਪ੍ਰਮੁੱਖ ਹਿੱਸਿਆਂ 'ਚ ਵੰਡੇ ਜਾ ਚੁੱਕੇ ਹਨ।
ਸੁਖਪਾਲ ਖਹਿਰਾ ਨੇ ਪੰਜਾਬ ਅੰਦਰ ਵਾਲੰਟੀਅਰਜ਼ ਨਾਲ ਮੀਟਿੰਗ ਕਰ ਕੇ ਆਪਣੀ ਤਾਕਤ ਦਾ ਅੰਦਾਜ਼ਾ ਲਾਉਣ ਉਪਰੰਤ ਵੱਖਰੀ ਪਾਰਟੀ ਬਣਾਉਣ ਦਾ ਮਨ ਬਣਾ ਲਿਆ। ਖਾਸ ਤੌਰ 'ਤੇ ਬਰਗਾੜੀ ਵਿਖੇ ਕੀਤੇ ਮਾਰਚ ਨੇ ਵੀ ਖਹਿਰਾ ਤੇ ਉਨ੍ਹਾਂ ਦੇ ਸਾਥੀਆਂ ਦੇ ਉਤਸ਼ਾਹ ਨੂੰ ਵਧਾਇਆ ਸੀ। ਜਿਸ ਕਾਰਨ ਅੱਜ ਸੁਖਪਾਲ ਖਹਿਰਾ ਪੰਜਾਬ ਏਕਤਾ ਪਾਰਟੀ ਦਾ ਗਠਨ ਕਰ ਕੇ ਨਾ ਸਿਰਫ ਖੁਦ ਬਠਿੰਡੇ ਤੋਂ ਚੋਣ ਮੈਦਾਨ 'ਚ ਨਿੱਤਰੇ ਹਨ, ਸਗੋਂ ਉਨ੍ਹਾਂ ਦੇ ਸਾਥੀ ਵਿਧਾਇਕ ਬਲਦੇਵ ਸਿੰਘ ਵੀ ਫਰੀਦਕੋਟ ਤੋਂ ਚੋਣ ਮੈਦਾਨ 'ਚ ਹਨ। ਇਨ੍ਹਾਂ ਦੋਵਾਂ ਆਗੂਆਂ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫੇ ਤਾਂ ਦੇ ਦਿੱਤੇ ਸਨ ਪਰ ਅਜੇ ਤੱਕ ਇਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਕੇ ਪ੍ਰਾਪਤ ਕੀਤੇ ਵਿਧਾਇਕ ਦੇ ਅਹੁਦਿਆਂ ਤੋਂ ਅਸਤੀਫੇ ਨਹੀਂ ਦਿੱਤੇ ਪਰ ਜਿਸ ਢੰਗ ਨਾਲ ਇਸ ਪਾਰਟੀ ਨੇ ਬਸਪਾ, ਲੋਕ ਇਨਸਾਫ ਪਾਰਟੀ ਵਰਗੀਆਂ ਪਾਰਟੀਆਂ ਤੋਂ ਇਲਾਵਾ ਨਵਾਂ ਪੰਜਾਬ ਪਾਰਟੀ ਆਦਿ ਨਾਲ ਗਠਜੋੜ ਕਰ ਕੇ ਇਹ ਚੋਣਾਂ ਲੜਣ ਦੀ ਤਿਆਰੀ ਕੀਤੀ ਹੈ। ਉਸ ਮੁਤਾਬਿਕ ਨਤੀਜੇ ਭਾਵੇਂ ਕੁੱਝ ਵੀ ਹੋਣ ਪਰ ਇਕ ਵਾਰ ਇਸ ਨਵੇਂ ਸਿਆਸੀ ਗਠਜੋੜ ਨੇ ਪੰਜਾਬ ਦੇ ਸਿਆਸੀ ਸਮੀਕਰਨਾਂ ਨੂੰ ਗੜਬੜਾ ਦਿੱਤਾ ਹੈ। ਆਮ ਆਦਮੀ ਪਾਰਟੀ ਤੋਂ ਹੀ ਵੱਖ ਹੋਏ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪਹਿਲਾਂ ਇਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸ਼ੁਰੂ ਹੋਏ ਮਤਭੇਦਾਂ ਦੇ ਬਾਅਦ ਪਾਰਟੀ 'ਤੇ ਆਪਣੇ ਸਿਧਾਂਤਾਂ ਤੋਂ ਭਟਕਣ ਦੇ ਦੋਸ਼ ਲਾਉਂਦੇ ਹੋਏ 'ਪੰਜਾਬ ਮੰਚ' ਦਾ ਗਠਨ ਕੀਤਾ ਪਰ ਬਾਅਦ ਵਿਚ ਉਨ੍ਹਾਂ ਨੇ ਇਸ ਸੂਬੇ ਅੰਦਰ ਨਵਾਂ ਪੰਜਾਬ ਪਾਰਟੀ ਦਾ ਗਠਨ ਕਰ ਕੇ ਸਿੱਧੇ ਤੌਰ 'ਤੇ ਵਿਰੋਧੀਆਂ ਨੂੰ ਟੱਕਰ ਦੇਣ ਦਾ ਵੱਡਾ ਫੈਸਲਾ ਕੀਤਾ ਹੋਇਆ ਹੈ।
ਚੋਣਾਂ ਦਾ ਸਮਾਂ ਪੰਜਾਬ 'ਚ ਮੁਲਾਜ਼ਮਾਂ ਲਈ ਮੰਗਾਂ ਮਨਵਾਉਣ ਦਾ ਕਾਰਗਰ ਹਥਿਆਰ
NEXT STORY