ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ)-ਪੰਜਾਬ ਭਰ ਅੰਦਰ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਕੰਮ ਕਰਦੇ ਮਨਿਸਟੀਰੀਅਲ ਸਟਾਫ ਵੱਲੋਂ ਸ਼ੁਰੂ ਕੀਤੀ ਗਈ ਕਲਮ ਛੋਡ਼ ਹਡ਼ਤਾਲ ਤਹਿਤ ਅੱਜ ਵੀ ਜ਼ਿਲਾ ਹੈੱਡ ਕੁਆਰਟਰ ’ਤੇ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਸਟਾਫ ਨੇ ਕੰਮਕਾਜ ਠੱਪ ਕਰ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਯੂਨੀਅਨ ਦੇ ਚੇਅਰਮੈਨ ਰਘੁਬੀਰ ਸਿੰਘ ਬਡਵਾਲ, ਜ਼ਿਲਾ ਚੇਅਰਮੈਨ ਬਲਜਿੰਦਰ ਸਿੰਘ ਸੈਣੀ, ਵਿੱਤ ਸਕੱਤਰ ਸਾਵਣ ਸਿੰਘ ਦੀ ਅਗਵਾਈ ਹੇਠ ਦਿੱਤੇ ਗਏ ਧਰਨੇ ਦੌਰਾਨ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਸਿਵਲ ਸਕੱਤਰੇਤ ਤੋਂ ਲੈ ਕੇ ਵਿਭਾਗਾਂ ਦੇ ਮੁੱਖ ਦਫਤਰਾਂ, ਜ਼ਿਲਾ ਹੈੱਡ ਕੁਆਰਟਰਾਂ ਅਤੇ ਹੇਠਲੇ ਪੱਧਰ ’ਤੇ ਬਲਾਕ ਦਫਤਰਾਂ ਵਿਚ ਵੀ ਸਰਕਾਰ ਦਾ ਕੰਮਕਾਜ ਠੱਪ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਭਰੋਸਾ ਜਿੱਤਣ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ, ਜਿਸ ਕਾਰਨ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਰੋਸ ਵਜੋਂ ਪਿਛਲੇ ਅੱਠ ਦਿਨਾਂ ਤੋਂ ਯੂਨੀਅਨ ਨੇ ਧਰਨਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ 21 ਫਰਵਰੀ ਨੂੰ ਕੈਬਨਿਟ ਸਬ-ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿਚ ਵੀ ਉਨ੍ਹਾਂ ਨੂੰ ਰਾਹਤ ਦੇਣ ਵਾਲੇ ਫੈਸਲੇ ਨਾ ਹੋਏ ਤਾਂ ਉਹ ਮੁਡ਼ ਸੰਘਰਸ਼ ਦਾ ਬਿਗਲ ਵਜਾ ਦੇਣਗੇ। ਉਨ੍ਹਾਂ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਅਤੇ 23 ਮਹੀਨਿਆਂ ਦਾ ਬਕਾਇਆ ਦਿੱਤਾ ਜਾਵੇ। ਛੇਵਾਂ ਪੇ ਕਮਿਸ਼ਨ ਲਾਗੂ ਕਰਨ ਤੋਂ ਇਲਾਵਾ 20 ਫੀਸਦੀ ਅੰਤਰਿਮ ਰਿਲੀਫ ਦਿੱਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਸਾਰੇ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੋਂ ਇਲਾਵਾ ਮੁਲਾਜ਼ਮਾਂ ’ਤੇ ਥੋਪਿਆ ਗਿਆ 200 ਰੁਪਏ ਦਾ ਟੈਕਸ ਵਾਪਸ ਲਿਆ ਜਾਵੇ। ਇਸ ਮੌਕੇ ਨਰਿੰਦਰ ਸ਼ਰਮਾ, ਪ੍ਰਗਟ ਸਿੰਘ, ਦਲਜਿੰਦਰ ਕੌਰ ਘੁੰਮਣ, ਨੀਲਮ ਕੁਮਾਰੀ, ਬਲਵਿੰਦਰ ਕੌਰ, ਨਰੇਸ਼ ਕੁਮਾਰੀ, ਕਮਲਜੀਤ ਸਿੰਘ, ਬਲਜੇਸ਼ ਕਮਲ, ਹਰਵਿੰਦਰ ਸਿੰਘ, ਲਖਵਿੰਦਰ ਸਿੰਘ, ਪ੍ਰੇਮ ਸਿੰਘ, ਗੁਰਦਿੱਤ ਸਿੰਘ, ਸੁਰਿੰਦਰ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਤੇ ਅਹੁਦੇਦਾਰ ਹਾਜ਼ਰ ਸਨ।
20ਵਾਂ ਰੂਹਾਨੀ ਕੀਰਤਨ ਦਰਬਾਰ 22 ਤੋਂ ਸ਼ੁਰੂ
NEXT STORY