ਗੁਰਦਾਸਪੁਰ (ਹਰਮਨਪ੍ਰੀਤ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਵਲੋਂ ਬਣਾਈ ਜਾ ਰਹੀ ਇੰਟੀਗ੍ਰੇਟਡ ਚੈੱਕ ਪੋਸਟ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸਰਬ ਸਾਂਝੀਵਾਲਤਾ ਦੇ ਦਿੱਤੇ ਸੰਦੇਸ਼ ਨੂੰ ਦਰਸਾਉਂਦੀਆਂ ਅਨੇਕਾਂ ਕਲਾਕ੍ਰਿਤੀਆਂ ਪ੍ਰਕਾਸ਼ਮਾਨ ਕੀਤੀਆਂ ਜਾ ਰਹੀਆਂ ਹਨ ਜੋ ਦੁਨੀਆ ਨੂੰ ਗੁਰੂ ਸਾਹਿਬ ਦੇ ਫਲਸਫੇ ਤੋਂ ਜਾਣੂ ਕਰਵਾਉਣਗੀਆਂ। ਆਦਿ ਕਾਲ ਦੌਰਾਨ ਗੁਰੂ ਸਾਹਿਬ ਨੇ ਇਸ ਦੁਨੀਆ 'ਤੇ ਆ ਕੇ ਕੁਦਰਤ ਦੀ ਸਾਂਭ-ਸੰਭਾਲ, ਉੱਚਾ ਤੇ ਸੁੱਚਾ ਜੀਵਨ ਜਿਉਣ, ਹੱਥੀਂ ਮਿਹਨਤ ਕਰਨ ਅਤੇ ਪ੍ਰਮਾਤਮਾ ਦਾ ਨਾਂ ਜਪਣ ਸਮੇਤ ਜਿਹੜੀਆਂ ਵਿਚਾਰ ਧਾਰਾਵਾਂ ਦਾ ਪ੍ਰਚਾਰ ਤੇ ਪਸਾਰ ਕੀਤਾ ਸੀ, ਉਨ੍ਹਾਂ ਸਿੱਖਿਆਵਾਂ ਨੂੰ ਇਸ ਕੰਪਲੈਕਸ 'ਚ ਰੂਪਮਾਨ ਕੀਤਾ ਜਾ ਰਿਹਾ ਹੈ। ਏਨਾ ਹੀ ਨਹੀਂ ਆਪਣੀਆਂ ਉਦਾਸੀਆਂ ਦੌਰਾਨ ਗੁਰੂ ਸਾਹਿਬ ਵੱਲੋਂ ਵੱਖ-ਵੱਖ ਥਾਵਾਂ 'ਤੇ ਕੀਤੀਆਂ ਗਈਆਂ ਵਿਚਾਰ ਗੋਸ਼ਟੀਆਂ ਤੋਂ ਇਲਾਵਾ ਜਿਹੜੇ ਭਗਤਾਂ ਦੀ ਗੁਰਬਾਣੀ ਇਕੱਤਰ ਕਰ ਕੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ ਗਿਆ ਹੈ, ਉਨ੍ਹਾਂ ਸਾਰੇ ਭਗਤਾਂ ਦੇ ਸ਼ਿਲਾਲੇਖਾਂ ਸਮੇਤ ਹੋਰ ਅਨੇਕਾਂ ਦਿਲਚਸਪ ਪੇਟਿੰਗਾਂ ਵੀ ਇਸ ਟਰਮੀਨਲ ਵਿਚ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਦੁਨੀਆ ਅਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਉਣ ਵਾਲੀ ਸੰਗਤ ਜਿਥੇ ਗੁਰੂ ਸਾਹਿਬ ਦੀ ਜੀਵਨੀ ਨਾਲ ਸਬੰਧਤ ਜਾਣਕਾਰੀ ਹਾਸਲ ਕਰ ਸਕੇ ਉਸਦੇ ਨਾਲ ਹੀ ਸੰਗਤ ਨੂੰ ਭਾਰਤ ਦੇ ਬਹੁ-ਸੱਭਿਆਚਾਰਵਾਦ ਦੀ ਪ੍ਰੰਪਰਾ ਸਮੇਤ ਗੌਰਵਮਈ ਵਿਰਸੇ ਦੀ ਜਾਣਕਾਰੀ ਵੀ ਮਿਲ ਸਕੇ।
ਪੱਥਰਾਂ 'ਤੇ ਉਚਾਰੀ ਜਾਵੇਗੀ ਗੁਰਬਾਣੀ
ਇਸ ਟਰਮੀਨਲ ਦੇ ਲੈਂਡ ਸਕੇਪ ਏਰੀਏ ਵਿਚ 3 ਫੁੱਟ ਤੋਂ 10 ਫੁੱਟ ਉਚਾਈ ਵਾਲੇ ਵੱਖ-ਵੱਖ ਪੱਥਰਾਂ ਨੂੰ ਇਸ ਢੰਗ ਨਾਲ ਲਾਇਆ ਜਾਵੇਗਾ ਕਿ ਗੁਰੂ ਸਾਹਿਬ ਵੱਲੋਂ ਕੁਦਰਤ ਨਾਲ ਪਿਆਰ ਅਤੇ ਸੰਭਾਲ ਦੇ ਦਿੱਤੇ ਗਏ ਸੰਦੇਸ਼ ਦਾ ਪ੍ਰਚਾਰ ਹੋ ਸਕੇ। ਇਨ੍ਹਾਂ ਵਿਲੱਖਣ ਕਿਸਮ ਦੇ ਬਹੁ-ਅਕਾਰੀ ਪੱਥਰਾਂ 'ਤੇ ਗੁਰਬਾਣੀ ਦੀਆਂ 28 ਪੌੜੀਆਂ ਲਿਖੀਆਂ ਜਾਣਗੀਆਂ। ਇਹ ਪੱਥਰ ਜ਼ਮੀਨ ਤੋਂ ਕੁਝ ਉਚਾਈ 'ਤੇ ਰੱਖੇ ਜਾਣਗੇ।

ਅਮੀਰ ਸੱਭਿਆਚਾਰ ਅਤੇ ਸਾਰਾਗੜ੍ਹੀ ਦੀ ਲੜਾਈ ਸਬੰਧੀ ਲੱਗਣਗੇ ਬੁੱਤ
ਇਸ ਕੰਪਲੈਕਸ 'ਚ ਇਕ ਅੰਮ੍ਰਿਤਧਾਰੀ ਸਿੰਘਣੀ ਅਤੇ ਸਿੰਘ ਦੇ ਪਹਿਰਾਵੇ ਅਤੇ ਦਿੱਖ ਤੋਂ ਇਲਾਵਾ ਪੰਜਾਬ ਦੇ ਲੋਕ-ਨਾਚ ਨੂੰ ਪੇਸ਼ ਕਰਦੀਆਂ ਕਲਾਕ੍ਰਿਤੀਆਂ ਵੀ ਲਗਾਈਆਂ ਜਾਣਗੀਆਂ। ਇਸ ਦੇ ਨਾਲ ਹੀ ਸਿੱਖ ਜਵਾਨਾਂ ਦੀ ਬਹਾਦਰੀ ਨੂੰ ਦਰਸਾਉਂਦੀ ਸਾਰਾਗੜ੍ਹੀ ਦੀ ਲੜਾਈ ਦਰਸਾਉਂਦਾ ਆਦਮ ਕੱਦ ਬੁੱਤ ਵੀ ਇਸ ਟਰਮੀਨਲ ਦੀ ਸ਼ਾਨ ਨੂੰ ਵਧਾਏਗਾ। ਇਸ ਤੋਂ ਇਲਾਵਾ ਪੰਜਾਬ ਦੇ ਮਹਾਨ ਜਰਨੈਲਾਂ ਦੇ ਆਦਮ ਕੱਦ ਬੁੱਤ ਵੀ ਸਥਾਪਤ ਕੀਤੇ ਜਾਣਗੇ।

ਆਰਟ ਵਰਕ ਰਾਹੀਂ ਰੂਪਮਾਨ ਕੀਤਾ ਜਾਵੇਗਾ ਗੁਰੂ ਸਾਹਿਬ ਦਾ ਜੀਵਨ ਕਾਲ
ਯਾਤਰੀ ਟਰਮੀਨਲ ਦੀਆਂ ਦੀਵਾਰਾਂ 'ਤੇ ਆਰਟ ਵਰਕ ਰਾਹੀਂ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਪੂਰੀ ਜਾਣਕਾਰੀ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਲਈ ਵੱਡੇ ਅਕਾਰ ਦੀਆਂ ਪੇਟਿੰਗਾਂ ਲਾਈਆਂ ਜਾਣਗੀਆਂ। ਇਸੇ ਤਰ੍ਹਾਂ ਗੁਰੂ ਜੀ ਨੇ ਕਿਰਤ ਕਰਨ ਦਾ ਜਿਹੜਾ ਸੰਦੇਸ਼ ਦਿੱਤਾ ਸੀ ਉਸ ਨੂੰ ਪ੍ਰਭਾਵੀ ਰੂਪ ਵਿਚ ਦਰਸਾਉਣ ਲਈ ਵਿਸ਼ੇਸ਼ ਕਿਸਮ ਦਾ ਬੁੱਤ ਤਿਆਰ ਕੀਤਾ ਜਾ ਰਿਹਾ ਹੈ। ਵੰਡ ਕੇ ਛਕਣ ਅਤੇ ਨਾਮ ਜਪਣ ਦੇ ਉਪਦੇਸ਼ਾਂ ਨੂੰ ਵੀ ਵੱਡੇ ਅਕਾਰੀ ਬੁੱਤਾਂ ਰਾਹੀਂ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਅੰਮ੍ਰਿਤਧਾਰੀ ਸਿੰਘ ਲਈ ਲੋੜੀਂਦੇ ਪੰਜ ਕਕਾਰਾਂ ਦੀਆਂ ਤਸਵੀਰਾਂ ਸਮੇਤ ਹੋਰ ਅਨੇਕਾਂ ਜਾਣਕਾਰੀਆਂ ਵੀ ਆਰਟ ਵਰਕ ਅਤੇ ਬੁੱਤਾਂ ਰਾਹੀਂ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।

15 ਭਗਤਾਂ ਦੇ ਸ਼ਿਲਾਲੇਖ ਵਧਾਉਣਗੇ ਟਰਮੀਨਲ ਦੀ ਸ਼ਾਨ
ਗੁਰੂ ਸਾਹਿਬ ਨੇ ਬਰਾਬਰਤਾ ਅਤੇ ਬਹੁ-ਸੱਭਿਆਚਾਰਵਾਦ ਦੀ ਜਿਹੜੀ ਪ੍ਰੰਪਰਾ ਸ਼ੁਰੂ ਕੀਤੀ ਸੀ, ਨੂੰ ਰੂਪਮਾਨ ਕਰਨ ਲਈ ਵੀ ਟਰਮੀਨਲ ਅੰਦਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਟਰਮੀਨਲ ਅੰਦਰ ਉਨ੍ਹਾਂ 15 ਭਗਤਾਂ ਦੇ ਸ਼ਿਲਾਲੇਖ ਸੁਸ਼ੋਭਿਤ ਕੀਤੇ ਜਾਣਗੇ ਜਿਨ੍ਹਾਂ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਨ੍ਹਾਂ ਵਿਚ ਭਗਤ ਰਵੀਦਾਸ ਜੀ, ਭਗਤ ਕਬੀਰ ਜੀ, ਭਗਤ ਧੰਨਾ ਜੀ, ਭਗਤ ਸੂਰਦਾਸ ਜੀ, ਭਗਤ ਤ੍ਰਿਲੋਚਨ ਜੀ, ਭਗਤ ਪਰਮਾਨੰਦ ਜੀ, ਭਗਤ ਸਧਨਾ ਜੀ, ਭਗਤ ਨਾਮਦੇਵ ਜੀ, ਭਗਤ ਜੈ ਦੇਵ ਜੀ, ਭਗਤ ਪੀਪਾ ਜੀ, ਭਗਤ ਸੈਣ ਜੀ, ਭਗਤ ਭੀਖਣ ਜੀ, ਭਗਤ ਰਾਮਾਨੰਦ ਜੀ, ਸ਼ੇਖ ਫਰੀਦ ਜੀ ਅਤੇ ਭਗਤ ਬੇਣੀ ਜੀ ਦੇ ਨਾਂ ਸ਼ਾਮਲ ਹਨ। ਇਨ੍ਹਾਂ 15 ਭਗਤਾਂ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਸ਼ਿਲਾਲੇਖ ਵੀ ਲਾਇਆ ਜਾਵੇਗਾ, ਜਿਸ ਤਹਿਤ 16 ਸ਼ਿਲਾਲੇਖ ਲਗਾ ਕੇ ਉਨ੍ਹਾਂ ਦੇ ਸਭ ਤੋਂ ਉਪਰ ਭਗਤ ਜੀ ਦੀ ਤਸਵੀਰ ਲਾਈ ਜਾਵੇਗੀ, ਜਿਸ ਦੇ ਹੇਠਾਂ ਸਬੰਧਤ ਭਗਤ ਜੀ ਦਾ ਇਕ-ਇਕ ਸਬਦ ਲਿਖ ਕੇ ਹੇਠਾਂ ਉਸ ਦਾ ਹਿੰਦੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਹਿਲਾਂ ਸਿਰਫ ਇਸ ਟਰਮੀਨਲ ਦੀ ਉਸਾਰੀ ਦੇ ਪਹਿਲੇ ਫੇਜ਼ ਵਿਚ ਸੂਰਬੀਰ ਯੋਧਿਆਂ ਦੇ ਬੁੱਤ ਹੀ ਲਾਏ ਜਾਣ ਦੀ ਤਜਵੀਜ਼ ਸੀ ਪਰ ਉਨ੍ਹਾਂ ਸਿੱਖ ਵਿਦਵਾਨਾਂ ਨੂੰ ਨਾਲ ਲੈ ਕੇ ਸਬੰਧਤ ਕੇਂਦਰੀ ਅਧਿਕਾਰੀਆਂ ਤੱਕ ਪਹੁੰਚ ਕਰ ਕੇ ਇਹ ਮੁੱਦਾ ਉਠਾਇਆ ਸੀ ਕਿ ਗੁਰੂ ਸਾਹਿਬ ਸਾਰੇ ਜਗਤ ਦੇ ਸਾਂਝੇ ਗੁਰੂ ਸਨ ਜਿਨ੍ਹਾਂ ਨੂੰ ਮੁਸਲਮਾਨ ਵੀ ਪੀਰ ਮੰਨਦੇ ਹਨ। ਇਹ ਬਹੁਤ ਜ਼ਰੂਰੀ ਸੀ ਕਿ ਉਦਘਾਟਨ ਤੋਂ ਬਾਅਦ ਜਦੋਂ ਸੰਗਤ ਦਾ ਆਉਣਾ-ਜਾਣਾ ਸ਼ੁਰੂ ਹੋਵੇ ਤਾਂ ਇਥੇ ਗੁਰੂ ਸਾਹਿਬ ਦੇ ਜੀਵਨ, ਸਿੱਖਿਆਵਾਂ ਅਤੇ ਹੋਰ ਅਹਿਮ ਜਾਣਕਾਰੀਆਂ ਪ੍ਰਦਰਸ਼ਿਤ ਹੋਣ। ਇਸੇ ਲਈ ਹੁਣ ਪਹਿਲੇ ਫੇਜ਼ ਵਿਚ ਹੀ ਇਹ ਸਾਰੇ ਬੁੱਤ ਲਾਉਣ ਅਤੇ ਆਰਟ ਵਰਕ ਦਾ ਕੰਮ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਪੂਰੀ ਆਸ ਹੈ ਕਿ ਜਲਦੀ ਹੀ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਖੱਡ 'ਚ ਡਿੱਗੀ (ਵੀਡੀਓ)
NEXT STORY