ਲੁਧਿਆਣਾ (ਸਹਿਗਲ, ਹਿਤੇਸ਼)-ਗਿਆਸਪੁਰਾ ਇਲਾਕੇ ਵਿਚ ਡਾਇਰੀਆ ਦੇ ਨਵੇਂ ਮਰੀਜ਼ਾਂ ਦਾ ਆਉਣਾ ਜਾਰੀ ਹੈ। ਸਿਹਤ ਵਿਭਾਗ ਵੱਲੋਂ ਲਾਏ ਮੈਡੀਕਲ ਕੈਂਪ ਵਿਚ ਅੱਜ 45 ਨਵੇਂ ਮਰੀਜ਼ ਆਪਣਾ ਇਲਾਜ ਕਰਵਾਉਣ ਪੁੱਜੇ। ਇਨ੍ਹਾਂ ਵਿਚ ਕੁਝ ਹੈਜ਼ਾ ਦੇ ਲੱਛਣਾਂ ਦੇ ਨਾਲ ਸਾਹਮਣੇ ਆਏ। ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਨੇ ਕਿਹਾ ਕਿ ਅੱਜ 5 ਨਵੇਂ ਸਟੂਲ ਸੈਂਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਸੀ. ਐੱਮ. ਸੀ. ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਹੁਣ ਤੱਕ 413 ਮਰੀਜ਼ ਦਸਤ ਦੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ 12 ਅਜੇ ਵੀ ਹਸਪਤਾਲ ਵਿਚ ਭਰਤੀ ਹਨ। ਸਿਹਤ ਅਧਿਕਾਰੀਆਂ ਦੇ ਮੁਤਾਬਕ ਇਲਾਕੇ ਵਿਚ ਅਜੇ ਵੀ ਗੰਦਾ ਪਾਣੀ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜਵਾਹਰ ਨਗਰ 'ਚ ਵੀ ਫੈਲਿਆ ਡਾਇਰੀਆ
ਗਿਆਸਪੁਰਾ ਦੇ ਨਾਲ ਲਗਦੇ ਇਲਾਕਿਆਂ ਵਿਚ ਡਾਇਰੀਆ ਫੈਲਣ ਤੋਂ ਬਾਅਦ ਹਾਲਾਤ ਅਜੇ ਸੁਧਰੇ ਨਹੀਂ ਕਿ ਨਗਰ ਨਿਗਮ ਦੇ ਅਧਿਕਾਰੀ ਉਸ ਦੇ ਬਾਵਜੂਦ ਗੰਦੇ ਪਾਣੀ ਦੀ ਸਪਲਾਈ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜਿਸ ਦਾ ਸਬੂਤ ਇਹ ਹੈ ਕਿ ਜਵਾਹਰ ਨਗਰ ਇਲਾਕੇ ਨਾਲ ਸਬੰਧਤ ਸ਼ਿਕਾਇਤ ਦੀ ਸੁਣਵਾਈ ਕਰਵਾਉਣ ਲਈ ਕੌਂਸਲਰ ਨੂੰ ਕਮਿਸ਼ਨਰ ਆਫਿਸ ਦੇ ਬਾਹਰ ਧਰਨਾ ਲਾਉਣਾ ਪਿਆ, ਜਿਸ ਤੋਂ ਬਾਅਦ ਸਬੰਧਤ ਅਧਿਕਾਰੀ ਇਲਾਕੇ ਵਿਚ ਗਏ ਤਾਂ ਜ਼ਰੂਰ ਪਰ ਸਮੱਸਿਆ ਦਾ ਹੱਲ ਕੀਤੇ ਬਿਨਾਂ ਹੀ ਟੈਂਕਰ ਤੋਂ ਪਾਣੀ ਲੈਣ ਦੀ ਸਲਾਹ ਦੇਣ ਸਮੇਤ ਲੋਕਾਂ ਨੂੰ ਦਵਾਈਆਂ ਵੰਡ ਕੇ ਵਾਪਸ ਆ ਗਏ।
ਸਥਾਨਕ ਜਵਾਹਰ ਨਗਰ ਕੈਂਪ ਵਿਚ ਪਿਛਲੇ ਕੁਝ ਦਿਨਾਂ ਤੋਂ ਗੰਦਾ ਪਾਣੀ ਆਉਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਅੱਜ ਡਾਇਰੀਆ ਤੋਂ ਪੀੜਤ 40 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ 15 ਤੋਂ ਜ਼ਿਆਦਾ ਬੱਚੇ ਸ਼ਾਮਲ ਹਨ। ਜਵਾਹਰ ਨਗਰ ਕੈਂਪ ਵਿਚ ਕੌਂਸਲਰ ਕਪਿਲ ਕੁਮਾਰ ਸੋਨੂ ਦੀ ਪ੍ਰਧਾਨਗੀ ਵਿਚ ਇਲਾਕੇ ਦੇ ਲੋਕ ਡੀ. ਸੀ. ਨੂੰ ਮਿਲੇ ਅਤੇ ਦੱਸਿਆ ਕਿ ਅਪ੍ਰੈਲ ਮਹੀਨੇ ਵਿਚ ਉਨ੍ਹਾਂ ਦੇ ਇਲਾਕੇ ਵਿਚ ਪਾਣੀ ਦੇ ਸੈਂਪਲ ਫੇਲ ਹੋਣ ਤੋਂ ਬਾਅਦ ਨਗਰ ਨਿਗਮ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੇ ਇਲਾਕੇ ਵਿਚ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਦੀ ਸਾਰ ਲਈ ਹੈ। ਦੂਸ਼ਿਤ ਪਾਣੀ ਕਾਰਨ ਹੁਣ ਮਰੀਜ਼ ਵੀ ਸਾਹਮਣੇ ਆਉਣ ਲੱਗੇ ਹਨ।
ਕਪਿਲ ਕੁਮਾਰ ਸੋਨੂ ਨੇ ਕਿਹਾ ਕਿ ਪਾਣੀ ਦੀ ਹਾਲਤ ਦੇਖ ਕੇ ਲਗਦਾ ਹੈ ਕਿ ਜਵਾਹਰ ਨਗਰ ਕੈਂਪ ਵਿਚ ਕਦੇ ਵੀ ਬੀਮਾਰੀ ਫੈਲ ਸਕਦੀ ਹੈ। ਡੀ. ਸੀ. ਪ੍ਰਦੀਪ ਅਗਰਵਾਲ ਨੇ ਨਿਗਮ ਦੇ ਐਕਸੀਅਨ ਰਵਿੰਦਰ ਗਰਗ ਨੂੰ ਜਵਾਹਰ ਨਗਰ ਦਾ ਦੌਰਾ ਕਰ ਕੇ ਸਾਰੀ ਰਿਪੋਰਟ ਉਨ੍ਹਾਂ ਨੂੰ ਦੇਣ ਨੂੰ ਕਿਹਾ ਹੈ। ਮੌਕੇ 'ਤੇ ਏ. ਡੀ. ਸੀ. ਇਕਬਾਲ ਸਿੰਘ ਸੰਧੂ, ਨਿਗਮ ਦੇ ਐੱਸ. ਡੀ. ਓ. ਜਸਕੀਰਤ ਸਿੰਘ, ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਨੇ ਆਪਣੀ ਟੀਮ ਦੇ ਨਾਲ ਜਵਾਹਰ ਨਗਰ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ 1 ਹਜ਼ਾਰ ਕਲੋਰੀਨ ਦੀਆਂ ਗੋਲੀਆਂ ਅਤੇ 800 ਓ. ਆਰ. ਐੱਸ. ਦੇ ਪੈਕਟ ਵੰਡੇ। ਨਿਗਮ ਨੇ ਇਲਾਕੇ ਵਿਚ ਪਾਣੀ ਦੇ ਟੈਂਕਰ ਰਾਹੀਂ ਸਪਲਾਈ ਸ਼ੁਰੂ ਕਰ ਦਿੱਤੀ ਹੈ।
ਸ਼ਹਿਰ ਦੇ ਕਈ ਇਲਾਕੇ ਹਾਈ ਰਿਸਕ 'ਤੇ
ਸਟੇਟ ਦੇ ਪ੍ਰੋਗਰਾਮ ਅਫਸਰ ਵੱਲੋਂ ਐਪੀਡੈਮਿਕ ਡਿਸੀਜ਼ ਐਕਟ 1897 ਦੇ ਨੋਟੀਫਿਕੇਸ਼ਨ ਦੀ ਉਲੰਘਣਾ ਕਰਕੇ ਪਾਣੀ ਦੀ ਸੈਂਪਲਿੰਗ ਬੰਦ ਕਰਵਾਉਣ ਨਾਲ ਸ਼ਹਿਰ ਦੇ ਕਈ ਇਲਾਕੇ ਹਾਈ ਰਿਸਕ 'ਤੇ ਆ ਗਏ ਹਨ। ਬਾਰਿਸ਼ ਦੇ ਸ਼ੁਰੂ ਹੋਣ ਨਾਲ ਕਈ ਇਲਾਕਿਆਂ ਵਿਚ ਬੀਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਸ਼ਹਿਰ ਦੇ ਕਈ ਗੈਰ-ਸਰਕਾਰੀ ਜਥੇਬੰਦੀਆਂ ਨੇ ਇਸ ਦੀ ਸ਼ਿਕਾਇਤ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਕਰਨ ਦੀ ਠਾਣੀ ਹੈ ਤਾਂ ਕਿ ਅਜਿਹੇ ਅਧਿਕਾਰੀ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ। ਚੰਡੀਗੜ੍ਹ ਵਿਚ ਬੈਠ ਕੇ ਇਸ ਅਧਿਕਾਰੀ ਨੇ ਪਾਣੀ ਦੇ ਸੈਂਪਲਾਂ 'ਤੇ ਰੋਕ ਲਾਉਣ ਨਾਲ ਡੀ. ਸੀ. ਵੱਲੋਂ ਜਾਰੀ ਐਕਟ ਦੀ ਉਲੰਘਣਾ 'ਤੇ ਲੋਕਾਂ ਵਿਚ ਚਰਚਾ ਜਾਰੀ ਹੈ ਕਿ ਸ਼ਹਿਰ ਦੇ ਸਿਹਤ ਅਧਿਕਾਰੀ ਵੀ ਹੁਣ ਡੀ. ਸੀ. ਦੇ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦੇ। ਸਿਰਫ ਮਹਾਮਾਰੀ ਫੈਲਣ 'ਤੇ ਪਾਣੀ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ।
ਪਾਣੀ ਦੇ ਤਿੰਨ ਸੈਂਪਲ ਹੋਏ ਫੇਲ
ਸਿਹਤ ਵਿਭਾਗ ਵੱਲੋਂ ਮੱਕੜ ਕਾਲੋਨੀ ਅਤੇ ਸਮਰਾਟ ਕਾਲੋਨੀ ਤੋਂ ਲਏ ਗਏ ਪਾਣੀ ਦੇ 5 ਸੈਂਪਲਾਂ ਵਿਚੋਂ 3 ਫੇਲ ਹੋ ਗਏ। ਇਥੋਂ ਦੇ ਪਾਣੀ ਨੂੰ ਪੀਣ ਦੇ ਯੋਗ ਨਹੀਂ ਪਾਇਆ ਗਿਆ।
ਬਲੈਕਮੇਲ ਕਰਨ 'ਤੇ ਪ੍ਰੇਮਿਕਾ ਨੇ ਨਿਗਲਿਆ ਜ਼ਹਿਰੀਲਾ ਪਦਾਰਥ
NEXT STORY