ਤਲਵੰਡੀ ਭਾਈ(ਪਾਲ)—ਵੱਖ-ਵੱਖ ਥਾਈਂ ਪ੍ਰਾਈਵੇਟ ਹਸਪਤਾਲਾਂ ਵਿਚ ਹੋ ਰਹੇ ਭਰੂਣ ਹੱਤਿਆ ਕਾਂਡ ਨੰਗੇ ਹੋਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇਲਾਕੇ ਦੇ ਪਿੰਡਾਂ ਤੇ ਸ਼ਹਿਰ ਵਿਚ ਕੰਮ ਕਰ ਰਹੇ ਡਾਕਟਰਾਂ ਉੱਪਰ ਸ਼ਿਕੰਜਾ ਕੱਸ ਦਿੱਤਾ ਗਿਆ ਸੀ ਪਰ ਹੁਣ ਫਿਰ ਇਹ ਸਾਰਾ ਗੋਰਖਧੰਦਾ ਕੁਝ ਚੋਰੀ-ਛਿਪੇ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਥੋਂ ਨੇੜਲੇ ਪਿੰਡਾਂ ਅੰਦਰ ਬੈਠੇ ਝੋਲਾਸ਼ਾਪ ਡਾਕਟਰ ਅਤੇ ਕੁਝ ਅਨਪੜ੍ਹ ਕਿਸਮ ਦੀਆਂ ਦਾਈਆਂ ਇਸ ਕੰਮ ਲਈ ਲੋਕਾਂ ਨੂੰ ਉਕਸਾਉਂਦੀਆਂ ਰਹਿੰਦੀਆਂ ਹਨ। ਪਹਿਲਾਂ ਤਾਂ ਇਹ ਚੋਰੀ-ਛਿਪੇ ਅਲਟਰਾਸਾਊਂਡ ਰਾਹੀਂ ਭਰੂਣ ਵਿਚ ਪਲ ਰਹੇ ਬੱਚੇ ਦਾ ਲਿੰਗ ਪਤਾ ਲਾਉਣ ਵਾਲੇ ਡਾਕਟਰ ਤੋਂ ਟੈਸਟ ਕਰਵਾ ਕੇ ਮੋਟਾ ਕਮਿਸ਼ਨ ਲੈਂਦੇ ਹਨ। ਜੇਕਰ ਗਰਭਪਾਤ ਕਰਵਾਉਣਾ ਪਵੇ ਤਾਂ ਉਸ ਵਿਚੋਂ ਵੀ ਚੰਗਾ ਕਮਿਸ਼ਨ ਹਾਸਲ ਕਰਦੇ ਹਨ। ਇਲਾਕੇ ਦੇ ਕਈ ਪੇਂਡੂ ਅਖੌਤੀ ਡਾਕਟਰ ਆਪਣੀ ਪ੍ਰੈਕਟਿਸ 'ਚੋਂ ਘੱਟ ਤੇ ਇਸ ਕੰਮ 'ਚੋਂ ਜ਼ਿਆਦਾ ਕਮਾਈ ਕਰ ਰਹੇ ਹਨ। ਕੁਝ ਸੁਲਝੇ ਹੋਏ ਡਾਕਟਰਾਂ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਜਾਅਲੀ ਡਾਕਟਰ ਪਿੰਡਾਂ ਤੇ ਸ਼ਹਿਰਾਂ ਵਿਚ ਹਨ, ਜੋ ਗਲਤ ਕੰਮ ਕਰ ਕੇ ਇਸ ਪਵਿੱਤਰ ਕਿੱਤੇ ਨੂੰ ਕਲੰਕਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਝੋਲਾਛਾਪ ਡਾਕਟਰ ਤੇ ਪਿੰਡਾਂ ਵਿਚ ਚੱਲ ਰਹੇ ਮੈਡੀਕਲ ਸਟੋਰਾਂ ਵਾਲੇ ਮਹਿਕਮੇ ਅਤੇ ਪੁਲਸ ਨੂੰ ਮਹੀਨਾ ਵਗੈਰਾ ਭਰ ਕੇ ਵੱਡੀ ਪੱਧਰ 'ਤੇ ਨਸ਼ੇ ਦੀਆਂ ਦਵਾਈਆਂ, ਕੈਪਸੂਲ ਤੇ ਟੀਕੇ ਵਗੈਰਾ ਸ਼ਰੇਆਮ ਵੇਚ ਰਹੇ ਹਨ। ਇਲਾਕੇ ਦੇ ਲੋਕਾਂ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਅਜਿਹੇ ਗਲਤ ਕੰਮ ਕਰਨ ਵਾਲੇ ਸਮਾਜ ਦੇ ਦੁਸ਼ਮਣਾਂ ਤੇ ਅਖੌਤੀ ਡਾਕਟਰਾਂ ਨੂੰ ਨੱਥ ਪਾਈ ਜਾਵੇ।
ਸੀ. ਪੀ. ਐੱਮ. ਤੇ ਸੀਟੂ ਵਰਕਰਾਂ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
NEXT STORY