ਅੰਮ੍ਰਿਤਸਰ, (ਦਲਜੀਤ)- ਸਿਹਤ ਵਿਭਾਗ ਦੀ ਟੀਮ ਨੇ ਅੱਜ ਸਰਹੱਦੀ ਖੇਤਰ 'ਚ ਸਥਿਤ ਦੁਕਾਨਾਂ 'ਤੇ ਅਚਨਚੇਤ ਛਾਪੇਮਾਰੀ ਕੀਤੀ। ਟੀਮ ਦੇ ਆਉਣ ਦੀ ਸੂਚਨਾ ਮਿਲਦੇ ਹੀ ਕਸਬਾ ਅਜਨਾਲਾ, ਰਮਦਾਸ ਤੇ ਕੁੱਕੜਾਂਵਾਲਾ ਦੇ ਜ਼ਿਆਦਾਤਰ ਦੁਕਾਨਦਾਰ ਦੁਕਾਨਾਂ ਬੰਦ ਕਰ ਗਏ। ਟੀਮ ਨੇ ਅੱਧੀ ਦਰਜਨ ਤੋਂ ਵੱਧ ਖਾਧ ਪਦਾਰਥਾਂ ਦੇ ਸੈਂਪਲ ਭਰ ਕੇ ਅਗਲੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਹੈ। ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਨਿਰਦੇਸ਼ਾਂ ਤਹਿਤ ਜ਼ਿਲੇ 'ਚ ਮਿਲਾਵਟਖੋਰੀ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੀ ਖੇਤਰ ਦੀਆਂ ਕੁਝ ਦੁਕਾਨਾਂ 'ਤੇ ਮਿਲਾਵਟੀ ਸਾਮਾਨ ਵੇਚਿਆ ਜਾ ਰਿਹਾ ਹੈ, ਜਿਸ ਤਹਿਤ ਅੱਜ ਛਾਪੇਮਾਰੀ ਕੀਤੀ ਗਈ। ਕਸਬਾ ਕੁੱਕੜਾਂਵਾਲਾ 'ਚ ਇਕ ਦੁਕਾਨ ਤੋਂ ਐਕਸਪਾਇਰਡ ਸਾਮਾਨ ਬਰਾਮਦ ਹੋਇਆ ਅਤੇ ਜਿਨ੍ਹਾਂ ਥਾਵਾਂ 'ਤੇ ਚੈਕਿੰਗ ਕੀਤੀ ਗਈ, ਉਨ੍ਹਾਂ 'ਚੋਂ ਕਿਸੇ ਕੋਲ ਵੀ ਫੂਡ ਸੇਫਟੀ ਦਾ ਲਾਇਸੈਂਸ ਨਹੀਂ ਸੀ। ਟੀਮ ਵੱਲੋਂ ਹਲਦੀ, ਦਾਲ, ਪੇਠਾ, ਧਨੀਆ, ਲਾਲ ਮਿਰਚ ਆਦਿ ਦੇ ਸੈਂਪਲ ਭਰੇ ਗਏ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਟੀਮ ਵੱਲੋਂ ਜਦੋਂ ਕਸਬਾ ਰਮਦਾਸ ਤੇ ਅਜਨਾਲਾ ਦਾ ਦੌਰਾ ਕੀਤਾ ਗਿਆ ਤਾਂ ਉਥੋਂ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਸਨ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।
ਵਿਭਾਗ ਵੱਲੋਂ ਸ਼ਹਿਰੀ ਅਤੇ ਦਿਹਾਤੀ ਖੇਤਰ 'ਚ ਵਿਸ਼ੇਸ਼ ਟੀਮਾਂ ਦਾ ਗਠਨ ਕਰ ਕੇ ਛਾਪੇਮਾਰੀ ਮੁਹਿੰਮ ਚਲਾਈ ਜਾ ਰਹੀ ਹੈ। ਆਉਣ ਵਾਲੇ ਦਿਨਾਂ 'ਚ ਮਠਿਆਈਆਂ ਬਣਾਉਣ ਅਤੇ ਪੀਣ ਵਾਲਾ ਪਾਣੀ ਪੈਕ ਕਰਨ ਵਾਲੀਆਂ ਫੈਕਟਰੀਆਂ ਆਦਿ ਦੀ ਚੈਕਿੰਗ ਕੀਤੀ ਜਾਵੇਗੀ।
ਇਸ ਮੌਕੇ ਜਤਿੰਦਰ ਸਿੰਘ ਵਿਰਕ, ਮੈਡਮ ਗਗਨ, ਰਣਜੀਤ ਸਿੰਘ, ਭੁਪਿੰਦਰ ਸਿੰਘ ਆਦਿ ਮੌਜੂਦ ਸਨ।
ਇੰਜੀਨੀਅਰਿੰਗ ਦੇ ਵਿਦਿਆਰਥੀ ਰਹੇ ਨੌਜਵਾਨ ਨੇ ਬਣਾਏ 500 ਦੇ ਨੋਟ, ਕਾਬੂ
NEXT STORY