ਸੁਲਤਾਨਪੁਰ ਲੋਧੀ (ਧੀਰ) - ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਆਉਣ ਵਾਲੇ ਦਿਨਾਂ ’ਚ ਗਰਮੀ ਦੇ ਨਾਲ ਤੇਜ਼ ਲੂ ਦੇ ਚੱਲਣ ਨਾਲ ਤਪਿਸ਼ ਹੋਰ ਵਧੇਗੀ, ਜਿਸ ਕਾਰਨ ਰਾਤ ਨੂੰ ਬੇਚੈਨ ਕਰਨ ਵਾਲੀ ਗਰਮੀ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਅਜਿਹੇ ਸਮੇਂ ’ਚ ਲੋਕ ਜਿੱਥੇ ਗਰਮ ਹਵਾਵਾਂ ਤੋਂ ਬਚਾਅ ਲਈ ਘਰਾਂ ’ਚ ਨਿਕਲਣਾ ਬੰਦ ਕਰ ਦੇਣਗੇ ਤੇ ਠੰਡੇ ਪਾਣੀ ਦੀ ਡਿਮਾਂਡ ਵਧੇਗੀ ਪਰ ਰੈਫਰੀਜਰੇਟਰ, ਵਾਟਰ ਕੂਲਰ ਤੇ ਠੰਡੇ ਪਾਣੀ ਦੇ ਕੈਂਪਰ ਦੀ ਉਪਲੱਬਧਤਾ ਦੇ ਇਸ ਆਧੁਨਿਕ ਯੁੱਗ ’ਚ ਮਿੱਟੀ ਦੇ ਬਣੇ ‘ਦੇਸੀ ਫਰਿੱਜ’ (ਘੜੇ) ਦੀ ਡਿਮਾਂਡ ਵਧਣੀ ਸ਼ੁਰੂ ਹੋ ਗਈ ਹੈ।
ਇਕ ਪਾਸੇ ਜਿੱਥੇ ਆਧੁਨਿਕ ਯੁੱਗ ’ਚ ਮਿੱਟੀ ਦੇ ਬਣੇ ‘ਦੇਸੀ ਫਰਿੱਜ’ (ਘੜੇ) ਦੀ ਡਿਮਾਂਡ ਵਧਣੀ ਸ਼ੁਰੂ ਹੋਈ ਹੈ, ਉਥੇ ਮਹਿੰਗਾਈ ਦੀ ਮਾਰ ਦਾ ਅਸਰ ਵੀ ਇਨ੍ਹਾਂ ’ਤੇ ਸਾਫ ਦਿਖਾਈ ਦੇ ਰਿਹਾ ਹੈ। ਹਾਲਾਤ ਇਹ ਹਨ ਕਿ ਜੋ ਘੜੇ ਕੁਝ ਸਾਲ ਪਹਿਲਾਂ 70 ਜਾਂ 80 ਰੁਪਏ ’ਚ ਆਸਾਨੀ ਨਾਲ ਮਿਲ ਜਾਂਦਾ ਸੀ ਹੁਣ ਉਹ 3 ਗੁਣਾ ਰੇਟਾਂ ’ਤੇ 200-250 ਰੁਪਏ ’ਚ ਵਿਕ ਰਿਹਾ ਹੈ, ਜਦਕਿ ਉਸ ਸਾਈਜ਼ ਦੇ ਘੜੇ ਵੀ ਪਹਿਲਾਂ ਨਾਲੋਂ ਦੁਗਣੇ ਰੇਟਾਂ ’ਤੇ ਪਹੁੰਚ ਗਏ ਹਨ। ਘੁਮਿਆਰ ਸਤਪਾਲ ਪ੍ਰਜਾਪਤ ਦਾ ਕਹਿਣਾ ਹੈ ਕਿ ਇੱਥੋਂ ਦੇ ਬਣੇ ਘੜੇ ਤਾਂ 200 ਜਾਂ 250 ਰੁਪਏ ਤੱਕ ਮਿਲਣੇ ਸ਼ੁਰੂ ਹੋ ਜਾਂਦੇ ਹਨ ਪਰ ਅਹਿਮਦਾਬਾਦ (ਗੁਜਰਾਤ) ਦੇ ਬਣੇ ਘੜਿਆਂ ਦੀ ਕਾਫੀ ਡਿਮਾਂਡ ਵਧਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਕਈ ਲੋਕ ਅਹਿਮਦਾਬਾਦ ਦਾ ਬਣਿਆ ਘੜਾ ਸਾਡੇ ਤੋਂ ਵੀ ਦੁਗਣੇ ਰੇਟ 550 ਰੁਪਏ ਦਾ ਮਿਲਦਾ ਹੈ, ਜਿਸ ਨਾਲ ਲੋਕਲ ਬਣਾਉਣ ਵਾਲੇ ਨੂੰ ਕਈ ਵਾਰ ਗਾਹਕ ਤਰਜੀਹ ਨਹੀਂ ਦਿੰਦਾ।
ਪਹਿਲਾਂ ਘੱਟ ਤੇ ਹੁਣ ਫਿਰ ਦੁਬਾਰਾ ਵੱਧਣ ਲੱਗੀ ਮੰਗ
ਘੁਮਿਆਰ ਸਤਪਾਲ ਪ੍ਰਜਾਪਤ ਯਾਦਵ ਨੇ ਦੱਸਿਆ ਕਿ ਇਕ ਸਮਾਂ ਅਜਿਹਾ ਆ ਗਿਆ ਸੀ, ਜਦੋਂ ਮਿੱਟੀ ਦੇ ਬਣੇ ਅਜਿਹੇ ਬਰਤਨਾਂ ਦੀ ਡਿਮਾਂਡ ਬਹੁਤ ਘੱਟ ਗਈ ਸੀ ਤੇ ਗੁਜਾਰਾ ਕਰਨਾ ਮੁਸ਼ਕਲ ਹੋ ਗਿਆ ਸੀ। ਹੁਣ ਹੌਲੀ-ਹੌਲੀ ਫਿਰ ਤੋਂ ਇਸਦੀ ਡਿਮਾਂਡ ਵਧਣੀ ਸ਼ੁਰੂ ਹੋ ਗਈ ਹੈ। ਡਾਕਟਰਾਂ ਵੱਲੋਂ ਆਮ ਆਦਮੀ ਨੂੰ ਲੱਗ ਰਹੀਆਂ ਖ਼ਤਰਨਾਕ ਬੀਮਾਰੀਆਂ ਨੂੰ ਦੇਖਦੇ ਹੋਏ ਫਰਿੱਜ ਦੇ ਪਾਣੀ ਤੋਂ ਦੂਰੀ ਬਣਾਉਣ ਤੇ ਘੜੇ ਦਾ ਪਾਣੀ ਪੀਣ ਲਈ ਕਿਹਾ ਜਾਣ ਲੱਗਾ ਹੈ। ਕੋਵਿਡ ਤੋਂ ਬਾਅਦ ਲੋਕਾਂ ’ਚ ਘੜਿਆਂ ਪ੍ਰਤੀ ਰੁਝਾਨ ਵਧਿਆ ਹੈ, ਇਸ ਕਾਰਨ ਪਿਛਲੇ ਕੁਝ ਸਾਲਾਂ ’ਚ ਇਸਦੀ ਡਿਮਾਂਡ ’ਚ ਕਾਫੀ 30 ਤੋਂ 35 ਫੀਸਦੀ ਵਾਧਾ ਹੋਇਆ ਹੈ। ਨੌਜਵਾਨ ਪੀੜ੍ਹੀ ਵੀ ਹੁਣ ਘੜੇ ਦਾ ਪਾਣੀ ਪੀਣ ਨੂੰ ਤਰਜੀਹ ਦੇਣ ਲੱਗੀ ਹੈ। ਆਉਣ ਵਾਲੇ ਦਿਨਾਂ ’ਚ ਇਸਦੀ ਡਿਮਾਂਡ ਹੋਰ ਵੱਧਣ ਦੀ ਉਮੀਦ ਹੈ।
ਲਾਗਤ ਤੇ ਮਿਹਨਤ ਵਧੀ ਪਰ ਮੁਨਾਫਾ ਹੋਇਆ ਘੱਟ
ਬਲਦੇਵ ਰਾਜ, ਭਗਵਾਨ ਦਾਸ ਨੇ ਦੱਸਿਆ ਕਿ ਵਰਤਮਾਨ ਦੌਰ ’ਚ ਲਗਾਤਾਰ ਵਧਦੀ ਮਹਿੰਗਾਈ ਦਾ ਅਸਰ ਘੁਮਿਆਰ ਪਰਿਵਾਰਾਂ ’ਤੇ ਪਿਆ ਹੈ। ਹਾਲਾਤ ਇਹ ਹੋ ਗਏ ਹਨ ਕਿ ਹੁਣ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਮਿੱਟੀ ਦੀ ਟਰਾਲੀ ਪਹਿਲਾਂ ਜੋ 1000-1500 ਰੁਪਏ ਦੀ ਮਿਲ ਜਾਂਦੀ ਸੀ, ਹੁਣ ਇਸਾਦ ਰੇਟ 5 ਹਜ਼ਾਰ ਤੱਕ ਪਹੁੰਚ ਗਿਆ ਹੈ। ਝੌਨੇ ਦੀ ਫਕ 100 ਰੁਪਏ ਪ੍ਰਤੀ ਪੰਡ, ਪਾਥੀ 200 ਰੁਪਏ ਪ੍ਰਤੀ ਬੋਰੀ ਤੇ ਲੱਕੜ ਦਾ ਬੂਰਾ 6 ਤੋਂ 7 ਰੁਪਏ ਰੁਪਏ ਕਿੱਲੋ ਮਿਲਦਾ ਹੈ, ਜਿਸ ਕਾਰਨ ਹੁਣ ਆਮਦਨ ਨਾਲੋਂ ਖ਼ਰਚ ਜ਼ਿਆਦਾ ਵੱਧ ਗਿਆ। ਅਜਿਹੀ ਹਾਲਤ ’ਚ ਸਰਕਾਰ ਵਲੋਂ ਕੋਈ ਮਦਦ ਨਹੀਂ ਮਿਲਦੀ। ਅਜਿਹੀ ਹਾਲਤ ’ਚ ਕੁਝ ਘੁਮਿਆਰ ਪਰਿਵਾਰਾਂ ਨੂੰ ਇਸ ਤੋਂ ਇਲਾਵਾ ਹੋਰ ਵਪਾਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੁਝ ਪਰਿਵਾਰ ਜੋ ਇਸ ਪੇਸ਼ੇ ਨਾਲ ਜੁੜੇ ਹੋਏ ਹਨ, ਉਨ੍ਹਾਂ ਵੱਲੋਂ ਘੜੇ ਤੇ ਦੀਵੇ ਬਣਾਉਣ ਦੀ ਥਾਂ ਸੀਮੈਂਟ ਦੀ ਟੈਂਕੀ ਬਣਾਉਣ ਦਾ ਵੀ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ।
ਜ਼ਿਆਦਾਤਰ ਪਰਿਵਾਰਾਂ ਨੇ ਛੱਡਿਆ ਧੰਦਾ
ਆਧੁਨਿਕ ਯੁੱਗ ’ਚ ਰੈਫਰੀਜਰੇਟਰ ਵਾਟਰ ਕੂਲਰ ਦੀ ਡਿਮਾਂਡ ਵੱਧਣ ਕਾਰਨ ਇਸ ਪੇਸ਼ੇ ਨਾਲ ਜੁੜੇ ਵੱਡੀ ਗਿਣਤੀ ’ਚ ਪਰਿਵਾਰਾਂ ਨੇ ਇਸ ਧੰਦੇ ਤੋਂ ਤੌਬਾ ਕਰ ਲਈ ਹੈ। ਘੜਾ ਵਪਾਰੀ ਅਨੁਸਾਰ ਮਿੱਟੀ ਦੇ ਬਣੇ ਬਰਤਨਾਂ, ਘੜੇ, ਦੀਵੇ ਬਣਾਉਣ ਵਾਲੇ ਪਰਿਵਾਰਾਂ ਦਾ ਰੁਝਾਨ ਹੁਣ ਪੁਸ਼ਤੈਨੀ ਕੰਮ ਤੋਂ ਹਟਦਾ ਜਾ ਰਿਹਾ ਹੈ। ਇਸਦਾ ਮੁੱਖ ਕਾਰਨ ਆਧੁਨਿਕ ਯੁੱਗ ਦੇ ਨਾਲ ਆਧੁਨਿਕ ਵਸਤੂਆਂ ਦੀ ਲੋਕਾਂ ਵੱਲੋਂ ਜ਼ਿਆਦਾ ਮੰਗ ’ਤੇ ਕਿਸੇ ਤਰ੍ਹਾਂ ਦਾ ਪ੍ਰੋਤਸਾਹਨ ਨਹੀਂ ਮਿਲਦਾ ਹੈ। ਇਸ ਕਾਰਨ ਪਹਿਲਾਂ ਪਾਵਨ ਨਗਰੀ ’ਚ ਪਹਿਲਾਂ 50 ਦੇ ਕਰੀਬ ਪਰਿਵਾਰ ਇਹ ਧੰਦਾ ਕਰਦੇ ਸਨ, ਜੋ ਹੁਣ ਘੱਟ ਕੇ ਸਿਰਫ਼ 5-6 ਰਹਿ ਗਏ ਹਨ। ਪਹਿਲਾਂ ਜਿੱਥੇ ਪੂਰਾ ਪਰਿਵਾਰ ਇਹ ਕੰਮ ਕਰਦਾ ਸੀ ਹੁਣ ਨਵੀਂ ਪੀੜ੍ਹੀ ਨੇ ਇਹ ਕੰਮ ਕਰਨ ਤੋਂ ਤੌਬਾ ਕਰ ਲਈ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਰਵਨੀਤ ਬਿੱਟੂ ਦਾ ਵੱਡਾ ਬਿਆਨ
NEXT STORY