ਹੁਸ਼ਿਆਰਪੁਰ (ਘੁੰਮਣ)-ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਸੰਘਰਸ਼ਸ਼ੀਲ ਜਥੇਬੰਦੀ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ਦੀ ਵਾਅਦਾ-ਖਿਲਾਫੀ ਵਿਰੁੱਧ ਸ਼ੁਰੂ ਕੀਤੇ ਸੰਘਰਸ਼ ਦੇ ਤਹਿਤ ਕੀਤੀਆਂ ਜਾ ਰਹੀਆਂ ਜ਼ਿਲਾ ਪੱਧਰੀ ਅਰਥੀ ਫੂਕ ਰੈਲੀਆਂ ਦੇ ਤਹਿਤ ਅੱਜ ਸੰਘਰਸ਼ ਕਮੇਟੀ ਦੀ ਜ਼ਿਲਾ ਇਕਾਈ ਵੱਲੋਂ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਜ਼ਿਲਾ ਕਨਵੀਨਰ ਰਾਮਜੀਦਾ ਚੌਹਾਨ, ਮੁਕੇਸ਼ ਕੁਮਾਰ, ਕੁਲਵੰਤ ਸਿੰਘ, ਦਵਿੰਦਰ ਬਾਹੋਵਾਲ ਦੀ ਅਗਵਾਈ ਹੇਠ ਇਕ ਜ਼ਿਲਾ ਪੱਧਰੀ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਇੰਦਰਜੀਤ ਵਿਰਦੀ, ਮੱਖਣ ਸਿੰਘ ਵਾਹਿਦਪੁਰੀ, ਹਰਨਿੰਦਰ ਕੌਰ, ਪ੍ਰਿੰਸੀਪਲ ਪਿਆਰਾ ਸਿੰਘ, ਸੁਨੀਲ ਸ਼ਰਮਾ, ਕਮਲਜੀਤ ਕੌਰ, ਡਾ. ਤਰਲੋਚਨ ਸਿੰਘ, ਸੁਖਦੇਵ ਡਾਨਸੀਵਾਲ, ਰਾਮ ਪ੍ਰਸਾਦ ਨੇ ਕਿਹਾ ਕਿ ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਮੁਲਾਜ਼ਮ, ਪੈਨਸ਼ਨਰ ਵਿਰੋਧੀ ਨੀਤੀਆਂ ਨੂੰ ਬਡ਼ੀ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ, ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਵੱਲੋਂ ਪਹਿਲਾਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਖਤਮ ਕਰ ਕੇ ਘਰ ਬਿਠਾ ਦਿੱਤਾ ਗਿਆ ਹੈ, ਤੇਜ਼ੀ ਨਾਲ ਵਧ ਰਹੀ ਮਹਿੰਗਾਈ ਦੇ ਇਵਜ਼ ਵਜੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿੱਤੀਆਂ ਜਾਂਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਵੀ ਕੇਂਦਰ ਨਾਲੋਂ ਡੀ-ਲਿੰਕ ਕੀਤਾ ਜਾ ਰਿਹਾ ਹੈ, ਆਪਣੀਆਂ ਮੰਗਾਂ ਖਾਤਰ ਸੰਘਰਸ਼ ਕਰਦੇ ਮੁਲਾਜ਼ਮਾਂ ’ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ ਅਤੇ ਝੂਠੇ ਪੁਲਸ ਕੇਸ ਬਣਾਏ ਜਾ ਰਹੇ ਹਨ, ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਲਈ ਬਣਾਈ ਕੈਬਨਿਟ ਸਬ ਕਮੇਟੀ ਵੱਲੋਂ ਵੀ ਸੰਘਰਸ਼ ਕਮੇਟੀ ਨਾਲ ਮੀਟਿੰਗਾਂ ਵਿਚ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਦਾ ਮੁਲਾਜ਼ਮ ਮੰਗਾਂ ਪ੍ਰਤੀ ਇਹੀ ਰਵੱਈਆ ਰਿਹਾ ਤਾਂ ਸਰਕਾਰ ਦਾ ਹਰ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ ਅਤੇ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰਾਂ ਦਾ ਵਿਰੋਧ ਕਰਦੇ ਹੋਏ ਲੋਕਾਂ ਦੀ ਕਚਹਿਰੀ ਵਿਚ ਸਰਕਾਰ ਦਾ ਮੁਲਾਜ਼ਮ, ਪੈਨਸ਼ਨਰ, ਕਿਸਾਨ, ਲੋਕ ਵਿਰੋਧੀ ਚਿਹਰਾ ਨੰਗਾ ਕੀਤਾ ਜਾਵੇਗਾ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਮੁਲਾਜ਼ਮਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਪ੍ਰਕਾਰ ਦੇ ਕੱਚੇ ਕਾਮਿਆਂ ਦੀਆਂ ਸੇਵਾਵਾਂ ਨੂੰ ਪੂਰੇ ਗ੍ਰੇਡਾਂ ਅਤੇ ਭੱਤਿਆਂ ਸਹਿਤ ਉਨ੍ਹਾਂ ਦੇ ਪਿਤਰੀ ਵਿਭਾਗਾਂ ਵਿਚ ਰੈਗੂਲਰ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆਂ ਦਾ ਨਕਦ ਰੂਪ ਵਿਚ ਭੁਗਤਾਨ ਤੁਰੰਤ ਕੀਤਾ ਜਾਵੇ, ਤਨਖਾਹ ਕਮਿਸ਼ਨ ਦੀ ਰਿਪੋਟਰ ਨੂੰ ਜਨਵਰੀ 2016 ਤੋਂ ਤੁਰੰਤ ਲਾਗੂ ਕੀਤਾ ਜਾਵੇ, 1-1-2004 ਤੋਂ ਭਰਤੀ ਮੁਲਾਜ਼ਮਾਂ ਤੇ ਕੰਟਰੀਬਿਊਟਰੀ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਆਂਗਣਵਾਡ਼ੀ, ਮਿੱਡ-ਡੇ ਮੀਲ, ਆਸ਼ਾ ਵਰਕਰਾਂ ਤੇ ਘੱਟੋ-ਘੱਟ ਉਜਰਤ ਲਾਗੂ ਕੀਤੀ ਜਾਵੇ, ਖਜ਼ਾਨਿਆਂ ’ਤੇ ਲਗਾਈ ਰੋਕ ਨੂੰ ਤੁਰੰਤ ਹਟਾਇਆ ਜਾਵੇ, ਸਾਲਾਨਾ 2400 ਰੁਪਏ ਕੱਟਿਆ ਜਾਂਦਾ ਜਜੀਆ ਟੈਕਸ ਬੰਦ ਕੀਤਾ ਜਾਵੇ, ਮੁਲਾਜ਼ਮ ਦੋਖੀ ਪੱਤਰ ਵਾਪਸ ਲਏ ਜਾਣ, ਦਰਜਾ ਚਾਰ, ਡਰਾਈਵਰਾਂ ਅਤੇ ਹੋਰ ਵਰਦੀਧਾਰੀ ਮੁਲਾਜ਼ਮਾਂ ਨੂੰ ਨਕਦ ਵਰਦੀ ਭੱਤਾ ਦਿੱਤਾ ਜਾਵੇ। ਧਰਨੇ ਉਪਰੰਤ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋਡ਼ਾ ਦੀ ਰਿਹਾਇਸ਼ ਵੱਲ ਮਾਰਚ ਕੀਤਾ ਗਿਆ ਅਤੇ ਗੌਰਮਿੰਟ ਕਾਲਜ ਚੌਕ ਵਿਚ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਮੱਖਣ ਸਿੰਘ ਲੰਗੇਰੀ, ਮਨਜੀਤ ਬਾਜਵਾ, ਮਹਿੰਦਰ ਸਿੰਘ ਹੀਰ ਆਦਿ ਆਗੂ ਵੀ ਹਾਜ਼ਰ ਸਨ।
'ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਲਾਹੌਰ 'ਚ ਦਿੱਤੀ ਜਾਵੇਗੀ ਸ਼ਰਧਾਂਜਲੀ'
NEXT STORY