ਜਲੰਧਰ (ਖੁਰਾਣਾ) – ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸੱਤਾ ’ਤੇ ਕਾਬਿਜ਼ ਹੋਇਆਂ ਸਾਢੇ 3 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਅਤੇ ਅਜਿਹੇ ’ਚ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਡੇਢ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ। ਅਜਿਹੀ ਸਥਿਤੀ ’ਚ ਨਗਰ ਨਿਗਮ ਕੋਸ਼ਿਸ਼ ਕਰ ਰਿਹਾ ਹੈ ਕਿ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਜਲਦ ਨਿਪਟਾਇਆ ਜਾਵੇ ਤਾਂ ਕਿ ਉਨ੍ਹਾਂ ਦਾ ਚੋਣਾਂ ਵਿਚ ਲਾਭ ਉਠਾਇਆ ਜਾ ਸਕੇ। ਸ਼ਹਿਰ ’ਚ ਚਰਚਾ ਹੈ ਕਿ ਅਜਿਹੀ ਜਲਦਬਾਜ਼ੀ ਦੇ ਚੱਕਰ ’ਚ ਜਲੰਧਰ ਨਗਰ ਨਿਗਮ ਇਕ ਨਵਾਂ ਤਜਰਬਾ ਕਰ ਰਿਹਾ ਹੈ, ਜਿਸ ਤਹਿਤ ਸ਼ਹਿਰ ਦੀਆਂ ਮੇਨ ਸੜਕਾਂ ਨੂੰ ਵੀ ਇੰਟਰਲਾਕਿੰਗ ਟਾਈਲਾਂ ਨਾਲ ਬਣਾਇਆ ਜਾ ਰਿਹਾ ਹੈ।
ਇਨ੍ਹੀਂ ਦਿਨੀਂ ਸਥਾਨਕ ਰੇਲਵੇ ਰੋਡ, ਜੋ ਭਗਤ ਸਿੰਘ ਚੌਕ ਤੋਂ ਸ਼ੁਰੂ ਹੁੰਦੀ ਹੈ ਅਤੇ ਲਕਸ਼ਮੀ ਸਿਨੇਮਾ ਵੱਲ ਜਾਂਦੀ ਹੈ, ਉਸ ਮੇਨ ਸੜਕ ਨੂੰ ਇੰਟਰਲਾਕਿੰਗ ਟਾਈਲਾਂ ਨਾਲ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਦੂਸਰੀ ਸੜਕ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਮੇਨ ਰੋਡ ਹੈ। ਰੇਲਵੇ ਰੋਡ ਦੀ ਗੱਲ ਕਰੀਏ ਤਾਂ ਇਹ ਸੜਕ ਲਗਭਗ 50 ਫੁੱਟ ਚੌੜੀ ਹੈ ਅਤੇ ਪੂਰੀ ਤਰ੍ਹਾਂ ਕਮਰਸ਼ੀਅਲ ਹੈ। ਇਥੇ ਬੱਸਾਂ ਅਤੇ ਹੋਰ ਭਾਰੀ ਵਾਹਨ ਵੀ ਆਉਂਦੇ-ਜਾਂਦੇ ਹਨ। ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਮੇਨ ਸੜਕ ’ਤੇ ਵੀ ਦੋਵੇਂ ਪਾਸੇ ਦੁਕਾਨਾਂ ਹਨ ਅਤੇ ਨਾਗਰਾ ਤੇ ਦਰਜਨਾਂ ਕਾਲੋਨੀਆਂ ਨੂੰ ਜਾਣ ਦਾ ਇਹ ਮੁੱਖ ਮਾਰਗ ਹੈ। ਇਸ ਤੋਂ ਇਲਾਵਾ ਇਸ ਖੇਤਰ ’ਚ ਟਾਈਲਾਂ ਦੇ ਵੱਡੇ ਗੋਦਾਮ ਅਤੇ ਐੱਲ. ਪੀ. ਜੀ. ਦਾ ਗੋਦਾਮ ਵੀ ਹੈ, ਜਿਸ ਦੇ ਵੱਡੇ-ਵੱਡੇ ਟਰੱਕ ਇਸ ਸੜਕ ਉੱਤੋਂ ਲੰਘਦੇ ਹਨ।
ਨਿਗਮ ਨੇ ਜਦੋਂ ਇਨ੍ਹਾਂ ਦੋਵਾਂ ਸੜਕਾਂ ਨੂੰ ਇੰਟਰਲਾਕਿੰਗ ਟਾਈਲਾਂ ਨਾਲ ਬਣਾਉਣ ਦਾ ਫੈਸਲਾ ਲਿਆ ਤਾਂ ਇਕ ਵਾਰ ਤਾਂ ਲੋਕਾਂ ਨੂੰ ਕਾਫੀ ਹੈਰਾਨੀ ਹੋਈ ਪਰ ਹੁਣ ਦੋਵਾਂ ਸੜਕਾਂ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੜਕਾਂ ਨੂੰ ਬਣਾਉਣ ਦੀ ਜਲਦਬਾਜ਼ੀ ’ਚ ਜੇਕਰ ਨਿਗਮ ਦਾ ਇਹ ਤਜਰਬਾ ਫੇਲ੍ਹ ਹੋਇਆ ਤਾਂ ਉਸ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਸਕਦਾ ਹੈ ਕਿਉਂਕਿ ਰੇਲਵੇ ਰੋਡ ਨੂੰ ਬਣਾਉਣ ਦੇ ਕੰਮ ’ਤੇ ਵੀ 40 ਲੱਖ ਤੋਂ ਵੱਧ ਦਾ ਖਰਚ ਹੋਣਾ ਹੈ ਅਤੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਮੇਨ ਸੜਕ ਵੀ ਲਗਭਗ 30 ਲੱਖ ਰੁਪਏ ਨਾਲ ਬਣੇਗੀ। ਉਂਝ ਨਿਗਮ ਦੇ ਅਧਿਕਾਰੀ ਮੰਨਦੇ ਹਨ ਕਿ ਇਥੇ ਕੰਕਰੀਟ ਵਾਲੀਆਂ ਸੜਕਾਂ ਵਧੇਰੇ ਕਾਰਗਰ ਸਨ ਪਰ ਇਸ ਕੰਮ ਲਈ ਖੇਤਰ ਦੇ ਲੋਕਾਂ ਨੂੰ ਲੰਮੇ ਸਮੇਂ ਤਕ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੀ, ਜਿਸ ਕਾਰਣ ਦੋਵਾਂ ਸੜਕਾਂ ਨੂੰ ਇੰਟਰਲਾਕਿੰਗ ਟਾਈਲਾਂ ਨਾਲ ਬਣਾਉਣ ਦਾ ਫੈਸਲਾ ਲਿਆ ਗਿਆ।
ਅਕਾਲੀ-ਭਾਜਪਾ ਸਰਕਾਰ ਨੇ ਲਾ ਦਿੱਤੀ ਸੀ ਪਾਬੰਦੀ
ਇੰਟਰਲਾਕਿੰਗ ਟਾਈਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਵਰਤੋਂ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਸ਼ੁਰੂ ਹੋਈ ਸੀ, ਜਦੋਂ ਗਲੀ-ਮੁਹੱਲਿਆਂ ਦੀਆਂ ਛੋਟੀਆਂ ਸੜਕਾਂ ਨੂੰ ਇੰਟਰਲਾਕਿੰਗ ਟਾਈਲਾਂ ਨਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਉਦੋਂ ਇਕ ਵਾਰ ਪੰਜਾਬ ਦੇ ਤੱਤਕਾਲੀਨ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੰਟਰਲਾਕਿੰਗ ਟਾਈਲਾਂ ਦੀ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਸੀ ਅਤੇ ਟਾਈਲਾਂ ਨਾਲ ਸੜਕ ਬਣਾਉਣ ਦਾ ਕੰਮ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਨਿਗਮ ਨੇ ਕੁਝ ਸਥਾਨਾਂ ’ਤੇ ਇੰਟਰਲਾਕਿੰਗ ਟਾਈਲਾਂ ਦਾ ਕੰਮ ਜਾਰੀ ਰੱਖਿਆ ਅਤੇ ਹੁਣ ਤਾਂ ਸ਼ਹਿਰ ਦੀਆਂ ਮੇਨ ਸੜਕਾਂ ਨੂੰ ਬਣਾਉਣ ਦਾ ਕੰਮ ਹੀ ਟਾਈਲਾਂ ਨਾਲ ਕੀਤਾ ਜਾਣ ਲੱਗਾ ਹੈ।
ਪੁਰਾਣੀਆਂ ਸੜਕਾਂ ਨੂੰ ਪੁੱਟੇ ਬਿਨਾਂ ਬਣ ਰਹੀਆਂ ਨੇ ਨਵੀਆਂ
ਸ਼ਹੀਦ ਭਗਤ ਸਿੰਘ ਚੌਕ ਤੋਂ ਸ਼ੁਰੂ ਹੋਣ ਵਾਲੀ ਰੇਲਵੇ ਰੋਡ ਦੀ ਗੱਲ ਕਰੀਏ ਤਾਂ ਇਥੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਨਾਲ-ਨਾਲ ਇਕ ਹੋਰ ਨਵਾਂ ਤਜਰਬਾ ਨਗਰ ਨਿਗਮ ਵਲੋਂ ਕੀਤਾ ਜਾ ਰਿਹਾ ਹੈ। ਇਥੇ ਪੁਰਾਣੀ ਸੜਕ ਨੂੰ ਪੁੱਟਿਆ ਹੀ ਨਹੀਂ ਗਿਆ ਅਤੇ ਕੰਕਰੀਟ ਵਾਲੀ ਪੁਰਾਣੀ ਸੜਕ ਉੱਪਰ ਹੀ ਰੇਤ ਅਤੇ ਪੱਥਰ ਆਦਿ ਦੀ ਤਹਿ ਬਣਾ ਕੇ ਉਸ ਉੱਪਰ ਇੰਟਰਲਾਕਿੰਗ ਟਾਈਲਾਂ ਲਾਈਆਂ ਜਾ ਰਹੀਆਂ ਹਨ। ਭਾਵੇਂ ਟਾਈਲਾਂ ਦੀ ਕੁਆਲਿਟੀ ਕਾਫੀ ਚੰਗੀ ਹੈ ਅਤੇ ਉਸ ਦਾ ਬੇਸ ਵੀ ਸਹੀ ਬਣਾਇਆ ਜਾ ਰਿਹਾ ਹੈ ਪਰ ਦੇਖਣ ਵਾਲੀ ਗੱਲ ਹੋਵੇਗੀ ਕਿ ਜੇਕਰ ਰੇਲਵੇ ਰੋਡ ’ਤੇ ਭਰਦੇ ਬਰਸਾਤੀ ਪਾਣੀ ਨੇ ਇਸ ਰੇਤ ਅਤੇ ਪੱਥਰ ਦੀ ਤਹਿ ਨੂੰ ਖਰਾਬ ਕਰ ਦਿੱਤਾ ਤਾਂ ਇੰਟਰਲਾਕਿੰਗ ਟਾਈਲਾਂ ਦਾ ਲੈਵਲ ਗੜਬੜਾ ਵੀ ਸਕਦਾ ਹੈ। ਪੁਰਾਣੀ ਸੜਕ ਨੂੰ ਨਾ ਪੁੱਟੇ ਜਾਣ ਕਾਰਣ ਇਸ ਦਾ ਲੈਵਲ ਵੀ ਕੁਝ ਉੱਚਾ ਹੋ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇੰਟਰਲਾਕਿੰਗ ਟਾਈਲਾਂ ਨਾਲ ਬਣਾਈਆਂ ਜਾ ਰਹੀਆਂ ਇਹ ਮੇਨ ਸੜਕਾਂ ਕਿੰਨੇ ਸਾਲ ਚੱਲਦੀਆਂ ਹਨ।
ਪਿਸਤੌਲ ਵਿਖਾ ਕੇ ਲੁੱਟਾਂ-ਖੋਹਾਂ ਕਰਨ ਵਾਲੇ 2 ਲੁਟੇਰਿਆਂ ਦੇ ਪੁਲਸ ਵੱਲੋਂ ਸਕੈੱਚ ਜਾਰੀ
NEXT STORY