ਡੇਰਾਬੱਸੀ (ਅਨਿਲ) - ਜੰਗਲਾਤ ਵਿਭਾਗ ਦੀ ਕਰੋੜਾਂ ਰੁਪਏ ਦੀ ਜ਼ਮੀਨ 'ਤੇ ਸ਼ੋਅਰੂਮ ਬਣਾਉਣ ਲਈ ਅੱਜ ਡੇਰਾਬੱਸੀ ਵਿਖੇ ਸ਼ਹਿਰ ਦੇ ਇਕ ਕਾਂਗਰਸੀ ਆਗੂ ਦੇ ਸਕੇ ਭਰਾ ਵਲੋਂ ਨਗਰ ਕੌਂਸਲ ਦੀ ਮਿਲੀਭੁਗਤ ਨਾਲ ਨਾਜਾਇਜ਼ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜੰਗਲਾਤ ਵਿਭਾਗ ਵਲੋਂ ਇਸ ਨਾਜਾਇਜ਼ ਕਬਜ਼ੇ ਨੂੰ ਰੋਕਣ ਤੇ ਆਪਣੇ ਮੁਲਾਜ਼ਮਾਂ ਨੂੰ ਧਮਕੀਆਂ ਦੇਣ ਦੇ ਦੋਸ਼ ਵਿਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਲਈ ਲਿਖਿਆ ਗਿਆ ਹੈ।
ਵਿਭਾਗ ਨੇ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਨ੍ਹਾਂ ਦੇ ਫੋਰੈਸਟਰ ਬਲਾਕ ਇੰਚਾਰਜ ਡੇਰਾਬੱਸੀ ਨਰਿੰਦਰ ਕੁਮਾਰ ਤੇ ਬੀੜ ਇੰਚਾਰਜ ਬਲਦੇਵ ਰਾਜ ਜਦੋਂ ਸਵੇਰੇ 11 ਵਜੇ ਬੀੜ ਦਾ ਦੌਰਾ ਕਰ ਰਹੇ ਸੀ ਤਾਂ ਵੇਖਿਆ ਕਿ ਮਾਧੋਪੁਰ ਰਕਬੇ ਦੀ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਉਪਰੋਕਤ ਵਿਅਕਤੀ ਨਾਜਾਇਜ਼ ਉਸਾਰੀ ਕਰਵਾ ਰਿਹਾ ਸੀ। ਜਦੋਂ ਉਨ੍ਹਾਂ ਉਸ ਨੂੰ ਕਿਹਾ ਕਿ ਇਹ ਜਗ੍ਹਾ ਜੰਗਲਾਤ ਵਿਭਾਗ ਦੀ ਹੈ ਤੇ ਇਸ 'ਤੇ ਉਸਾਰੀ ਤੁਰੰਤ ਬੰਦ ਕਰ ਦਿੱਤੀ ਜਾਵੇ, ਤਾਂ ਉਸ ਨੇ ਕਥਿਤ ਤੌਰ 'ਤੇ ਧਮਕੀ ਦਿੰਦੇ ਹੋਏ ਕਿਹਾ ਕਿ ਭਾਵੇਂ ਕਿਸੇ ਵੀ ਵੱਡੇ ਅਫਸਰ ਨੂੰ ਬੁਲਾ ਲਓ, ਉਸਾਰੀ ਦਾ ਕੰਮ ਨਹੀਂ ਰੋਕਿਆ ਜਾਵੇਗਾ।
ਵਿਭਾਗ ਦੇ ਮੁਲਾਜ਼ਮਾਂ ਨੇ ਉਕਤ ਸ਼ਿਕਾਇਤ ਦੇ ਨਾਲ ਪੁਰਾਣੀ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਜੰਗਲਾਤ ਵਿਭਾਗ ਦੇ ਪੱਤਰ 12 ਫਰਵਰੀ 2017 ਤੇ 110 ਤਹਿਤ 28 ਜੂਨ 2017 ਨੂੰ ਉਪਰੋਕਤ ਵਿਅਕਤੀ ਖਿਲਾਫ ਪਹਿਲਾਂ ਵੀ ਸਰਕਾਰੀ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਸਬੰਧੀ ਕਾਰਵਾਈ ਲਈ ਲਿਖਿਆ ਗਿਆ ਸੀ। ਰੇਂਜ ਅਫਸਰ ਵਲੋਂ ਪੁਲਸ ਤੋਂ ਮੰਗ ਕੀਤੀ ਗਈ ਕਿ ਉਕਤ ਵਿਅਕਤੀ ਖਿਲਾਫ ਧਾਰਾ 353, 186 ਤੇ ਹੋਰ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ।
ਜੰਗਲਾਤ ਦੀ ਜ਼ਮੀਨ 'ਤੇ ਨਹੀਂ ਹੋਣ ਦਿੱਤਾ ਜਾਵੇਗਾ ਕਬਜ਼ਾ : ਧਰਮਸੌਤ : ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਕਿਸੇ ਵੀ ਕੀਮਤ 'ਤੇ ਜੰਗਲਾਤ ਵਿਭਾਗ ਦੀ ਕੀਮਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਿਕਮੇ ਵਲੋਂ ਸੂਚਨਾ ਮਿਲਣ 'ਤੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਉਪਰੋਕਤ ਵਿਅਕਤੀ ਨੇ ਉਸ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਸ ਜ਼ਮੀਨ ਨਾਲ ਉਸਦਾ ਕੋਈ ਵੀ ਲੈਣ-ਦੇਣ ਨਹੀਂ ਹੈ।
ਬੇਰੀ ਜੀ! ਰਾਮਾ ਮੰਡੀ ਫਲਾਈਓਵਰ 'ਤੇ ਐੱਲ. ਈ. ਡੀ. ਲਾਈਟਾਂ ਤਾਂ ਲਾ ਦਿੱਤੀਆਂ, ਕੂੜੇ ਤੋਂ ਛੁਟਕਾਰਾ ਕਦੋਂ ਮਿਲੇਗਾ?
NEXT STORY