ਜਲੰਧਰ (ਮ੍ਰਿਦੁਲ) : ਜਲੰਧਰ ਲੋਕ ਸਭਾ ਦੀ ਉਪ-ਚੋਣ ਲਈ ਸਰਗਰਮੀਆਂ ਸਿਖਰਾਂ ਵੱਲ ਵਧ ਰਹੀਆਂ ਹਨ ਅਤੇ ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਦੰਗਲ ’ਚ ਉਤਾਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਸਿੰਘ ਸੁੱਖੀ ਨੇ ਦਾਅਵਾ ਕੀਤਾ ਹੈ ਕਿ ਇਸ ਉਪ-ਚੋਣ ’ਚ ਹਲਕੇ ਦੇ ਲੋਕ ਨਫਰਤ ਤੇ ਝੂਠ ਦੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਸੂਰਜ ਇਸੇ ਉਪ-ਚੋਣ ’ਚ ਚੜ੍ਹੇਗਾ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਡਾ. ਸੁੱਖੀ ਨੇ ਪੰਜਾਬ ਦੀ ਦਿਨੋਂ-ਦਿਨ ਗੰਧਲੀ ਹੋ ਰਹੀ ਰਾਜਨੀਤੀ ਅਤੇ ਗਠਜੋੜ ਦੀ ਚੋਣ ਰਣਨੀਤੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਪੇਸ਼ ਹੈ ਗੱਲਬਾਤ ਦਾ ਸਾਰ-ਤੱਤ–
ਇਹ ਵੀ ਪੜ੍ਹੋ : ਕਣਕ ਦੇ MSP ਤੇ ਕੇਂਦਰ ਸਰਕਾਰ ਵੱਲੋਂ ਕੀਤੀ ਕਟੌਤੀ ਦੇ ਅੰਤਰ ਨੂੰ ਭਰਨ ਦੇ ਐਲਾਨ ਨਾਲ ਕਿਸਾਨਾਂ ਨੇ ਲਿਆ ਸੁੱਖ ਦਾ ਸਾਹ
ਸਵਾਲ : ਅਕਾਲੀ ਦਲ-ਬਸਪਾ ਗਠਜੋੜ ਉਪ-ਚੋਣ ’ਚ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਜਨਤਾ ’ਚ ਲੈ ਕੇ ਜਾ ਰਿਹਾ?
ਜਵਾਬ : ਪੰਜਾਬ ’ਚ ਇਸ ਵੇਲੇ ਮੁੱਦੇ ਹੀ ਮੁੱਦੇ ਹਨ। ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਦਾ ਪੂਰੀ ਤਰ੍ਹਾਂ ਜਨਾਜਾ ਨਿਕਲ ਚੁੱਕਿਆ ਹੈ ਅਤੇ ਇਥੇ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ। ਲੋਕ ਸੁਰੱਖਿਅਤ ਨਹੀਂ ਹਨ। ਆਏ ਦਿਨ ਲੁੱਟਾਂ-ਖੋਹਾਂ, ਕਤਲਾਂ ਤੇ ਡਕੈਤੀਆਂ ’ਚ ਵਾਧਾ ਹੋ ਰਿਹਾ ਹੈ ਪਰ ਮਾਨ ਸਰਕਾਰ ਹੱਥ ’ਤੇ ਹੱਥ ਰੱਖ ਕੇ ਬੈਠੀ ਹੈ। ਗਠਜੋੜ ਜਨਤਾ ਨੂੰ ਦੱਸੇਗਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਅਮਨ-ਚੈਨ ਨਾਲ ਵੱਸਦਾ ਪੰਜਾਬ ਪਿਛਲੇ 6 ਸਾਲਾਂ ’ਚ ਹੀ ਅੱਗ ਦਾ ਗੋਲਾ ਬਣ ਗਿਆ ਹੈ। ਪਹਿਲਾਂ ਤਾਂ ਕਾਂਗਰਸ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਹੁਣ ‘ਆਪ’ ਸਰਕਾਰ ਲੋਕਾਂ ਨੂੰ ਝੂਠ ਦੇ ਸਹਾਰੇ ਗੁੰਮਰਾਹ ’ਚ ਕਰਨ ਲੱਗੀ ਹੋਈ ਹੈ। ਅਕਾਲੀ ਦਲ ਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ’ਚ ਜਿੰਨੇ ਵਿਕਾਸ ਦੇ ਕੰਮ ਹੋਏ, ਓਨੇ ਕੰਮ ਇਹ ਸਰਕਾਰਾਂ ਕਦੇ ਵੀ ਨਹੀਂ ਕਰਵਾ ਸਕਦੀਆਂ ਕਿਉਂਕਿ ‘ਆਪ’ ਨੂੰ ਤਾਂ ਪੰਜਾਬ ਪ੍ਰਤੀ ਕੋਈ ਹਮਦਰਦੀ ਹੀ ਨਹੀਂ। ਇਹ ਸਰਕਾਰ ਤਾਂ ਬਦਲ ਦੇ ਨਾਂਅ ’ਤੇ ਆਈ ਹੈ ਅਤੇ ਇਸ ਨੂੰ ਕੇਂਦਰ ਤੋਂ ਦਿੱਲੀ ਦੇ ਮੁੱਖ ਮੰਤਰੀ ਚਲਾ ਰਹੇ ਹਨ। ਅਕਾਲੀ ਸਰਕਾਰ ਦੌਰਾਨ ਸੂਬੇ ’ਚ ਸੜਕਾਂ ਦਾ ਜਾਲ ਵਿਛਿਆ, ਏਅਰਪੋਰਟ ਬਣੇ, ਬਿਜਲੀ ਦੇ ਨਵੇਂ ਥਰਮਲ ਪਲਾਂਟ ਲੱਗੇ, ਸ਼ਹਿਰਾਂ ਤੇ ਹੋਰਨਾਂ ਥਾਵਾਂ ’ਤੇ ਫਲਾਈਓਵਰ ਬਣਾਏ ਗਏ ਤਾਂ ਜੋ ਟਰੈਫਿਕ ’ਚ ਕੋਈ ਵਿਘਨ ਨਾ ਪਏ। ਗਰੀਬ ਲੋਕਾਂ ਨੂੰ ਆਟਾ-ਦਾਲ ਤੇ ਸ਼ਗਨ ਸਕੀਮ ਦਿੱਤੀ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਅਸੀਂ ਆਪਣੇ ਰਾਜ ਦੀਆਂ ਪ੍ਰਾਪਤੀਆਂ ਅਤੇ ਇਨ੍ਹਾਂ ਦੋਵਾਂ ਸਰਕਾਰਾਂ ਦੀਆਂ ਨਲਾਇਕੀਆਂ ਜਨਤਾ ਦੀ ਕਚਹਿਰੀ ’ਚ ਲੈ ਕੇ ਜਾਵਾਂਗੇ।
ਸਵਾਲ : ਤੁਸੀਂ ਕਹਿੰਦੇ ਹੋ ਕਿ ਸੂਬੇ ’ਚ ਨਫਰਤ ਦੀ ਰਾਜਨੀਤੀ ਫੈਲਾਈ ਜਾ ਰਹੀ ਹੈ, ਉਹ ਕਿਹੜੀ ਪਾਰਟੀ ਹੈ ਸਪਸ਼ਟ ਕਰੋ?
ਜਵਾਬ : ਭਾਰਤੀ ਜਨਤਾ ਪਾਰਟੀ ਦਾ ਏਜੰਡਾ ਹੀ ਦੇਸ਼ ’ਚ ਨਫ਼ਰਤ ਦੀ ਰਾਜਨੀਤੀ ਫੈਲਾਅ ਕੇ ਸੱਤਾ ’ਤੇ ਕਾਬਜ਼ ਹੋਣਾ ਹੈ। ਹਿੰਦੂਆਂ, ਸਿੱਖਾਂ, ਮੁਸਲਮਾਨਾਂ ਤੇ ਈਸਾਈ ਭਾਈਚਾਰੇ ਨੂੰ ਆਪਸ ’ਚ ਲੜਾਇਆ ਜਾ ਰਿਹਾ ਹੈ। ਇਹ ਸਾਰੇ ਭਾਈਚਾਰਿਆਂ ’ਚ ਪਾੜ ਪਾ ਰਹੀ ਹੈ ਪਰ ਇਨ੍ਹਾਂ ਦੀ ਸਿਆਸਤ ਪੰਜਾਬ ’ਚ ਚੱਲਣ ਵਾਲੀ ਨਹੀਂ ਕਿਉਂਕਿ ਸੂਬੇ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਹਨ ਕਿ ਕਿਹੜੀ ਪਾਰਟੀ ਉਨ੍ਹਾਂ ਦੀ ਹਮਦਰਦ ਹੈ।
ਇਹ ਵੀ ਪੜ੍ਹੋ : 48 ਕਰੋੜ ਦੇ ਬੋਗਸ ਬਿਲਿੰਗ ਸਕੈਂਡਲ ਸਬੰਧੀ ਜੀ. ਐੱਸ. ਟੀ. ਵਿਭਾਗ ਨੇ ਪੇਸ਼ ਕੀਤਾ ਚਲਾਨ
ਸਵਾਲ : ਤੁਸੀਂ ਕਹਿੰਦੇ ਹੋ ਕਿ ਭਾਜਪਾ ਨਫਰਤ ਫੈਲਾਉਂਦੀ ਹੈ ਤਾਂ ਫਿਰ ਉਸ ਨਾਲ ਲੰਮਾ ਸਮਾਂ ਗਠਜੋੜ ਕਿਉਂ ਰੱਖਿਆ?
ਜਵਾਬ : ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਏਜੰਡਾ ਸੂਬੇ ’ਚ ਅਮਨ-ਕਾਨੂੰਨ ਤੇ ਸ਼ਾਂਤੀ ਬਣਾਈ ਰੱਖਣਾ ਅਤੇ ਆਪਸੀ ਭਾਈਚਾਰਾ ਹਰ ਹੀਲੇ ਕਾਇਮ ਰੱਖਣਾ ਹੈ। ਇਸੇ ਏਜੰਡੇ ’ਤੇ ਉਸ ਵੇਲੇ ਭਾਜਪਾ ਸਾਡੇ ਨਾਲ ਚੱਲਦੀ ਸੀ ਪਰ ਜਦੋਂ ਦੀ ਭਾਜਪਾ ਨੇ ਕੇਂਦਰ ’ਚ ਮੁੜ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਇਨ੍ਹਾਂ ਦੀ ਰਾਜਨੀਤੀ ਵੱਖਰੀ ਚੱਲ ਰਹੀ ਹੈ, ਜਿਹੜੀ ਦੇਸ਼ ਲਈ ਘਾਤਕ ਹੈ। ਆਨੰਦਪੁਰ ਸਾਹਿਬ ਦਾ ਮਤਾ ਸੂਬਿਆਂ ਨੂੰ ਵਧੇਰੇ ਵਿੱਤੀ ਅਧਿਕਾਰ ਦੇਣ ਦੀ ਵਕਾਲਤ ਕਰਦਾ ਹੈ। ਤੁਸੀਂ ਐੱਨ. ਆਰ. ਟੀ. ਸੀ. ਦੀਆਂ ਕਿਤਾਬਾਂ ਨੂੰ ਲੈ ਲਓ ਜਿਨ੍ਹਾਂ ’ਚ ਸਿੱਖਾਂ ਨੂੰ ਵੱਖਵਾਦੀ ਤੇ ਦੇਸ਼-ਵਿਰੋਧੀ ਦਿਖਾਇਆ ਜਾ ਰਿਹਾ ਹੈ। ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।
ਸਵਾਲ : ਸ਼੍ਰੋਮਣੀ ਅਕਾਲੀ ਦਲ ਪਹਿਲਾਂ ਖੇਤੀ ਬਿੱਲਾਂ ਨੂੰ ਜਾਇਜ਼ ਠਹਿਰਾਉਂਦਾ ਰਿਹਾ ਅਤੇ ਫਿਰ ਇਸ ਮੁੱਦੇ ’ਤੇ ਗਠਜੋੜ ਤੋੜ ਦਿੱਤਾ, ਕਿਉਂ?
ਜਵਾਬ : ਖੇਤੀ ਕਾਨੂੰਨ ਬਣਾਉਣ ਸਮੇਂ ਅਕਾਲੀ ਦਲ ਦੀ ਭਾਈਵਾਲ ਹੋਣ ਦੇ ਨਾਤੇ ਕੋਈ ਰਾਇ ਨਹੀਂ ਲਈ ਗਈ ਪਰ ਜਦੋਂ ਅਕਾਲੀ ਦਲ ਨੇ ਬਿੱਲਾਂ ਦਾ ਵਿਰੋਧ ਕੀਤਾ ਤਾਂ ਭਾਜਪਾ ਨੇ ਕਿਹਾ ਕਿ ਅਜੇ ਤਾਂ ਖਰੜਾ ਹੈ, ਜਦ ਬਿੱਲ ਸੰਸਦ ’ਚ ਜਾਵੇਗਾ, ਉਸ ਤੋਂ ਪਹਿਲਾਂ ਤੁਹਾਡੇ ਨਾਲ ਬੈਠ ਕੇ ਸਾਰੀਆਂ ਉਹ ਮਦਾਂ ਹਟਾ ਦਿੱਤੀਆਂ ਜਾਣਗੀਆਂ ਜਿਹੜੀਆਂ ਅਕਾਲੀ ਦਲ ਨੂੰ ਸੂਟ ਨਹੀਂ ਕਰਨਗੀਆਂ। ਸਾਨੂੰ ਦਿੱਤਾ ਗਿਆ ਭਰੋਸਾ ਅਖੀਰ ’ਚ ਭਾਜਪਾ ਨੇ ਤੋੜ ਦਿੱਤਾ ਅਤੇ ਬਿੱਲ ਸੰਸਦ ’ਚ ਪੇਸ਼ ਕਰ ਦਿੱਤੇ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਦੋਵਾਂ ਸੰਸਦ ਮੈਂਬਰਾਂ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਇਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਤੇ ਵੋਟ ਬਿੱਲਾਂ ਦੇ ਉਲਟ ਪਾਈ ਜਦਕਿ ਦੂਜੀਆਂ ਪਾਰਟੀਆਂ ਵਾਕ-ਆਊਟ ਕਰ ਗਈਆਂ। ਜਦ ਭਾਜਪਾ ਕਿਸਾਨਾਂ ਨੂੰ ਹੀ ਮਾਰਨ ਉੱਤੇ ਤੁਲ ਗਈ ਤਾਂ ਫਿਰ ਬੀਬਾ ਹਰਸਿਮਰਤ ਬਾਦਲ ਨੇ ਅਸਤੀਫਾ ਦੇ ਦਿੱਤਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ 35 ਸਾਲ ਪੁਰਾਣਾ ਗਠਜੋੜ ਤੋੜ ਦਿੱਤਾ। ਇਹ ਸਭ ਕੁਝ ਸੂਬੇ ਦੇ ਕਿਸਾਨਾਂ ਤੇ ਲੋਕਾਂ ਨੂੰ ਬਚਾਉਣ ਲਈ ਹੀ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੂੰ ਤਕੜਾ ਕੀਤਾ ਅਤੇ ਉਦੋਂ ਹੀ ਅਕਾਲੀ ਦਲ ਭਾਜਪਾ ਨਾਲ ਸੀ, ਜਦੋਂ ਇਸ ਦੀਆਂ 2 ਲੋਕ ਸਭਾ ਸੀਟਾਂ ਸਨ। ਅਕਾਲੀ ਦਲ ਨੇ ਵਾਜਪਾਈ ਸਰਕਾਰ ਵੇਲੇ ਬਿਨਾਂ ਸ਼ਰਤ ਹਮਾਇਤ ਦਿੱਤੀ ਪਰ ਹੁਣ ਜਦੋਂ ਇਨ੍ਹਾਂ ਦੀਆਂ 300 ਸੀਟਾਂ ਹੋ ਗਈਆਂ ਤਾਂ ਇਨ੍ਹਾਂ ਨੇ ਅਕਾਲੀ ਦਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਅਕਾਲੀ ਦਲ ਸੱਚੀ-ਮੁੱਚੀ ਰਾਜਨੀਤੀ ਕਰਦਾ ਹੈ।
ਰਿੰਕੂ ਦੀ ਲਾਲਸਾ ਖਿੱਚ ਕੇ ਲੈ ਗਈ
ਆਮ ਆਦਮੀ ਪਾਰਟੀ ’ਚ ਸੁਸ਼ੀਲ ਕੁਮਾਰ ਰਿੰਕੂ ਦੇ ਜਾਣ ਬਾਰੇ ਗੱਲ ਕਰਦਿਆਂ ਡਾ. ਸੁੱਖੀ ਨੇ ਕਿਹਾ ਕਿ ਇਹ ਉਸ ਸੱਤਾ ਦੀ ਲਾਲਸਾ ਹੀ ਹੈ। ਇਹ ਰਿੰਕੂ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਜ਼ਿੰਮੇਵਾਰ ਦੱਸਦਾ ਸੀ ਪਰ ਹੁਣ ਉਸ ਦੀਆਂ ਨਜ਼ਰਾਂ ’ਚ ਉਹ ਪਾਕ-ਸਾਫ ਹੋ ਗਏ ਹਨ। ਰਿੰਕੂ ਨੂੰ ਲੋਕਾਂ ਨੂੰ ਜਵਾਬ ਦੇਣਾ ਪਵੇਗਾ। ਹੁਣ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ‘ਆਪ’ ਕੋਲ ਤਾਂ ਆਪਣਾ ਉਮੀਦਵਾਰ ਵੀ ਨਹੀਂ ਸੀ ਅਤੇ ਇਸ ਕਾਂਗਰਸ ’ਚੋਂ ਪੁੱਟ ਕੇ ਰਿੰਕੂ ਨੂੰ ਉਮੀਦਵਾਰ ਬਣਾਇਆ ਗਿਆ ਜਿਸ ਦਾ ਖਮਿਆਜ਼ਾ ‘ਆਪ’ ਤੇ ਰਿੰਕੂ ਨੂੰ ਇਸ ਚੋਣ ’ਚ ਭੁਗਤਣਾ ਪਵੇਗਾ। ਉਂਝ ਝੂਠ ਦੇ ਸਹਾਰੇ ਰਾਜਨੀਤੀ ਥੋੜ੍ਹੀ ਦੇਰ ਹੀ ਚੱਲਦੀ ਹੈ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ਜਲੰਧਰ ’ਚ ਇਲਾਜ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ
ਬੇਅਦਬੀ ਦਾ ਸਾਨੂੰ ਦੁੱਖ ਪਰ ਕਿਸੇ ਅਕਾਲੀ ਦਾ ਨਾਂ ਨਹੀਂ
ਬੇਅਦਬੀ ਦੇ ਮੁੱਦੇ ’ਤੇ ਸਪਸ਼ਟ ਜਵਾਬ ਦਿੰਦਿਆਂ ਡਾ. ਸੁੱਖੀ ਨੇ ਕਿਹਾ ਕਿ ਕਾਂਗਰਸ ਤੇ ‘ਆਪ’ ਨੇ ਇਸ ਮੁੱਦੇ ’ਤੇ ਖੁੱਲ੍ਹ ਕੇ ਰਾਜਨੀਤੀ ਕੀਤੀ ਹੈ। ਪਹਿਲਾਂ ਕਾਂਗਰਸ ਨੇ ਇਸ ਮੁੱਦੇ ਨੂੰ ਉਭਾਰ ਕੇ ਅਤੇ ਅਕਾਲੀ ਦਲ ਨੂੰ ਬਦਨਾਮ ਕਰ ਕੇ ਸਰਕਾਰ ਬਣਾਈ ਤੇ ‘ਆਪ’ ਨੇ ਵੀ ਇਸ ਮੁੱਦੇ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਉਛਾਲਿਆ ਸੀ ਪਰ ‘ਆਪ’ ਸਰਕਾਰ ਸਮੇਂ ਜਾਂਚ ਕਰ ਰਹੀ ਸਿਟ ਵਲੋਂ ਪੇਸ਼ ਕੀਤੀ ਰਿਪੋਰਟ ’ਚ ਕਿਸੇ ਵੀ ਛੋਟੇ-ਵੱਡੇ ਅਕਾਲੀ ਆਗੂ ਦਾ ਨਾਂ ਸਾਹਮਣੇ ਨਹੀਂ ਆਇਆ। ਜਦ ਸਾਡੀ ਸਰਕਾਰ ਸੀ ਉਦੋਂ ਕਾਂਗਰਸ ਤੇ ‘ਆਪ’ ਨੇ ਹੀ ਸੀ.ਬੀ.ਆਈ. ਜਾਂਚ ਲਈ ਸਰਕਾਰ ’ਤੇ ਦਬਾਅ ਪਾਇਆ ਕਿ ਪੰਜਾਬ ਪੁਲਸ ਠੀਕ ਜਾਂਚ ਨਹੀਂ ਕਰੇਗੀ। ਬਾਦਲ ਸਾਹਿਬ ਨੇ ਜਾਂਚ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤੀ। ਜੇ ਸਾਡੇ ਵਲੋਂ ਜਾਂਚ ਹੁੰਦੀ ਤਾਂ ਉਦੋਂ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਸੀ ਪਰ ਕਾਂਗਰਸ ਤੇ ‘ਆਪ’ ਨੇ ਇਸ ਮੁੱਦੇ ’ਤੇ ਗੰਦੀ ਰਾਜਨੀਤੀ ਕੀਤੀ।
‘ਆਪ’ ਝੂਠ ਦੀ ਰਾਜਨੀਤੀ ’ਤੇ ਆਧਾਰਤ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਲੰਮੇਂ ਹੱਥੀਂ ਲੈਂਦਿਆਂ ਡਾ. ਸੁੱਖੀ ਨੇ ਕਿਹਾ ਕਿ ‘ਆਪ’ ਝੂਠ ਦੇ ਸਹਾਰੇ ਸੱਤਾ ’ਚ ਆਈ ਹੈ। ਇਸ ਦੀ ਇਮਾਨਦਾਰੀ ਦਾ ਇਸ ਚੋਣ ’ਚ ਪਤਾ ਲੱਗ ਜਾਵੇਗਾ। ਸੂਬੇ ’ਚ ਪਹਿਲਾਂ ਨਾਲੋਂ ਕੁਰੱਪਸ਼ਨ ਵਧੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸਿਰਫ ਵਿਜੀਲੈਂਸ ਰਾਹੀਂ ਡਰਾ-ਧਮਕਾ ਕੇ ਰਾਜਸੀ ਆਗੂਆਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਝੂਠ ਤੇ ਨਫਰਤ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਲੋਕ ਸਬਕ ਜ਼ਰੂਰ ਸਿਖਾਉਣਗੇ।
ਅਕਾਲੀ ਦਲ-ਬਸਪਾ ਦਾ ਸੂਰਜ ਚੜ੍ਹੇਗਾ
ਡਾ. ਸੁੱਖੀ ਨੇ ਕਿਹਾ ਕਿ ਜਨਤਾ ਨੇ ਕਾਂਗਰਸ ਤੇ ‘ਆਪ’ ਨੂੰ ਦੇਖ ਲਿਆ ਹੈ ਅਤੇ ਹੁਣ ਅਕਾਲੀ ਦਲ-ਬਸਪਾ ਦਾ ਸੂਰਜ ਚੜ੍ਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਠਜੋੜ ਨੂੰ ਜ਼ਰੂਰ ਮੌਕਾ ਦੇਣ। ਉਨ੍ਹਾਂ ਲੋਕਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਜਿਹੜੀਆਂ ਸਾਡੇ ਕੋਲੋਂ ਗਲਤੀਆਂ ਹੋਈਆਂ, ਉਨ੍ਹਾਂ ਨੂੰ ਅਸੀਂ ਦੂਰ ਕਰਾਂਗੇ ਅਤੇ ਇਹ ਗਠਜੋੜ ਪੰਜਾਬ ਨੂੰ ਬੁਲੰਦੀਆਂ ’ਤੇ ਮੁੜ ਲੈ ਕੇ ਜਾਵੇਗਾ।
ਸਿਆਸਤ ਛੱਡ ਦੇਵਾਂਗਾ : ਜਦੋਂ ਡਾ. ਸੁੱਖੀ ਨੂੰ ਪੁੱਛਿਆ ਗਿਆ ਕਿ ਜੇ ਭਵਿੱਖ ’ਚ ਅਕਾਲੀ ਦਲ ਤੇ ਭਾਜਪਾ ਦਾ ਮੁੜ ਸਮਝੌਤਾ ਹੋਇਆ ਤਾਂ ਫਿਰ? ਇਸ ’ਤੇ ਉਨ੍ਹਾਂ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਹ ਸਿਆਸਤ ਛੱਡ ਦੇਣਗੇ ਅਤੇ ਨਫਰਤ ਦੀ ਰਾਜਨੀਤੀ ਵਾਲਿਆਂ ਨਾਲ ਨਹੀਂ ਜਾਣਗੇ।
ਇਹ ਵੀ ਪੜ੍ਹੋ : ਚੌਧਰੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਬਹੁਤਾ ਅਸਰ ਨਹੀਂ ਦਿਸ ਰਿਹਾ ਕਰਤਾਰਪੁਰ ਦੇ ਕਾਂਗਰਸੀਆਂ ’ਚ\
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਚੰਡੀਗੜ੍ਹ ’ਚ ਕੋਰੋਨਾ ਦੇ ਨਵੇਂ 47 ਮਰੀਜ਼ਾਂ ਦੀ ਪੁਸ਼ਟੀ, ਸਰਗਰਮ ਮਰੀਜ਼ਾਂ ਦੀ ਗਿਣਤੀ 240 ਤੱਕ ਪੁੱਜੀ
NEXT STORY