ਮਾਛੀਵਾੜਾ ਸਾਹਿਬ (ਟੱਕਰ) : ਅੱਜ ਕਰੀਬ 1 ਵਜੇ ਮਾਛੀਵਾੜਾ ਨੇੜਲੇ ਪਿੰਡਾਂ ਵਿਚ ਅਸਮਾਨ ’ਚ ਜਹਾਜ਼ ਵਲੋਂ ਜਦੋਂ ਅੰਗਾਰੇ ਛੱਡੇ ਗਏ ਤਾਂ ਲੋਕਾਂ ਵਿਚ ਸਹਿਮ ਦਾ ਮਾਹੌਲ ਛਾ ਗਿਆ ਤਾਂ ਕਿਸੇ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਜਿਸ ਨੂੰ ਪਾਕਿਸਤਾਨ ਵਲੋਂ ਹਮਲਾ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ। ਅਸਮਾਨ ਵਿਚ ਅੰਗਾਰੇ ਛੱਡਦੇ ਜਹਾਜ਼ ਦੀ ਵੀਡੀਓ ਜਦੋਂ ਵਾਈਰਲ ਹੋਈ ਤਾਂ ਇਹ ਜਹਾਜ਼ ਨੇੜਲੇ ਪਿੰਡ ਕਾਉਂਕੇ, ਅਕਾਲਗੜ੍ਹ, ਛੌੜੀਆਂ ਤੋਂ ਗੁਜ਼ਰ ਰਿਹਾ ਸੀ। ਵੀਡੀਓ ਵਾਈਰਲ ਹੋਣ ਤੋਂ ਬਾਅਦ ਮਾਛੀਵਾੜਾ ਫੋਰਸ ਤੋਂ ਇਲਾਵਾ ਪੁਲਸ ਉੱਚ ਅਧਿਕਾਰੀ ਜਿਸ ਵਿਚ ਐੱਸ.ਐੱਸ.ਪੀ. ਖੰਨਾ ਡਾ. ਜੋਤੀ ਯਾਦਵ, ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਇਨ੍ਹਾਂ ਪਿੰਡਾਂ ਵਿਚ ਮੌਕੇ ’ਤੇ ਪੁੱਜੇ। ਜਹਾਜ਼ ਵਲੋਂ ਅੰਗਾਰੇ ਸੁੱਟਣ ਤੋਂ ਬਾਅਦ ਆਲੇ ਦੁਆਲੇ ਖੇਤਾਂ ਵਿਚ ਵੀ ਤਲਾਸ਼ ਕੀਤੀ ਗਈ ਕਿ ਕਿਤੇ ਕੋਈ ਮਿਜ਼ਾਈਲ ਜਾਂ ਬੰਬਨੁਮਾ ਵਸਤੂ ਤਾਂ ਨਹੀਂ ਡਿੱਗੀ ਪਰ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ।
ਇਹ ਵੀ ਪੜ੍ਹੋ : ਸੰਭਾਵੀ ਖ਼ਤਰੇ ਨੂੰ ਦੇਖਦਿਆਂ ਪੰਜਾਬ ਵਿਚ ਜਾਰੀ ਹੋਈ ਨਵੀਂ ਐਡਵਾਈਜ਼ਰੀ
ਮੌਕੇ ’ਤੇ ਪੁੱਜੇ ਐੱਸ.ਐੱਸ.ਪੀ. ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਕਾਉਂਕੇ ਨੇੜੇ ਅਸਮਾਨ ਵਿਚ ਘੁੰਮਦੇ ਜਹਾਜ਼ ਵਲੋਂ ਅੰਗਾਰੇ ਛੱਡੇ ਗਏ ਹਨ ਤਾਂ ਤੁਰੰਤ ਉਹ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਵਲੋਂ ਏਅਰ ਫੋਰਸ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਅਸਮਾਨ ਵਿਚ ਜੋ ਜਹਾਜ਼ ਵਲੋਂ ਅੰਗਾਰੇ ਛੱਡੇ ਗਏ ਹਨ ਉਹ ਸਿਰਫ ਫੌਜੀ ਅਭਿਆਸ ਹੈ ਅਤੇ ਜਹਾਜ਼ ਵਲੋਂ ਅਜਿਹਾ ਕੁਝ ਨਹੀਂ ਸੁੱਟਿਆ ਗਿਆ ਜਿਸ ਨਾਲ ਲੋਕਾਂ ਦਾ ਜਾਨੀ, ਮਾਲੀ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਲੋਕ ਘਬਰਾਉਣ ਨਾ ਅਤੇ ਨਾ ਹੀ ਅਜਿਹੀਆਂ ਅਫ਼ਵਾਹਾਂ ਫੈਲਾਉਣ ਜਿਸ ਨਾਲ ਆਮ ਜਨਤਾ ਵਿਚ ਸਹਿਮ ਦਾ ਮਾਹੌਲ ਫੈਲੇ। ਐੱਸ.ਐੱਸ.ਪੀ. ਨੇ ਕਿਹਾ ਕਿ ਜੰਗ ਦੇ ਮਾਹੌਲ ਦੌਰਾਨ ਕੋਈ ਵਿਅਕਤੀ ਅਜਿਹੀ ਵੀਡੀਓ ਵਾਈਰਲ ਨਾ ਕਰੇ ਜਿਸ ਨਾਲ ਲੋਕਾਂ ਵਿਚ ਡਰ ਬੈਠੇ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਵਿਚ ਕੋਈ ਘਟਨਾ ਵਾਪਰਦੀ ਹੈ ਤਾਂ ਵੀਡੀਓ ਵਾਈਰਲ ਕਰਨ ਤੋਂ ਪਹਿਲਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ, ਸਹਾਇਕ ਥਾਣੇਦਾਰ ਕਰਨੈਲ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਜੰਗ ਦੇ ਹਾਲਾਤ ਦਰਮਿਆਨ ਪੰਜਾਬ ਦੇ ਇਹ ਟੋਲ ਪਲਾਜ਼ੇ ਕੀਤੇ ਗਏ ਬੰਦ
ਸਾਈਰਨ ਵੱਜੇ ਤਾਂ ਲੋਕ ਆਪਣੇ ਘਰਾਂ ਦੀਆਂ ਲਾਈਟਾਂ ਤੁਰੰਤ ਬੰਦ ਕਰਨ
ਐੱਸ.ਐੱਸ.ਪੀ. ਖੰਨਾ ਡਾ. ਜੋਤੀ ਯਾਦਵ ਨੇ ਕਿਹਾ ਕਿ ਜੰਗ ਦੇ ਮਾਹੌਲ ਦੌਰਾਨ ਲੋਕਾਂ ਨੂੰ ਸੁਚੇਤ ਕਰਨ ਲਈ ਪਹਿਲਾਂ ਹੀ ਬਲੈਕ ਆਊਟ ਕਰਕੇ ਮੌਕਡ੍ਰਿਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਵਿਚ ਕਿਤੇ ਪੁਲਸ ਪ੍ਰਸਾਸ਼ਨ ਸਾਈਰਨ ਵਜਾਏ ਤਾਂ ਬਲੈਕ ਆਊਟ ਹੋਣ ਤੋਂ ਬਾਅਦ ਤੁਰੰਤ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਲਾਈਟਾਂ ਬੰਦ ਕਰਨ ਦਾ ਉਦੇਸ਼ ਇਹ ਹੈ ਕਿ ਜੰਗ ਦੌਰਾਨ ਜੇਕਰ ਦੁਸ਼ਮਣ ਹਵਾਈ ਜਹਾਜ਼ ਨੂੰ ਧਰਤੀ ’ਤੇ ਲਾਈਟ ਨਹੀਂ ਦਿਸੇਗੀ ਤਾਂ ਉਸ ਨੂੰ ਅਬਾਦੀ ਬਾਰੇ ਪਤਾ ਨਹੀਂ ਲੱਗੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਐਮਰਜੈਂਸੀ ਹਾਲਾਤ ਵਿਚ ਲਾਈਟ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਮੱਧਮ ਜਾਂ ਬੈਟਰੀ ਦੀ ਵਰਤੋ ਕਰ ਸਕਦਾ ਹੈ ਪਰ ਉਸ ਦੌਰਾਨ ਕਮਰੇ ਦੇ ਪਰਦੇ ਤੇ ਰੌਸ਼ਨਦਾਨ ਬੰਦ ਹੋਣੇ ਚਾਹੀਦੇ ਹਨ। ਐੱਸ.ਐੱਸ.ਪੀ. ਖੰਨਾ ਨੇ ਕਿਹਾ ਕਿ ਲੋਕ ਘਬਰਾਉਣ ਨਾ, ਪੁਲਸ ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸ਼ਤੈਦ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਜੰਗ ਵਿਚਾਲੇ ਪੰਜਾਬ 'ਚ ਘੁੰਮ ਰਹੇ ਦੋ ਭਿਖਾਰੀਆਂ ਦੀਆਂ ਤਸਵੀਰਾਂ ਜਾਰੀ, ਕੀਤਾ ਗਿਆ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ-ਪਾਕਿ ਦੇ ਤਣਾਅ ਦਰਮਿਆਨ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਕੀਤਾ ਵੱਡਾ ਐਲਾਨ
NEXT STORY