ਅੰਮ੍ਰਿਤਸਰ, (ਦਲਜੀਤ)- ਦੇਸ਼ ਲਈ ਸ਼ਹਾਦਤ ਦੇਣ ਵਾਲੇ ਸ਼ਹੀਦ ਸਤਪਾਲ ਸਿੰਘ ਨੂੰ ਇਨਸਾਫ ਦਿਵਾਉਣ ਲਈ ਇੰਡੀਪੈਂਡੈਂਟ ਸਟੂਡੈਂਟਸ ਫੈੱਡਰੇਸ਼ਨ (ਆਈ. ਐੱਸ. ਐੱਫ.) ਅੱਗੇ ਆਈ ਹੈ। ਫੈੱਡਰੇਸ਼ਨ ਦੇ ਮੁਖੀ ਕੇਸ਼ਵ ਕੋਹਲੀ ਦੀ ਅਗਵਾਈ 'ਚ ਅੱਜ ਹਾਲ ਗੇਟ ਤੋਂ ਲੈ ਕੇ ਜਲਿਆਂਵਾਲਾ ਬਾਗ ਤੱਕ ਸਤਪਾਲ ਸਿੰਘ ਨੂੰ ਇਨਸਾਫ ਦਿਵਾਉਣ ਲਈ ਵਿਸ਼ਾਲ ਸ਼ਾਂਤੀ ਮਾਰਚ ਕੱਢਿਆ ਗਿਆ, ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਸ਼ਵ ਕੋਹਲੀ ਨੇ ਕਿਹਾ ਕਿ ਸ਼ਹੀਦ ਸਤਪਾਲ ਪਿੰਡ ਡਡਵਾਲ ਧਾਰੀਵਾਲ ਦਾ ਰਹਿਣ ਵਾਲਾ ਸੀ ਤੇ ਭਾਰਤੀ ਇੰਟੈਲੀਜੈਂਸ ਏਜੰਸੀ ਲਈ ਕੰਮ ਕਰਦਾ ਸੀ, ਇਸ ਦੇ ਲਈ ਉਹ ਅਕਸਰ ਪਾਕਿਸਤਾਨ ਜਾਂਦਾ ਸੀ। ਮਾਰਚ 1999 ਨੂੰ ਉਹ ਪਾਕਿਸਤਾਨ ਵਿਚ ਜਾਸੂਸੀ ਦੇ ਦੋਸ਼ ਵਿਚ ਫੜਿਆ ਗਿਆ ਤੇ ਉਸ ਨੂੰ ਪਾਕਿਸਤਾਨ ਦੀ ਕੋਟ ਲਖਪਤ ਜੇਲ 'ਚ ਬੰਦ ਕਰ ਦਿੱਤਾ ਗਿਆ। ਸਰੀਰਕ ਤਸੀਹਿਆਂ ਕਾਰਨ ਉਸ ਦੀ 21 ਮਾਰਚ 2000 ਨੂੰ ਮੌਤ ਹੋ ਗਈ। 2 ਮਹੀਨਿਆਂ ਬਾਅਦ ਉਸ ਦੀ ਲਾਸ਼ ਉਸ ਦੇ ਪਿੰਡ ਡਡਵਾਲ ਭਾਰਤ ਵਿਚ ਲਿਆਂਦੀ ਗਈ। ਸਸਕਾਰ ਸਮੇਂ ਲੀਡਰਾਂ ਅਤੇ ਪੰਜਾਬ ਸਰਕਾਰ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। 17 ਸਾਲ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਭਾਰਤ ਸਰਕਾਰ ਨੇ ਇਸ ਪੀੜਤ ਪਰਿਵਾਰ ਦੀ ਸਾਰ ਲਈ। ਸ਼ਹੀਦ ਸਤਪਾਲ ਦੀ ਪਤਨੀ ਦਾ ਦਿਹਾਂਤ ਹੋ ਚੁੱਕਾ ਹੈ। ਉਸ ਦੀਆਂ 2 ਧੀਆਂ ਘਰਾਂ ਵਿਚ ਭਾਂਡੇ ਸਾਫ ਕਰ ਕੇ ਗੁਜ਼ਾਰਾ ਕਰ ਰਹੀਆਂ ਹਨ ਤੇ ਪੁੱਤਰ ਰੰਗ-ਰੋਗਨ ਕਰ ਕੇ ਪੇਟ ਪਾਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਸਤਪਾਲ ਦੇ ਪਰਿਵਾਰ ਨੂੰ ਇਨਸਾਫ ਦਿਵਾ ਕੇ ਰਹਾਂਗੇ। ਡੀ. ਸੀ. ਸਾਹਿਬ ਜ਼ਰੀਏ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਮੰਗ ਪੱਤਰ ਭੇਜ ਦਿੱਤਾ ਗਿਆ ਹੈ। ਛੇਤੀ ਹੀ ਸੁਣਵਾਈ ਨਾ ਹੋਈ ਤਾਂ ਵਿਦਿਆਰਥੀ ਸੰਗਠਨ ਵੱਲੋਂ ਸੰਘਰਸ਼ ਹੋਰ ਤੇਜ਼ ਹੋਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਸੰਦੀਪ ਸਿੰਘ ਸੰਨੀ, ਯਾਦਵਿੰਦਰ, ਸਰਬਜੀਤ ਸਿੰਘ ਜਗਤਪੁਰੀਆ, ਕਰਨ ਜੋਸ਼ੀ, ਰਾਹੁਲ ਆਹੂਜਾ, ਪੱਪੂ ਕੇਸ਼ੋਰਾਮ, ਰਾਮ ਪਹਿਲਵਾਨ, ਟਿੰਕੂ, ਭਿੰਦਰ, ਸੁਸ਼ੀਲ ਕੁਮਾਰ, ਜੋਤਾ ਸਿੰਘ, ਐਂਟੀ-ਕ੍ਰਾਈਮ ਐਨੀਮਲ ਪ੍ਰੋਟੈਕਸ਼ਨ ਦੇ ਚੇਅਰਮੈਨ ਡਾ. ਰੋਹਨ ਮਹਿਰਾ, ਕਾਰਤਿਕ ਸ਼ੇਰ, ਸੋਨੀਆ ਤੇ ਹੋਰ ਹਾਜ਼ਰ ਸਨ।
ਮੁੱਖ ਸੜਕਾਂ ਨਾਲ ਨਗਰ ਕੌਂਸਲ ਦੀ ਹਦੂਦ 'ਚ ਕੀਤੇ ਜਾ ਰਹੇ ਨੇ ਕਬਜ਼ੇ
NEXT STORY