ਅੰਮ੍ਰਿਤਸਰ (ਨੀਰਜ)- ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਕੱਕੜ ਜਿਸ ’ਚ ਬੀ. ਓ. ਪੀ. ਰੀਅਰ ਕੱਕੜ ਅਤੇ ਹੋਰ ਇਲਾਕਾ ਆਉਂਦਾ ਹੈ, ਉਸ ’ਚ ਗਲਤ ਤਾਰਬੰਦੀ ਕਾਰਨ ਕਿਸਾਨਾਂ ਦੀ 2000 ਏਕੜ ਜ਼ਮੀਨ ਤਾਰ ਦੇ ਪਾਰ ਜਾ ਚੁੱਕੀ ਹੈ। ਇਸ ਕਾਰਨ ਜਿੱਥੇ ਕਿਸਾਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੈ, ਉਥੇ ਸੁਰੱਖਿਆ ਏਜੰਸੀਆਂ ਜਿਸ ’ਚ ਬੀ. ਐੱਸ. ਐੱਫ. ਅਤੇ ਹੋਰ ਏਜੰਸੀਆਂ ਨੂੰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਪ੍ਰਵੇਸ਼ ਰੋਕਣ ਲਈ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉੱਪਰੋਂ ਇਨ੍ਹੀਂ ਦਿਨੀਂ ਇਲਾਕੇ ’ਚ ਪਾਕਿਸਤਾਨ ਵੱਲੋਂ ਛੱਡੇ ਜਾ ਰਹੇ ਚਾਇਨੀਜ਼ ਡਰੋਨ ਵੀ ਬੀ. ਐੱਸ. ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਲਈ ਸਿਰਦਰਦੀ ਦੀ ਕਾਰਨ ਬਣ ਚੁੱਕੇ ਹਨ। ਹਾਲ ਹੀ ’ਚ ਬੱਚੀਵਿੰਡ ਇਲਾਕੇ ’ਚ ਟਿਫਨ ਬੰਬ ਅਤੇ ਗ੍ਰੇਨੇਡ ਮਿਲਣ ਤੋਂ ਬਾਅਦ ਹਾਲਾਤ ਹੋਰ ਜ਼ਿਆਦਾ ਨਾਜ਼ੁਕ ਹੋ ਚੁੱਕੇ ਹਨ।
ਇਸ ਸਬੰਧੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਮੇਤ ਸੁਰੱਖਿਆ ਏਜੰਸੀਆਂ ਦੇ ਕਈ ਉੱਚ ਅਧਿਕਾਰੀਆਂ ਵੱਲੋਂ ਵੀ ਦਿੱਲੀ ਹਾਊਸ ’ਚ ਇਹ ਮੁੱਦਾ ਚੁੱਕਿਆ ਜਾ ਚੁੱਕਾ ਹੈ। ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ। ਗਲਤ ਤਾਰਬੰਦੀ ਨੂੰ ਠੀਕ ਕੀਤਾ ਜਾਵੇ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ। ਔਜਲਾ ਵੱਲੋਂ ਦੱਸਿਆ ਗਿਆ ਸੀ ਕਿ ਸਰਹੱਦ ਪਿੱਲਰ ਨੰਬਰ 95/5ਐੱਸ ਤੋਂ ਲੈ ਕੇ ਪਿੱਲਰ ਨੰਬਰ 95/7ਜੀ ਦੇ ਇਲਾਕੇ ’ਚ ਬਾਰਡਰ ਫੈਂਸਿੰਗ ਆਪਣੀ ਠੀਕ ਜਗ੍ਹਾ ’ਤੇ ਨਹੀਂ ਲੱਗੀ ਹੈ, ਜਿਸ ਕਾਰਨ ਕਿਸਾਨਾਂ ਦੀ ਜ਼ਮੀਨ ਜੋ 2 ਹਜ਼ਾਰ ਏਕੜ ਤੋਂ ਜ਼ਿਆਦਾ ਹੈ, ਫੈਂਸਿੰਗ ਦੇ ਪਾਰ ਚੱਲੀ ਜਾਂਦੀ ਹੈ। ਇਸ ਜ਼ਮੀਨ ’ਤੇ ਖੇਤੀ ਕਰਨ ਲਈ ਕਿਸਾਨਾਂ ਨੂੰ ਫੈਂਸਿੰਗ ਦੇ ਪਾਰ ਜਾਣਾ ਪੈਂਦਾ ਹੈ, ਜਿੱਥੇ ਹਰ ਰੋਜ਼ ਬੀ. ਐੱਸ. ਐੱਫ. ਤੋਂ ਇਜ਼ਾਜਤ ਲੈਣੀ ਪੈਂਦੀ ਹੈ ਅਤੇ ਨਿਰਧਾਰਿਤ ਸਮੇਂ ’ਚ ਬੀ. ਐੱਸ. ਐੱਫ. ਦੀ ਨਿਗਰਾਨੀ ’ਚ ਖੇਤੀ ਕੀਤੀ ਜਾਂਦੀ ਹੈ। ਇਸ ਇਲਾਕੇ ’ਚ ਸਮੱਗਲਰਾਂ ਦੀਆਂ ਗਤੀਵਿਧੀਆਂ ਵੀ ਕਾਫ਼ੀ ਸਰਗਰਮ ਹਨ।
ਬਾਰਡਰ ਫੈਂਸਿੰਗ ਦੇ ਨਾਲ ਕੱਚਾ ਰਸਤਾ ਬੀ. ਐੱਸ. ਐੱਫ. ਲਈ ਬਣਿਆ ਮੁਸੀਬਤ
ਜ਼ਿਲ੍ਹੇ ਦੇ 125 ਕਿਲੋਮੀਟਰ ਬਾਰਡਰ ਸਮੇਤ ਪੰਜਾਬ ਦੇ 553 ਕਿਲੋਮੀਟਰ ਲੰਬੇ ਬਾਰਡਰ ਫੈਂਸਿੰਗ ਦੇ ਨਾਲ ਕੱਚਾ ਰਸਤਾ ਹੈ, ਜਿਥੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਮੀਂਹ ਦੇ ਦਿਨਾਂ ’ਚ ਪੈਟਰੋਲਿੰਗ ਕਰਨ ਅਤੇ ਚੌਕਸੀ ਕਰਨ ’ਚ ਸਮੱਸਿਆ ਆਉਂਦੀ ਹੈ। ਰਾਜਸਥਾਨ ’ਚ ਫੈਂਸਿੰਗ ਦੇ ਨਾਲ ਪੱਕਾ ਰਸਤਾ ਹੈ, ਜਿਥੇ ਬੀ. ਐੱਸ. ਐੱਫ. ਅਤੇ ਫੌਜ ਦੇ ਵਾਹਨ ਆਸਾਨੀ ਨਾਲ ਗਸ਼ਤ ਕਰ ਸਕਦੇ ਹਨ। ਮੀਂਹ ਦਾ ਪਾਣੀ ਇਸ ਕੱਚੇ ਰਸਤੇ ’ਚ ਭਰ ਜਾਣ ਨਾਲ ਇਥੇ ਸੱਪ ਵੀ ਨਿਕਲਦੇ ਹਨ। ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਗਸ਼ਤ ਕਰਨ ’ਚ ਭਾਰੀ ਮੁਸ਼ਕਿਲ ਆਉਂਦੀ ਹੈ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੇ ਇਕ-ਇਕ ਜਵਾਨ ਕੋਲ ਗਸ਼ਤ ਕਰਨ ਲਈ 500 ਮੀਟਰ ਦਾ ਇਲਾਕਾ ਹੁੰਦਾ ਹੈ। ਸੰਸਦ ਮੈਂਬਰ ਔਜਲਾ ਵੱਲੋਂ ਮੰਗ ਕੀਤੀ ਗਈ ਸੀ ਕਿ ਫੈਂਸਿੰਗ ਦੇ ਨਾਲ ਲੱਗਦੇ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਜਾਵੇ।
ਡਿਫੈਂਸ ਪੁਲੀਆਂ ਦੀ ਹਾਲਤ ਖਸਤਾ, ਡਰੇਨ ’ਚ ਡਿੱਗਣ ਨਾਲ ਮਾਰੇ ਗਏ ਸਨ ਮਾਸੂਮ ਬੱਚੇ
ਬਾਰਡਰ ਫੈਂਸਿੰਗ ਦੇ ਬਿਲਕੁੱਲ 200 ਤੋਂ 300 ਮੀਟਰ ਪਿੱਛੇ ਫੌਜ ਵੱਲੋਂ ਬਣਾਈ ਗਈ ਡਿਫੈਂਸ ਡਰੇਨ ਅਤੇ ਇਸ ਦੇ ਉੱਪਰ ਬਣੀ ਪੁਲੀਆਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ ਅਤੇ ਨਾ ਹੀ ਸਿਵਲ ਪ੍ਰਸ਼ਾਸਨ ਵੱਲੋਂ ਇਨ੍ਹਾਂ ਪੁਲੀਆਂ ਨੂੰ ਠੀਕ ਕਰਵਾਇਆ ਜਾਂਦਾ ਹੈ। ਕੁਝ ਪੁਲੀਆਂ ’ਚ ਤਾਂ ਰੇਲਿੰਗ ਤੱਕ ਨਹੀਂ ਹੈ। ਕੁਝ ਸਾਲ ਪਹਿਲਾਂ ਹੀ ਬੀ. ਓ. ਪੀ. ਮੁਹਾਵਾ ਦੇ ਇਲਾਕੇ ’ਚ ਰੇਲਿੰਗ ਨਾ ਹੋਣ ਕਾਰਨ ਇਕ ਸਕੂਲ ਵੈਨ ਪੁਲੀ ਪਾਰ ਕਰਦੇ ਹੋਏ ਡਿਫੈਂਸ ਡਰੇਨ ’ਚ ਜਾ ਡਿੱਗੀ ਸੀ, ਜਿੱਥੇ ਕਈ ਮਾਸੂਮ ਬੱਚਿਆਂ ਦੀ ਜਾਨ ਚੱਲੀ ਗਈ ਸੀ। ਇਸ ਦੇ ਬਾਵਜੂਦ ਇਨ੍ਹਾਂ ਪੁਲੀਆਂ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ ਹੈ।
ਰਾਵੀ ਦੇ ਨਾਲ ਅਤੇ ਦਰਿਆ ਪਾਰ ਖੇਤੀ ਕਰਨ ਵਾਲੇ ਕਿਸਾਨ ਵੀ ਪ੍ਰੇਸ਼ਾਨ
ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕੇ ਅਜਨਾਲਾ ਇਲਾਕੇ ’ਚ ਰੁੜ੍ਹਣ ਵਾਲੇ ਰਾਵੀ ਦਰਿਆ ਕੋਲ ਅਤੇ ਰਾਵੀ ਦਰਿਆ ਦੇ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਕਈ ਵਾਰ ਰਾਵੀ ਦਰਿਆ ਦੇ ਪਾਣੀ ਸੈਂਕੜੇ ਏਕੜ ਫ਼ਸਲ ਨੂੰ ਆਪਣੇ ਲਪੇਟ ’ਚ ਲੈ ਲੈਂਦਾ ਹੈ। ਦਰਿਆ ਦੇ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਨੂੰ ਬੀ. ਐੱਸ. ਐੱਫ. ਦੀ ਨਿਗਰਾਨੀ ’ਚ ਖੇਤੀ ਕਰਨੀ ਪੈਂਦੀ ਹੈ ਇਸਦੇ ਇਲਾਵਾ ਕਿਸਾਨਾਂ ਨੂੰ ਦਰਿਆ ਪਾਰ ਲਿਜਾਣ ਲਈ ਕਸ਼ਤੀਆਂ ਵੀ ਘੱਟ ਹਨ। ਪਿਛਲੇ ਮਹੀਨੇ ਇਸ ਇਲਾਕੇ ’ਚ ਦੋ ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਜੰਮੂ-ਕਸ਼ਮੀਰ ਤੋਂ ਆ ਗਿਆ ਸੀ, ਜਿਸ ਨਾਲ ਹੜ੍ਹ ਸੰਭਾਵਿਕ 65 ਪਿੰਡਾਂ ’ਚ ਅਲਰਟ ਕਰ ਦਿੱਤਾ ਗਿਆ ਪਰ ਸ਼ੁਕਰ ਹੈ ਕਿ ਇਹ ਪਾਣੀ ਸਿੱਧਾ ਪਾਕਿਸਤਾਨ ਵੱਲੋਂ ਨਿਕਲ ਗਿਆ ਅਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਸਮੱਗਲਰਾਂ ਦਾ ਗੜ੍ਹ ਬਣ ਚੁੱਕੇ ਹਨ ਅਜਨਾਲਾ ਨਾਲ ਲੱਗਦੇ ਕੁਝ ਇਲਾਕੇ
ਕੱਕੜ ਇਲਾਕੇ ’ਚ ਗਲਤ ਤਾਰਬੰਦੀ ਨਾਲ-ਨਾਲ ਬੀ. ਓ. ਪੀ. ਰੀਅਰ ਕੱਕੜ ਅਤੇ ਅਜਨਾਲਾ ਇਲਾਕੇ ਨਾਲ ਲੱਗਦੇ ਕੁਝ ਸਰਹੱਦੀ ਇਲਾਕੇ ਇਸ ਸਮੇਂ ਸਮੱਗਲਰਾਂ ਦਾ ਗੜ੍ਹ ਬਣ ਚੁੱਕੇ ਹਨ, ਕਿਉਂਕਿ ਇਥੇ ਕੁਝ ਇਲਾਕਿਆਂ ’ਚ ਰਾਵੀ ਦਰਿਆ ਹੋਣ ਕਾਰਨ ਤਾਰਬੰਦੀ ਨਹੀਂ। ਕਈ ਸਥਾਨਾਂ ’ਤੇ ਰਾਵੀ ਦਰਿਆ ਜਿਗਜੈਗ ਵੱਲੋਂ ਘੁੰਮਦਾ ਹੈ। ਇਨ੍ਹਾਂ ਇਲਾਕਿਆਂ ’ਚ ਕਈ ਸੰਵੇਦਨਸ਼ੀਲ ਬੀ. ਓ. ਪੀਜ਼ ਹਨ, ਜਿਥੇ ਬੀ. ਐੱਸ. ਐੱਫ. ਨੂੰ ਭਾਰੀ ਨਫਰੀ ਤਾਇਨਾਤ ਕਰਨੀ ਪੈਂਦੀ ਹੈ। ਇਸ ਇਲਾਕੇ ’ਚ ਪਿਛਲੇ ਇਕ ਮਹੀਨੇ ਦੌਰਾਨ ਸਮੱਗਲਿੰਗ ਦੇ 6 ਮਾਮਲੇ ਫੜੇ ਜਾ ਚੁੱਕੇ ਹਨ। ਕੁਝ ਕਿਸਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਇਥੋਂ ਤੱਕ ਕਿ ਇਸ ਰੇਂਜ ’ਚ ਹਵੇਲੀਆ ਨਾਮਕ ਇਲਾਕਾ ਤਾਂ ਸਮੱਗਲਰਾਂ ਦਾ ਇਲਾਕਾ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਇਸ ਇਲਾਕੇ ’ਚ ਤਾਰਬੰਦੀ ਦਰੁਸਤ ਕਰਨ ਅਤੇ ਸੁਰੱਖਿਆ ਪ੍ਰਬੰਧ ਅਤੇ ਜ਼ਿਆਦਾ ਮਜ਼ਬੂਤ ਕਰਨ ਲਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ। ਬਾਰਡਰ ਫੈਂਸਿੰਗ ਦੇ ਨਾਲ ਲੱਗਦੀਆਂ ਕੰਡਮ ਪੁਲੀਆਂ ਕਾਰਨ ਜੰਗ ਦੇ ਹਾਲਾਤ ’ਚ ਫੌਜ ਨੂੰ ਕੰਡਮ ਪੁਲੀਆਂ ਕਾਰਨ ਭਾਰੀ ਵਾਹਨ ਕੱਢਣ ’ਚ ਪ੍ਰੇਸ਼ਾਨੀ ਆ ਸਕਦੀ ਹੈ।
ਨਵਜੋਤ ਸਿੱਧੂ ਨੇ ਬਿਜਲੀ ਸਮਝੌਤਿਆਂ 'ਤੇ ਮੁੜ ਕੀਤਾ ਟਵੀਟ, ਦੱਸਿਆ ਕਿੰਝ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ
NEXT STORY