ਨਥਾਣਾ (ਬੱਜੋਆਣੀਆਂ)-ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਥਾਣਾ ਨਥਾਣਾ ਨੂੰ ਘੇਰ ਕੇ ਸੜਕ ਜਾਮ ਕੀਤੀ ਗਈ। ਯੂਨੀਅਨ ਵੱਲੋਂ ਇਹ ਧਰਨਾ ਪਿੰਡ ਸੇਮਾ ਕਲਾਂ ਦੀ ਲੜਕੀ ਅਮਨਦੀਪ ਕੌਰ ਪੁੱਤਰੀ ਹਰਬੰਸ ਸਿੰਘ ਦੀ ਖੁਦਕੁਸ਼ੀ 'ਚ ਨਾਮਜ਼ਦ ਕੀਤੇ ਗਏ ਉਸ ਦੇ ਪਤੀ, ਜੇਠ, ਜੇਠਾਨੀ ਅਤੇ ਸੱਸ ਨੂੰ ਗ੍ਰਿਫਤਾਰ ਕਰਵਾਉਣ ਲਈ ਦਿੱਤਾ ਗਿਆ। ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਮਨਦੀਪ ਕੌਰ ਦੀ ਮੌਤ ਦੇ ਜ਼ਿੰਮੇਵਾਰ ਉਸ ਦੇ ਸਹੁਰੇ ਪਰਿਵਾਰ ਦੇ ਜਿਨ੍ਹਾਂ ਮੈਂਬਰਾਂ ਵਿਰੁੱਧ ਧਾਰਾ 306 ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਪੁਲਸ ਗ੍ਰਿਫਤਾਰ ਕਰਨ ਦੀ ਬਜਾਏ ਪੀੜਤ ਪਰਿਵਾਰ ਨੂੰ ਹੀ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਥਾਣਾ ਨਥਾਣਾ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਥਾਣਾ ਨਥਾਣਾ ਦੇ ਖੇਤਰ ਵਿਚ ਕਿਸਾਨਾਂ ਦੇ ਟਿਊਬਵੈੱਲਾਂ ਤੋਂ ਟਰਾਂਸਫਾਰਮਰਾਂ ਅਤੇ ਕੇਬਲਾਂ ਦੀਆਂ ਅਣਗਿਣਤ ਚੋਰੀਆਂ ਹੋਈਆਂ ਹਨ ਅਤੇ ਜ਼ਿਲਾ ਪ੍ਰਸ਼ਾਸਨ ਇਸ ਨੂੰ ਦਰਸ਼ਕ ਬਣ ਕੇ ਹੀ ਦੇਖਦਾ ਹੈ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੁਲਸ ਦੀ ਕਾਰਗੁਜ਼ਾਰੀ ਨੂੰ ਦਰੁਸਤ ਬਣਾਉਣ ਲਈ ਉਹ ਵੱਡੇ ਘੋਲ ਲੜਨ ਤੋਂ ਵੀ ਪਿੱਛੇ ਨਹੀਂ ਹਟਣਗੇ। ਦੂਜੇ ਪਾਸੇ ਚੱਲ ਰਹੇ ਧਰਨੇ ਦੌਰਾਨ ਥਾਣਾ ਨਥਾਣਾ ਦੇ ਐੱਸ. ਐੱਚ. ਓ. ਨੇ ਲੋਕਾਂ ਦੇ ਇਕੱਠ ਨੂੰ ਭਰੋਸਾ ਦਿਵਾਇਆ ਕਿ ਅਮਨਦੀਪ ਕੌਰ ਦੀ ਮੌਤ ਦੇ ਜ਼ਿੰਮੇਵਾਰ ਕਥਿਤ ਦੋਸ਼ੀਆਂ ਨੂੰ 24 ਘੰਟੇ ਦੇ ਅੰਦਰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਧਰਨੇ ਨੂੰ ਬੀ. ਕੇ. ਯੂ. ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਜੀਤ ਸਿੰਘ ਰਾਮਪੁਰਾ, ਬਲਵਿੰਦਰ ਸਿੰਘ ਜੇਠੂਕੇ, ਜਗਜੀਤ ਸਿੰਘ ਜੱਗਾ ਭੁੱਚੋ ਖੁਰਦ, ਬੂਟਾ ਸਿੰਘ ਤੁੰਗਵਾਲੀ, ਸੁਰਜੀਤ ਸਿੰਘ ਸੇਮਾ, ਗੁਰਚਰਨ ਸਿੰਘ, ਪੱਪੀ ਸਿੰਘ ਅਤੇ ਸਿੱਧੂਪੁਰ ਗਰੁੱਪ ਦੇ ਆਗੂ ਕਰਨੈਲ ਸਿੰਘ ਨੇ ਸੰਬੋਧਨ ਕੀਤਾ।
ਅਮਰੀਕਾ ਤੋਂ ਆਏ ਗੋਰੇ ਨੇ ਗਾਂਧੀ ਦੀਆਂ ਸਿੱਖਿਆਵਾਂ ਦਾ ਕੀਤਾ ਪ੍ਰਚਾਰ (ਵੀਡੀਓ)
NEXT STORY