ਸਰਦੂਲਗੜ੍ਹ (ਚੋਪੜਾ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ਵਿਚ ਪਿੰਡ ਸੰਘਾ ਵਿਖੇ ਨਰਿੰਦਰ ਸਿੰਘ ਦੇ ਘਰ ਅੱਗੇ ਧਰਨਾ ਲਾਇਆ, ਜਿਸ ਨੂੰ ਦੇਰ ਸ਼ਾਮ ਐੱਸ. ਐੱਚ. ਓ. ਗੁਰਦੀਪ ਸਿੰਘ ਦਿਓਲ ਦੇ ਭਰੋਸਾ ਦੇਣ ਤੋਂ ਬਾਅਦ ਚੁੱਕ ਦਿੱਤਾ ਗਿਆ।
ਧਰਨਾਕਾਰੀਆਂ ਨੇ ਨਰਿੰਦਰ ਸਿੰਘ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉੁਸ ਨੇ ਗੁਰਸੇਵਕ ਸਿੰਘ ਵਾਸੀ ਪਿੰਡ ਢਿੱਲਵਾਂ, ਤਿਰਲੋਚਨ ਸਿੰਘ ਅਤੇ ਹਰਭਜਨ ਸਿੰਘ ਵਾਸੀ ਪਿੰਡ ਭੈਣੀਬਾਘਾ ਤੋਂ ਵਿਦੇਸ਼ ਭੇਜਣ ਦੇ ਲਈ 10 ਲੱਖ ਰੁਪਏ ਲਏ ਸਨ ਪਰ ਦੋ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਦੀ ਰਕਮ ਵਾਪਸ ਮੋੜੀ ਗਈ। ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ 'ਤੇ ਸਾਨੂੰ ਮਜਬੂਰ ਹੋ ਕੇ ਘਰ ਅੱਗੇ ਧਰਨਾ ਲਾਉਣਾ ਪੈ ਰਿਹਾ ਹੈ। ਕਿਸਾਨ ਆਗੂ ਮਹਿੰਦਰ ਸਿੰਘ, ਉਤਮ ਸਿੰਘ, ਚਾਨਣ ਸਿੰਘ ਅਤੇ ਭਾਨ ਸਿੰਘ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਨਰਿੰਦਰ ਸਿੰਘ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਸਭ ਝੂਠ ਦਾ ਪੁਲੰਦਾ ਹੈ ਜਦੋਂਕਿ ਉਸ ਨੇ ਆਪਣੇ ਭਰਾ ਨੂੰ ਵਿਦੇਸ਼ ਭੇਜਣ ਲਈ ਉਕਤ ਵਿਅਕਤੀਆਂ ਦੇ ਰਿਸ਼ਤੇਦਾਰ ਗੁਰਮੁੱਖ ਸਿੰਘ ਵਾਸੀ ਫਤਿਆਬਾਦ ਨੂੰ ਪੰਜ ਲੱਖ ਰੁਪਏ ਦਿੱਤੇ ਹੋਏ ਹਨ ਅਤੇ ਉਸ ਵਿਰੁੱਧ ਥਾਣਾ ਸਰਦੂਲਗੜ੍ਹ ਵਿਖੇ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੇ ਮੇਰੇ ਘਰ ਅੱਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੈਰਕਾਨੂੰਨੀ ਢੰਗ ਨਾਲ ਧਰਨਾ ਲਾਇਆ ਹੋਇਆ ਹੈ ਜਦੋਂਕਿ ਮੇਰੇ ਬੱਚਿਆਂ ਦੇ ਪੇਪਰ ਹੋ ਰਹੇ ਹਨ ਅਤੇ ਉਹ ਆਪਣੀ ਪੜ੍ਹਾਈ ਲਈ ਟਿਊਸ਼ਨ ਵੀ ਨਹੀਂ ਜਾ ਸਕੇ ਅਤੇ ਸਾਨੂੰ ਘਰ ਵਿਚ ਬੰਦੀ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਧਰਨਾਕਾਰੀ ਉਕਤ ਵਿਅਕਤੀ 'ਤੇ ਦਰਜ ਪਰਚਾ ਰੱਦ ਕਰਵਾਉਣ ਲਈ ਮੇਰੇ ਅਤੇ ਮੇਰੇ ਪਰਿਵਾਰ 'ਤੇ ਦਬਾਅ ਬਣਾ ਰਹੇ ਹਨ ਅਤੇ ਇਨ੍ਹਾਂ ਵਿਅਕਤੀਆਂ ਨਾਲ ਮੇਰਾ ਕੋਈ ਲੈਣ-ਦੇਣ ਨਹੀਂ ਹੈ।
ਇਸ ਬਾਰੇ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਕਿਸਾਨੀ ਕਰਜੇ ਕੀਤੇ ਮੁਆਫ : ਮੋਫਰ
NEXT STORY